
ਮੱਲਿਕਾਰਜੁਨ ਖੜਗੇ 'ਤੇ ਬੋਲੇ ਥਰੂਰ - ਸਾਡੇ ਵਿਚਕਾਰ ਕੋਈ ਜੰਗ ਨਹੀਂ ਹੈ
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਨੂੰ ਲੈ ਕੇ ਗਹਿਮਾ-ਗਹਿਮੀ ਕਾਫੀ ਵੱਧ ਗਈ ਹੈ। ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ, ਸ਼ਸ਼ੀ ਥਰੂਰ ਅਤੇ ਕੇਐਨ ਤ੍ਰਿਪਾਠੀ ਨੇ ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਹੁਣ ਤੱਕ ਇਹ ਮੁਕਾਬਲਾ ਤਿਕੋਣਾ ਹੀ ਰਿਹਾ ਹੈ ਪਰ ਅਸਲ ਲੜਾਈ ਖੜਗੇ ਅਤੇ ਥਰੂਰ ਵਿਚਾਲੇ ਹੀ ਮੰਨੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਕੇਐਨ ਤ੍ਰਿਪਾਠੀ ਦਾ ਨਾਮਜ਼ਦਗੀ ਪੱਤਰ ਰੱਦ ਹੋ ਗਿਆ ਹੈ।
ਇਸ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਖੜਗੇ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕਾਂਗਰਸ ਵਰਕਰ ਪਾਰਟੀ ਦੀ ਕਾਰਜਸ਼ੈਲੀ 'ਚ ਬਦਲਾਅ ਲਿਆਉਣਾ ਚਾਹੁੰਦੇ ਹਨ ਤਾਂ ਉਹ ਮੈਨੂੰ ਵੋਟ ਦੇਣ। ਉਨ੍ਹਾਂ ਕਿਹਾ ਕਿ ਸਾਰੇ ਫੈਸਲੇ ਇਸ ਸਮੇਂ ਦਿੱਲੀ ਵਿੱਚ ਲਏ ਜਾ ਰਹੇ ਹਨ। ਮੈਂ ਇਸਨੂੰ ਬਦਲਣਾ ਚਾਹੁੰਦਾ ਹਾਂ। ਜਦੋਂ ਤੱਕ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਤਾਕਤ ਨਹੀਂ ਮਿਲੇਗੀ, ਕੋਈ ਬਦਲਾਅ ਨਹੀਂ ਹੋਵੇਗਾ।
ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਕੋਈ ਜੰਗ ਨਹੀਂ ਹੈ। ਅਸੀਂ ਪੁਰਾਣੇ ਸਹਿਯੋਗੀ ਹਾਂ। ਅਸੀਂ ਲੋਕ ਸਭਾ ਵਿੱਚ ਇਕੱਠੇ ਕੰਮ ਕੀਤਾ ਹੈ। ਚੋਣਾਂ ਤੋਂ ਬਾਅਦ ਵੀ ਅਸੀਂ ਮਿਲ ਕੇ ਅਜਿਹਾ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਭਾਵੇਂ ਚੋਣਾਂ ਲੜ ਰਹੇ ਹਾਂ ਪਰ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਦਿੱਤੇ ਸੰਦੇਸ਼, ਪਾਰਟੀ ਦੀ ਵਿਚਾਰਧਾਰਾ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਸਾਡੇ ਕੰਮ ਕਰਨ ਦੇ ਤਰੀਕੇ ਵਿੱਚ ਨਿਸ਼ਚਿਤ ਰੂਪ ਵਿੱਚ ਬਦਲਾਅ ਹੋਵੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਕੌਣ ਬਣੇਗਾ, ਇਹ ਫੈਸਲਾ ਵਰਕਰਾਂ ਨੂੰ ਕਰਨ ਦਿਓ। ਜੇਕਰ ਸਾਰਿਆਂ ਨੂੰ ਲੱਗਦਾ ਹੈ ਕਿ ਪਾਰਟੀ ਠੀਕ ਚੱਲ ਰਹੀ ਹੈ ਤਾਂ ਖੜਗੇ ਸਾਬ੍ਹ ਨੂੰ ਹੀ ਵੋਟ ਦਿਓ। ਥਰੂਰ ਨੇ ਕਿਹਾ, ਕਾਂਗਰਸ ਜੋ ਅੰਦਰੂਨੀ ਲੋਕਤੰਤਰ ਦਿਖਾ ਰਹੀ ਹੈ ਉਹ ਕਿਸੇ ਹੋਰ ਪਾਰਟੀ ਵਿੱਚ ਮੌਜੂਦ ਨਹੀਂ ਹੈ। ਜਦੋਂ ਚੋਣ ਦਾ ਐਲਾਨ ਹੋਇਆ ਤਾਂ ਮੇਰਾ ਇਰਾਦਾ ਚੋਣ ਲੜਨ ਦਾ ਸੀ। ਮੈਂ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੋਣਾਂ ਪਾਰਟੀ ਲਈ ਚੰਗੀਆਂ ਹਨ ਅਤੇ ਇਸ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ।
ਉਧਰ ਮੱਲਿਕਾਰਜੁਨ ਖੜਗੇ ਨੇ ਆਪਣੇ ਨਾਮਜ਼ਦਗੀ ਪੱਤਰਾਂ ਦੇ ਨਾਲ 14 ਪੰਨਿਆਂ ਵਿੱਚ ਪ੍ਰਸਤਾਵਕਾਂ ਦੀ ਸੂਚੀ ਸੌਂਪੀ ਹੈ। ਉਨ੍ਹਾਂ ਦੇ ਪ੍ਰਸਤਾਵਕਾਂ ਵਿੱਚ ਅਸ਼ੋਕ ਗਹਿਲੋਤ, ਦਿਗਵਿਜੇ ਸਿੰਘ, ਪ੍ਰਮੋਦ ਤਿਵਾਰੀ, ਮਨੀਸ਼ ਤਿਵਾੜੀ, ਆਨੰਦ ਸ਼ਰਮਾ, ਪੀਐਮ ਪੂਨੀਆ ਵਰਗੇ ਵੱਡੇ ਨਾਮ ਸ਼ਾਮਲ ਹਨ। ਕੁੱਲ 30 ਦਿੱਗਜ ਨੇਤਾਵਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ।