
ਭਿੰਡ (ਮੱਧ ਪ੍ਰਦੇਸ਼), 5 ਸਤੰਬਰ:
ਇਥੋਂ ਦੀ ਇਕ ਪੰਚਾਇਤ ਨੇ ਤੁਗ਼ਲਕੀ ਫ਼ੁਰਮਾਨ ਜਾਰੀ ਕਰਦਿਆਂ 60 ਸਾਲਾ ਇਕ ਮਹਿਲਾ ਨੂੰ ਇਹ
ਆਦੇਸ਼ ਦਿਤਾ ਕਿ ਉਹ ਸੱਤ ਦਿਨਾਂ ਲਈ ਪਿੰਡ ਤੋਂ ਬਾਹਰ ਭੀਖ ਮੰਗੇ ਅਤੇ ਅਪਣਾ ਪਾਪ ਧੋੜ ਵਿਚ
ਗੰਗਾ ਵਿਚ ਡੁਬਕੀ ਲਗਾਵੇ।
ਜ਼ਿਕਰਯੋਗ ਹੈ ਕਿ ਸ੍ਰੀਵਾਸ ਨਗਰ ਵਿਚ ਰਹਿਣ ਵਾਲੀ
ਕਮਲੇਸ਼ੀ ਦੇਵੀ ਦੇ ਹਥੋਂ ਗ਼ਲਤੀ ਨਾਲ ਇਕ ਬੱਛੜਾ ਮਾਰਿਆ ਗਿਆ ਸੀ। ਜਾਣਕਾਰੀ ਅਨੁਸਾਰ ਬੀਤੇ
ਸ਼ੁਕਰਵਾਰ ਨੂੰ ਕਮਲੇਸ਼ੀ ਦੇਵੀ ਇਕ ਖੱਡ ਵਿਚ ਡਿੱਗੇ ਬੱਛੜੇ ਨੂੰ ਰੱਸੀ ਨਾਲ ਬਚਾਉਣ ਦੀ
ਕੋਸ਼ਿਸ਼ ਕਰ ਰਹੀ ਸੀ ਕਿ ਰੱਸੀ ਕਾਰਨ ਬੱਛੜੇ ਦਾ ਗਲਾ ਘੁਟਿਆ ਗਿਆ ਜਿਸ ਕਾਰਨ ਬੱਛੜੇ ਦੀ
ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਸ੍ਰੀਵਾਸ ਭਾਈਚਾਰੇ ਨੇ ਪੰਚਾਇਤ ਸੱਦੀ ਅਤੇ ਪੰਚਾਇਤ
ਨੇ ਮਹਿਲਾ ਨੂੰ ਆਦੇਸ਼ ਦਿਤਾ ਕਿ ਉਹ ਅਪਣੀ ਭੁੱਲ ਬਖ਼ਸ਼ਾਉਣ ਲਈ ਪਿੰਡ ਦੇ ਬਾਹਰ ਸੱਤ ਦਿਨ ਲਈ
ਭੀਖ ਮੰਗੇ। 60 ਸਾਲਾ ਵਿਧਵਾ ਕਮਲੇਸ਼ ਦੇਵੀ ਨੂੰ ਇਹ ਵੀ ਕਿਹਾ ਗਿਆ ਕਿ ਉਹ ਗੰਗਾ ਵਿਚ
ਡੁਬਕੀ ਲਗਾਵੇ ਅਤੇ ਕੁੜੀਆਂ ਨੂੰ ਖਾਣਾ ਖਵਾਏ।
ਕਾਰਪੋਰੇਟਰ ਮੁਕੇਸ਼ ਗਰਗ ਨੇ ਕਿਹਾ ਕਿ
ਪੰਚਾਇਤ ਵਲੋਂ ਸੁਣਾਇਆ ਗਿਆ ਇਹ ਫ਼ੈਸਲਾ ਗ਼ੈਰ ਮਨੁੱਖੀ ਅਤੇ ਗ਼ੈਰ ਕਾਨੂੰਨੀ ਹੈ। ਮੌਜੂਦਾ
ਸਮੇਂ ਵਿਚ ਅਜਿਹੇ ਤੁਗਲਕੀ ਫ਼ੁਰਮਾਨਾਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਪੁਲਿਸ
ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ। ਪੰਚਾਇਤ ਦਾ ਫ਼ੈਸਲਾ ਸੁਣਨ ਤੋਂ ਬਾਅਦ
ਕਮਲੇਸ਼ੀ ਦੇਵੀ ਬੇਹੋਸ਼ ਹੋ ਗਈ ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਕਮਲੇਸ਼ੀ ਦੇਵੀ
ਦੇ ਪੁੱਤਰ ਅਨਿਲ ਸ੍ਰੀਵਾਸ ਨੇ ਕਿਹਾ ਕਿ ਉਸ ਦੀ ਮਾਂ ਕੋਲੋਂ ਭੁੱਲ ਹੋਈ ਹੈ ਪਰ ਉਹ ਅਪਣੇ
ਵਲੋਂ ਤਾਂ ਬੱਛੜੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਗ਼ਲਤੀ ਨਾਲ ਬੱਛੜਾ ਮਾਰਿਆ
ਗਿਆ, ਇਸ ਲਈ ਪੰਚਾਇਤ ਨੂੰ ਧਾਰਮਕ ਰੀਤੀ-ਰਿਵਾਜਾਂ ਅਨੁਸਾਰ ਹੀ ਸਜ਼ਾ ਦੇਣੀ ਚਾਹੀਦੀ ਹੈ।
(ਪੀ.ਟੀ.ਆਈ.)