Punjab Politics: ਪੰਜਾਬ ਦੇ ਸਰਵੋਤਮ ਸਿਆਸੀ ਬੁਲਾਰੇ
Published : Jun 2, 2024, 11:00 am IST
Updated : Jun 2, 2024, 11:00 am IST
SHARE ARTICLE
File Photo
File Photo

ਆਮਤੌਰ ’ਤੇ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਸਿਆਸਤਦਾਨਾਂ ਅਤੇ ਸਿਆਸੀ ਬੁਲਾਰਿਆਂ ਦੀ ਨਰਸਰੀ ਰਹੀ ਹੈ।

Punjab Politics: ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਦੰਗਲ ਭਖਿਆ ਹੋਇਆ ਹੈ। ਪੰਜਾਬ ਦਾ ਵੀ ਸਿਆਸੀ ਵਾਤਵਰਣ ਗਰਮ ਹੈ ਪ੍ਰੰਤੂ ਚੰਗੇ ਬੁਲਾਰਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਵਰਤਮਾਨ ਬੁਲਾਰਿਆਂ ਦਾ ਸਿਰਫ਼ ਦੁਸ਼ਣਬਾਜ਼ੀ ’ਤੇ ਹੀ ਜ਼ੋਰ ਹੈ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੂਟਾ ਸਿੰਘ ਅਤੇ ਜਸਵੀਰ ਸਿੰਘ ਸੰਗਰੂਰ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

ਜਗਮੀਤ ਸਿੰਘ ਬਰਾੜ ਚੁੱਪ ਹਨ, ਬਲਵੰਤ ਸਿੰਘ ਰਾਮੂਵਾਲੀਆ ਉਤਰ ਪ੍ਰਦੇਸ਼ ਵਿਚ ਮਸਰੂਫ਼ ਹਨ, ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰ ਰਹੇ ਹਨ । ਪ੍ਰਮੁੱਖ ਬੁਲਾਰਿਆਂ ਵਿਚੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਖਪਾਲ ਸਿੰਘ ਖਹਿਰਾ ਹੀ ਚੋਣ ਮੈਦਾਨ ਵਿਚ ਗਰਜ ਰਹੇ ਹਨ। ਪੰਜਾਬ ਦੇ ਸਿਆਸਤਦਾਨ ਦੇਸ਼ ਦੀ ਸਿਆਸਤ ਵਿਚ ਹਮੇਸ਼ਾ ਹੀ ਨਾਮਣਾ ਖਟਦੇ ਰਹੇ ਹਨ।

ਆਮਤੌਰ ’ਤੇ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਸਿਆਸਤਦਾਨਾਂ ਅਤੇ ਸਿਆਸੀ ਬੁਲਾਰਿਆਂ ਦੀ ਨਰਸਰੀ ਰਹੀ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਥੋੜੀ ਦੇਰ ਬਾਅਦ ਅਕਾਲੀ ਅਤੇ ਕਾਂਗਰਸੀ ਇਕੱਠੇ ਰਲ ਕੇ ਚੋਣਾ ਲੜਦੇ ਰਹੇ ਹਨ। ਅਕਾਲੀ ਦਲ ਸਿਆਸੀ ਪਾਰਟੀ ਨਹੀਂ ਸੀ, ਇਸ ਲਈ ਕਾਂਗਰਸ ਪਾਰਟੀ ਦੇ ਟਿਕਟ ’ਤੇ ਚੋਣਾ ਲੜਦੇ ਸਨ। ਇਥੋਂ ਤਕ ਕਿ ਕਾਂਗਰਸ ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ।

ਭਾਵ ਇਕੋ ਸਮੇਂ ਦੋਵੇਂ ਅਹੁਦਿਆਂ ’ਤੇ ਰਹੇ ਹਨ। ਪੰਜਾਬ ਦੀ ਸਿਆਸਤ ਵਿਚ ਸਭ ਤੋਂ ਵਧੀਆ ਬੁਲਾਰੇ ਅਕਾਲੀ ਦਲ ਵਿਚੋਂ ਟ੍ਰੇਨਿੰਗ ਲੈ ਕੇ ਆਏ ਹੋਏ ਹਨ। ਮੇਰਾ ਇਥੇ ਇਹ ਦੱਸਣ ਦਾ ਭਾਵ ਹੈ ਕਿ ਅਕਾਲੀ ਦਲ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ ਅਤੇ ਇਸ ਦੇ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਪ੍ਰਬੁੱਧ ਵਿਆਖਿਆਕਾਰ ਬਣਦੇ ਹਨ। ਪ੍ਰਮੁੱਖ ਬੁਲਾਰਿਆਂ ਵਿਚ ਗਿਆਨੀ ਜ਼ੈਲ ਸਿੰਘ, ਸਰਦਾਰ ਬੂਟਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ, ਬੀਰ ਦਵਿੰਦਰ ਸਿੰਘ, ਜਗਮੀਤ ਸਿੰਘ ਬਰਾੜ ਅਤੇ ਜਸਵੀਰ ਸਿੰਘ ਸੰਗਰੂਰ ਆਦਿ ਵਰਣਨਯੋਗ ਹਨ।

ਇਨ੍ਹਾਂ ਸਾਰੇ ਸਿਆਸਤਦਾਨਾਂ ਦੀ ਵਿਰਾਸਤ ਅਕਾਲੀ ਦਲ ਰਿਹਾ ਹੈ। ਇਨ੍ਹਾਂ ਵਿਚ ਹਰ ਨਵਾਂ ਬੁਲਾਰਾ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਇਆ ਹੈ, ਜਿਹੜਾ ਲੱਛੇਦਾਰ ਵਿਸ਼ੇਸ਼ਣਾ ਦਾ ਸਹਾਰਾ ਲੈਂਦਾ ਹੈ ਪ੍ਰੰਤੂ ਸੰਜੀਦਗੀ ਦੀ ਘਾਟ ਮਹਿਸੂਸ ਹੁੰਦੀ ਹੈ। ਭਾਵੇਂ ਇਨ੍ਹਾਂ ਵਿਚੋਂ ਕੁਝ ਕੁ ਕਿਸੇ ਇਕ ਪਾਰਟੀ ਵਿਚ ਟਿਕ ਕੇ ਰਹਿ ਨਹੀਂ ਸਕੇ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਬੂਟਾ ਸਿੰਘ ਧਾਰਮਕ ਸ਼ਬਦਾਵਲੀ ਦਾ ਸਹਾਰਾ ਲੈਂਦਾ ਸੀ। ਗਿਆਨੀ ਜ਼ੈਲ ਸਿੰਘ ਸਾਹਿਤਕ ਪਿਉਂਦ ਵੀ ਦੇ ਦਿੰਦੇ ਸਨ। ਇਹ ਵੀ ਜ਼ਰੂਰੀ ਨਹੀਂ ਰਿਹਾ ਕਿ ਸਰਵੋਤਮ ਬੁਲਾਰੇ ਸਿਆਸੀ ਪਿੜ ਵਿਚ ਸਫ਼ਲ ਹੋਏ ਹੋਣ।

ਜਥੇਦਾਰ ਗੁਰਚਰਨ ਸਿੰਘ ਟੌਹੜਾ ਧਾਰਮਕ ਖੇਤਰ ਵਿਚ ਵਧੇਰੇ ਸਫ਼ਲ ਰਹੇ ਹਨ। ਸਿਆਸਤ ਵਿਚ ਸਫ਼ਲਤਾ ਲਈ ਬੁਲਾਰੇ ਹੋਣ ਤੋਂ ਇਲਾਵਾ ਤਿਗੜਮਬਾਜ਼ੀ ਜ਼ਰੂਰੀ ਸਾਬਤ ਹੁੰਦੀ ਹੈ। ਸਿਰਫ਼ ਚਾਰ-ਪੰਜ ਬੁਲਾਰੇ ਸਰਵੋਤਮ ਬੁਲਾਰਿਆਂ ਦੀ ਸ਼ੇਣੀ ਵਿਚ ਮੇਰੀ ਸਮਝ ਮੁਤਾਬਕ ਆਉਂਦੇ ਹਨ, ਉਨ੍ਹਾਂ ਵਿਚ ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਜਗਮੀਤ ਸਿੰਘ ਬਰਾੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਹਨ।

ਬੀਰ ਦਵਿੰਦਰ ਸਿੰਘ ਪਿਛਲੇ ਸਾਲ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ। ਵਰਤਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਚੰਗਾ ਬੁਲਾਰਾ ਹੈ ਪਰੰਤੂ ਉਸ ਦਾ ਭਾਸ਼ਣ ਹਿਊਮਰ ਕਰ ਕੇ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ ਸਰਵੋਤਮ ਸਿਆਸੀ ਬੁਲਾਰਿਆਂ ਦੀ ਸੂਚੀ ਵਿਚ ਸ਼ਾਮਲ ਹੋਣ ਲਈ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਸਿਆਸਤ ਵਿਚ ਸੰਜੀਦਗੀ ਵੀ ਅਤਿਅੰਤ ਜ਼ਰੂਰੀ ਹੁੰਦੀ ਹੈ।

ਮੇਰਾ ਭਾਵ ਇਹ ਵੀ ਨਹੀਂ ਹੈ ਕਿ ਬਾਕੀ ਸਿਆਸਤਦਾਨ ਚੰਗੇ ਬੁਲਾਰੇ ਨਹੀਂ ਹਨ। ਇਹ ਮੇਰੇ ਵਰਗਿਆਂ ਦੇ ਲਿਖਣ ਨਾਲ ਚੰਗੇ ਮਾੜੇ ਨਹੀਂ ਬਣਦੇ। ਸਰਵੋਤਮ ਬੁਲਾਰੇ ਤਾਂ ਅਪਣੇ ਆਪ ਸਮਾਜ ’ਤੇ ਪ੍ਰਭਾਵ ਪਾ ਕੇ ਸਿਆਸੀ ਮੈਦਾਨ ਵਿਚ ਨਾਮਣਾ ਖੱਟਦੇ ਹਨ। ਸਰੋਤੇ ਉਨ੍ਹਾਂ ਨੂੰ ਸੁਣ ਕੇ ਅਸ਼-ਅਸ਼ ਕਰ ਉਠਦੇ ਹਨ। ਇਨ੍ਹਾਂ ਵਿਚੋਂ ਦੋ ਬੀਰ ਦਵਿੰਦਰ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਟਕਸਾਲ ਦੀ ਪੈਦਾਇਸ਼ ਹਨ। ਉਨ੍ਹਾਂ ਤੋਂ ਸਿਆਸੀ ਗੁੜ੍ਹਤੀ ਅਤੇ ਸਿਖਿਆ ਲੈ ਕੇ ਸਿਆਸੀ ਮੈਦਾਨ ਵਿਚ ਨਿਤਰੇ ਹਨ।

ਭਾਵੇਂ ਬਾਅਦ ਵਿਚ ਇਹ ਦੋਵੇਂ ਜਥੇਦਾਰ ਟੌਹੜਾ ਦੀ ਟਕਸਾਲ ਵਿਚੋਂ ਬਾਹਰ ਆ ਗਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਸਰਦਾਰ ਬੀਰ ਦਵਿੰਦਰ ਸਿੰਘ ਨੂੰ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖੁਦ ਕਾਂਗਰਸ ਪਾਰਟੀ ਵਿਚ ਸਿਆਸੀ ਖਲਾਅ ਭਰਨ ਲਈ ਭੇਜਿਆ ਸੀ। ਇਨ੍ਹਾਂ ਸਾਰਿਆਂ ਵਿਚੋਂ ਬੀਰ ਦਵਿੰਦਰ ਸਿੰਘ ਦੀ ਕਾਬਲੀਅਤ ਵਰਣਨਯੋਗ ਹੈ।

ਉਨ੍ਹਾਂ ਦੀ ਹਰ ਖੇਤਰ ਦੀ ਜਾਣਕਾਰੀ ਵਿਸ਼ਾਲ ਹੁੰਦੀ ਸੀ, ਜਿਵੇਂ ਇਤਿਹਾਸ, ਸਾਹਿਤ, ਵਿਰਾਸਤ ਅਤੇ ਸਾਰੇ ਧਰਮਾ ਦੀ ਡੂੰਘਾਈ ਤਕ ਜਾਣਕਾਰੀ। ਉਨ੍ਹਾਂ ਦਾ ਪਿੰਡ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਪਵਿਤਰ ਧਰਤੀ ਦੇ ਨਜ਼ਦੀਕ ਹੋਣ ਕਰ ਕੇ, ਉਨ੍ਹਾਂ ਨੂੰ ਰੂਹਾਨੀ ਤਾਕਤ ਮਿਲਦੀ ਰਹੀ। ਉਹ ਅੰਗਰੇਜ਼ੀ ਭਾਸ਼ਾ ਦੇ ਵੀ ਚੰਗੇ ਗਿਆਤਾ ਸਨ। ਜਦੋਂ ਉਹ ਉਦਾਹਰਣਾਂ ਦੇਣ ਲਗਦੇ ਸਨ ਤਾਂ ਕਈ ਵਾਰ ਇਵੇਂ ਲਗਦਾ ਸੀ ਜਿਵੇਂ ਉਨ੍ਹਾਂ ਦੀ ਜਾਣਕਾਰੀ ਦਾ ਖ਼ਜ਼ਾਨਾ ਅਥਾਹ ਹੋਵੇ। ਧਾਰਮਕ ਉਦਾਹਰਣਾਂ ਦੇਣ ਸਮੇਂ ਉਹ ਅਧਿਆਤਮਕ ਰੂਹਾਨੀ ਵਿਦਵਾਨ ਲੱਗਦੇ ਸਨ।

ਉਹ ਅਪਣੀ ਭਾਸ਼ਣ ਕਲਾ ਨਾਲ ਸਰੋਤਿਆਂ ਨੂੰ ਅਜਿਹੇ ਢੰਗ ਨਾਲ ਕੀਲ ਲੈਂਦੇ ਸਨ ਕਿ ਸਰੋਤੇ ਉਨ੍ਹਾਂ ਦੇ ਸ਼ਬਦਾਂ ਦੇ ਵਹਿਣ ਵਿਚ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿ ਤੁਰਦੇ ਸਨ। ਉਦਾਹਰਣਾ, ਲੁਕੋਕਤੀਆਂ, ਵਿਸ਼ੇਸ਼ਣ, ਕੁਟੇਸ਼ਨਾ, ਧਾਰਮਕ ਅਤੇ ਸਾਹਿਤਕ ਤੁਕਾਂ ਉਨ੍ਹਾਂ ਦੇ ਭਾਸ਼ਣ ਨੂੰ ਰਸਦਾਇਕ ਬਣਾ ਦਿੰਦੀਆਂ ਸਨ। ਉਹ ਦਬੰਗ ਸਿਆਸਤਦਾਨ ਸਨ ਪਰੰਤੂ ਉਨ੍ਹਾਂ ਦਾ ਰਾਹ ਸਿਆਸਤਦਾਨ ਰੋਕਦੇ ਰਹੇ ਤਾਂ ਜੋ ਕਿਤੇ ਉਨ੍ਹਾਂ ਨੂੰ ਮਾਤ ਨਾ ਪਾ ਜਾਣ। ਬਲਵੰਤ ਸਿੰਘ ਰਾਮੂਵਾਲੀਆ ਵੀ ਬਿਹਤਰੀਨ ਬੁਲਾਰੇ ਹਨ। ਉਨ੍ਹਾਂ ਦੀ ਵਿਰਾਸਤ ਵੀ ਧਾਰਮਕ ਹੈ।

ਉਹ ਸ਼ਾਤਰ ਸਿਆਸਤਦਾਨ ਹਨ। ਪਰੰਤੂ ਉਹ ਵੀ ਕਿਸੇ ਇਕ ਪਾਰਟੀ ਨਾਲ ਜੁੜ ਕੇ ਨਹੀਂ ਰਹਿ ਸਕੇ। ਉਹ ਅਪਣੀ ਭਾਸ਼ਣ ਦੀ ਕਲਾ ਕਰ ਕੇ ਵੱਖੋ-ਵੱਖਰੀਆਂ ਪਾਰਟੀਆਂ ਦੀ ਸਿਆਸੀ ਤਾਕਤ ਦਾ ਆਨੰਦ ਮਾਣਦੇ ਰਹਿੰਦੇ ਹਨ। ਜਗਮੀਤ ਸਿੰਘ ਬਰਾੜ ਅਪਣੇ ਪਿਤਾ ਦੀ ਟਕਸਾਲ ਵਿਚੋਂ ਸਿਆਸੀ ਗੁੜ੍ਹਤੀ ਲੈ ਕੇ ਸਿਆਸਤ ਵਿਚ ਆਏ ਹਨ ਪਰੰਤੂ ਉਨ੍ਹਾਂ ਦੀ ਤ੍ਰਾਸਦੀ ਵੀ ਇਹੋ ਹੈ ਕਿ ਉਹ ਕਿਸੇ ਇਕ ਪਾਰਟੀ ਵਿਚ ਟਿਕ ਨਹੀਂ ਸਕੇ। ਉਨ੍ਹਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਹੈ ਪ੍ਰੰਤੂ ਬੇਬਾਕ ਸਿਆਸਤਦਾਨ ਹੋਣ ਕਰ ਕੇ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਨੇ ਆਪੋ ਅਪਣੇ ਭਵਿਖ ਨੂੰ ਖ਼ਤਰੇ ਵਿਚ ਮਹਿਸੂਸ ਕਰਦਿਆਂ ਬਰਦਾਸ਼ਤ ਨਹੀਂ ਕੀਤਾ। ਆਰਥਕ ਤੌਰ ’ਤੇ ਬਹੁਤਾ ਤਾਕਤਵਰ ਨਾ ਹੋਣਾ ਵੀ ਉਨ੍ਹਾਂ ਦੀ ਸਿਆਸਤ ਦੇ ਰਸਤੇ ਵਿਚ ਰੁਕਾਵਟ ਬਣਿਆ ਹੈ।

ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਿਆਸਤ ਵਿਚ ਤਰਜੀਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਦਿਤੀ। ਵੈਸੇ ਵੀ ਉਨ੍ਹਾਂ ਦਾ ਪਿੰਡ ਵੀ ਧਾਰਮਕ ਤੌਰ ’ਤੇ ਜਾਗ੍ਰਤ ਇਲਾਕੇ ਵਿਚ ਪੈਂਦਾ ਹੈ, ਜਿਥੋਂ ਧਾਰਮਕ ਰੌਸ਼ਨੀ ਦੀ ਚਿਣਗ ਮਿਲਦੀ ਰਹੀ। ਸਿਆਸੀ ਪਿੜ ਵਿਚ ਉਤਾਰਨ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਉਨ੍ਹਾਂ ਤੋਂ ਮੂੰਹ ਮੋੜ ਗਏ ਸਨ। ਸੁਖਪਾਲ ਸਿੰਘ ਖਹਿਰਾ ਕੋਲ ਦਲੀਲ ਹੁੰਦੀ ਹੈ, ਤੱਥਾਂ ‘ਤੇ ਅਧਾਰਤ ਗੱਲ ਕਰਦਾ ਹੈ ਪ੍ਰੰਤੂ ਲੱਛੇਦਾਰ ਸ਼ਬਦਾਵਲੀ ਦੀ ਘਾਟ ਰੜਕਦੀ ਹੈ। ਸਿਆਸਤਦਾਨਾਂ ਨੂੰ ਪ੍ਰਬੁੱਧ ਬੁਲਾਰਾ ਬਣਨ ਲਈ ਇਤਿਹਾਸ ਅਤੇ ਧਾਰਮਕ ਗ੍ਰੰਥ ਪੜ੍ਹ ਕੇ ਅਪਣੀ ਜਾਣਕਾਰੀ ਵਿਚ ਵਾਧਾ ਕਰਨਾ ਚਾਹੀਦਾ ਹੈ।

ਤੂਹਮਤਾਂ ਲਗਾ ਕੇ ਚੰਗਾ ਬੁਲਾਰਾ ਨਹੀਂ ਬਣਿਆਂ ਜਾ ਸਕਦਾ। ਤੱਥਾਂ ’ਤੇ ਆਧਾਰਤ ਦਲੀਲ ਦੇਣ ਨਾਲ ਸਾਰਥਕਤਾ ਬਣਦੀ ਹੈ। ਇਸ ਲਈ ਸਿਆਸਤਦਾਨਾ ਦੀ ਨਵੀਂ ਪਨੀਰੀ ਨੂੰ ਸਰਵੋਤਮ ਬੁਲਾਰਿਆਂ ਦੇ ਭਾਸ਼ਣ ਸੁਣ ਕੇ ਉਨ੍ਹਾਂ ਦੀ ਤਰਜ ’ਤੇ ਭਾਸ਼ਣ ਦੇਣ ਦੀ ਕਲਾ ਸਿੱਖਣੀ ਚਾਹੀਦੀ ਹੈ। ਗੁਮਰਾਹਕੁਨ ਵਿਚਾਰ ਬੁਲਾਰਿਆਂ ਦੀ ਕਲਾ ਨੂੰ ਗ੍ਰਹਿਣ ਲਗਾਉਂਦੇ ਹਨ, ਬੇਸ਼ਕ ਵਕਤੀ ਤੌਰ ’ਤੇ ਉਹ ਲੋਕਾਂ ਦੀ ਸ਼ਾਵਾ ਵਾਹਵਾ ਲੈਣ ਵਿਚ ਸਫ਼ਲ ਹੋ ਜਾਣ ਪ੍ਰੰਤੂ ਅਪਣਾ ਕਿਰਦਾਰ ਉਘਾੜਨ ਵਿਚ ਅਸਫ਼ਲ ਰਹਿਣਗੇ।

ਉਜਾਗਰ ਸਿੰਘ
ਮੋ. 94178 13072

 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement