
ਮੌਜੂਦਾ ਮੰਤਰੀ ਕੇਵਲ ਲਾਰੇ ਲਾਉਂਦੇ ਹਨ, ਸਿਆਸਤ ਇਕ ਕਮਾਈ ਦਾ ਸਾਧਨ ਬਣਿਆ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਸੰਯੁਕਤ ਹਿੰਦੂ ਮਹਾਂ ਸਭਾ ਦੇ ਝੰਡੇ ਹੇਠ ਪੰਜਾਬ ਵਿਚ ‘ਹਿੰਦੂ ਵੋਟ ਪੱਤਾ’ ਖੇਡਣ ਦੀ ਮਨਸ਼ਾ ਵਾਲੇ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਅੱਜ ਪੰਜਾਬ ਭਵਨ ਵਿਚ ਹਿੰਦੂ ਜਥੇਬੰਦੀਆਂ ਦੇ ਸਿਰਕੱਢ ਨੇਤਾਵਾਂ ਦੀ ਵੱਡੀ ਬੈਠਕ ਕੀਤੀ ਜਿਸ ਵਿਚ ਬਤੌਰ ਮੁੱਖ ਮਹਿਮਾਨ ਬੁਲਾਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੁਲ੍ਹ ਕੇ ਪਿਛਲੇ 25 ਸਾਲਾਂ ਵਿਚ ਸਿਆਸੀ ਨੇਤਾਵਾਂ ਦੀਆਂ ਕਰਤੂਤਾਂ ਨੂੰ ਭੰਡਿਆ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਾਸਤੇ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਲਈ ਹੋਕਾ ਦਿਤਾ।
ਪਿਛਲੀ 23 ਜੁਲਾਈ ਨੂੰ ਕਾਂਗਰਸੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਉਪਰੰਤ ਵਿਵਾਦਾਂ ਵਿਚ ਘਿਰੇ ਸਿੱਧੂ ਨੇ 28 ਸਤੰਬਰ ਨੂੰ ਅਸਤੀਫ਼ਾ ਦੇ ਦਿਤਾ, ਦੋ ਵਾਰ ਅਪਣੀ ਹਾਈਕਮਾਂਡ ਕੋਲ ਦਿੱਲੀ ਗਏ ਸਿੱਧੂ ਨੇ 35 ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਈ ਰਖਿਆ ਹੈ। ਅੱਜ ਵੀ ਸਥਿਤੀ ਸਪੱਸ਼ਟ ਨਹੀਂ ਕੀਤੀ ਕਿ ਅਸਤੀਫ਼ਾ ਵਾਪਸ ਲੈਣਾ ਹੈ ਜਾਂ ਨਹੀਂ। ਅਸ਼ਵਨੀ ਸੇਖੜੀ ਦੀ ਇਸ ਪ੍ਰਭਾਵਸ਼ਾਲੀ ਸਟੇਜ ਤੋਂ ਨਵਜੋਤ ਸਿੱਧੂ ਨੇ ਸਪਸ਼ਟ ਕਿਹਾ,‘‘ਗੁੰਡਾ ਤੰਤਰ ਤੇ ਭੈਅ ਤੰਤਰ ਸਮੇਤ ਨਕਦ ਨਰਾਇਣ ਯਾਨੀ ਰਿਸ਼ਵਤਖੋਰੀ ਵਾਲਾ ਇਕ ਮੁੱਖ ਮੰਤਰੀ ਲਾਹ ਦਿਤਾ ਹੈ, ਦੂਜਾ ਥੋੜ੍ਹੀ ਦੇਰ ਲਈ ਆਇਆ ਹੈ ਅਤੇ ਅਗਲੀਆਂ ਚੋਣਾਂ ਮੌਕੇ ‘ਮੈਂ ਹੂੰ ਨਾ’ ਯਾਨੀ ‘ਹੁਣ ਹੋਰ ਕੋਈ ਨਹੀਂ, ਮੇਰੇ ਬਿਨਾਂ।’
Navjot Singh Sidhu
ਨਵਜੋਤ ਸਿੱਧੂ ਨੇ ਹਿੰਦੂ ਨੇਤਾਵਾਂ ਰਾਹੀਂ ਵੋਟਰਾਂ ਨੂੰ ਨਸੀਹਤ ਦਿਤੀ ਕਿ ਇਕਜੁੱਟ ਹੋ ਕੇ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰੋ, ਐਤਕੀਂ ਚੋਣਾਂ ਵਿਚ ਗਰਾਸ ਰੂਟਰ ਕਾਮਯਾਬ ਕਰਨੇ ਹਨ ਨਾ ਕਿ ‘ਪੈਰਾ ਸ਼ੂਟਰ’ ਯਾਨੀ ਜ਼ਮੀਨ ਨਾਲ ਜੁੜੇ ਕਾਂਗਰਸੀ ਵਰਕਰ ਅਤੇ ਨੇਤਾ ਜਿੱਤਣਗੇ ਅਤੇ ਬਾਹਰੋਂ ਲਏ ਉਮੀਦਵਾਰ ਹਾਰਨਗੇ।
ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਨਵਜੋਤ ਸਿੱਧੂ ਨੇ ਖੁਲ੍ਹ ਕੇ ਕਿਹਾ ਕਿ ਖ਼ਜ਼ਾਨਾ ਭਰਿਆ ਹੋਣ ਦਾ ਦਾਅਵਾ ਝੂਠ ਹੈ, ਲਾਰੇ ਲਾਉਣਾ ਠੀਕ ਨਹੀਂ ਹੈ, ‘‘ਇਹ ਵੀ ਕਰ ਦੇਊਂ ਉਹ ਵੀ ਕਰ ਦੇਊਂਗਾ’’ ਕਹਿਣ ਨਾਲ ਲੋਕ ਵਿਸ਼ਵਾਸ ਨਹੀਂ ਕਰਦੇ। ਜੇ ਇਕ ਵਾਰ ਲੋਕਾਂ ਨੇ ਸਿਆਸੀ ਨੇਤਾਵਾਂ ਬਾਰੇ ਭਰੋਸਾ ਕਰਨਾ ਛੱਡ ਦਿਤਾ ਤਾਂ ਕਾਂਗਰਸ ਪਾਰਟੀ ਖ਼ਤਮ ਹੋ ਜਾਵੇਗੀ।
ਸਾਬਕਾ ਮੰਤਰੀ ਨੇ ਹਿੰਦੂ ਤੇ ਸਿੱਖ ਗ੍ਰੰਥਾਂ ਵਿਚੋਂ ਬਹੁਤ ਵਾਰ ਧਾਰਮਕ ਸ਼ਬਦ ਤੇ ਪਵਿੱਤਰ ਤੁਕਾਂ ਬੋਲਦੇ ਹੋਏ ਕਿਹਾ ਕਿ ਰਾਜਨੀਤੀ ਇਕ ਸੇਵਾ ਨਹੀਂ ਬਲਕਿ ਧੰਦਾ ਬਣ ਗਿਆ ਅਤੇ ਇਸ ਹਾਲਾਤ ਵਿਚੋਂ ਕਰਜ਼ਾਈ ਹੋਏ ਪੰਜਾਬ ਨੂੰ ਕੱਢਣਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਸਰਹੱਦੀ ਸੂਬੇ ਦੇ ਲੋਕਾਂ ਸਿਰ 5,00,000 (5 ਲੱਖ) ਕਰੋੜ ਦਾ ਕਰਜ਼ਾ ਚੜ੍ਹ ਚੁੱਕਾ ਹੈ ਅਤੇ ਪਿਛਲੇ 5 ਸਾਲਾਂ ਵਿਚ ਵੀ ਲੋਕਾਂ ਦੀ ਤਾਕਤ, ਮੁੱਖ ਮੰਤਰੀ ਦੇ ਨੇੜਲੇ 8-10 ਬੰਦਿਆਂ ਦੇ ਹੱਥ ਹੀ ਰਹੀ ਹੈ ਜਿਨ੍ਹਾਂ ਪੰਜਾਬ ਨੂੰ ਗਿਰਵੀ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਿੱਧੂ ਨੇ ਤਾੜੀਆਂ ਦੀ ਗੂੰਜ ਦੌਰਾਨ ਕਿਹਾ,‘‘ਮੇਰੇ ਲਈ ਅਗਲੀਆਂ ਚੋਣਾਂ ਧਰਮ ਯੁੱਧ ਹਨ, ਮੈਂ ਮਰ ਜਾਵਾਂਗਾ ਪਰ ਪੰਜਾਬ ਦੇ ਹਿਤ ਨਹੀਂ ਵੇਚਾਂਗਾ।’’
Navjot Singh Sidhu
ਅੱਜ ਦੇ ਇਸ ਹਿੰਦੂ ਮਹਾਂ ਸਭਾ ਦੇ ਨੇਤਾਵਾਂ ਦਾ ਸਮਾਰੋਹ ਸ਼ੁਰੂ ਵਿਚ ਲਗਦਾ ਸੀ ਕਿ ਅਸ਼ਵਨੀ ਸੇਖੜੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਦੇ ਖੇਮੇ ਵਿਚ ਜਾਣ ਦਾ ਮਨ ਬਣਾਇਆ ਹੈ ਪਰ ਨਵਜੋਤ ਸਿੱਧੂ ਦੇ ਬਤੌਰ ਮੁੱਖ ਮਹਿਮਾਨ ਦੇ ਭਾਸ਼ਣ ਉਪਰੰਤ ਸਪਸ਼ਟ ਹੋ ਗਿਆ ਕਿ ਇਹ ‘ਹਿੰਦੂ ਵੋਟਰ ਪੱਤਾ’ ਮੌਜੂਦਾ ਮੁਖੀ ਚਰਨਜੀਤ ਸਿੰਘ ਚੰਨੀ ਦੇ ‘ਦਲਿਤ ਵੋਟਰ ਪੱਤੇ’ ਦੇ ਉਲਟ ਹੈ ਜਿਸ ਦਾ ਸਪਸ਼ਟ ਨਤੀਜਾ ਨਿਕਲ ਰਿਹਾ ਹੈ ਕਿ ਪੰਜਾਬ ਵਿਚ ਕਾਂਗਰਸੀ ਵੋਟਰਾਂ ਤੇ ਲੀਡਰਾਂ ਦੇ 3 ਖੇਮੇ ਬਣ ਗਏ ਹਨ ਯਾਨੀ ਕੈਪਟਨ ਪੱਖੀ, ਸਿੱਧੂ ਪੱਖੀ ਅਤੇ ਚੰਨੀ ਦੇ ਹਿਤੈਸ਼ੀ। ਅੱਜ ਦੇ ਸਮਾਗਮ ਵਿਚ ਕਾਂਗਰਸੀ ਵਿਧਾਇਕਾਂ, ਸਾਬਕਾ ਵਿਧਾਇਕਾ ਅਤੇ ਹੋਰ ਸਿਰਕੱਢ ਨੇਤਾਵਾਂ ਵਿਚ ਅਸ਼ਵਨੀ ਸੇਖੜੀ, ਮਾਲਤੀ ਥਾਪਰ, ਸੁਨੀਲ ਦੱਤੀ, ਫ਼ਤਿਹਗੜ੍ਹ ਬਾਜਵਾ, ਰਮਿੰਦਰ ਆਂਵਲਾ, ਸੁਰਜੀਤ ਢੀਂਗਰਾ ਤੇ ਹੋਰ ਕਈ ਸ਼ਾਮਲ ਸਨ।