
ਜਾਂਚ ਏਜੰਸੀ ਨੂੰ ਭੇਜਿਆ ਪੱਤਰ
Arvind Kejriwal skips ED summons News: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿਚ ਅੱਜ ਪੁਛਗਿਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਨਹੀਂ ਹੋਣਗੇ। ਅਰਵਿੰਦ ਕੇਜਰੀਵਾਲ ਨੇ ਵੀਰਵਾਰ ਸਵੇਰੇ ਈਡੀ ਨੂੰ ਅਪਣਾ ਜਵਾਬ ਮੇਲ ਰਾਹੀਂ ਭੇਜਿਆ ਹੈ ਅਤੇ ਦਸਿਆ ਕਿ ਮੱਧ ਪ੍ਰਦੇਸ਼ ਵਿਚ ਅੱਜ ਦਾ ਉਨ੍ਹਾਂ ਦਾ ਸਿਆਸੀ ਪ੍ਰੋਗਰਾਮ ਤੈਅ ਹੈ। ਚੋਣ ਰੁਝੇਵਿਆਂ ਕਾਰਨ ਉਹ ਫਿਲਹਾਲ ਈਡੀ ਦਫ਼ਤਰ ਨਹੀਂ ਆ ਸਕਣਗੇ।
ਈਡੀ ਨੂੰ ਭੇਜੇ ਅਪਣੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਹੈ ਕਿ ਈਡੀ ਦਾ ਸੰਮਨ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਇਹ ਨੋਟਿਸ ਭਾਜਪਾ ਦੇ ਇਸ਼ਾਰੇ 'ਤੇ ਭੇਜਿਆ ਗਿਆ ਸੀ। ਇਹ ਨੋਟਿਸ ਇਹ ਯਕੀਨੀ ਬਣਾਉਣ ਲਈ ਭੇਜਿਆ ਗਿਆ ਸੀ ਕਿ ਮੈਂ ਚੋਣ ਪ੍ਰਚਾਰ ਲਈ ਚਾਰ ਸੂਬਿਆਂ ਵਿਚ ਨਾ ਜਾ ਸਕਾਂ। ਈਡੀ ਨੂੰ ਇਹ ਨੋਟਿਸ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਕੇਜਰੀਵਾਲ ਨੇ ਕਿਹਾ ਕਿ 'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਸਟਾਰ ਪ੍ਰਚਾਰਕ ਹੋਣ ਦੇ ਨਾਤੇ ਮੈਨੂੰ ਚੋਣ ਪ੍ਰਚਾਰ ਲਈ ਯਾਤਰਾ ਕਰਨੀ ਪੈਂਦੀ ਹੈ ਅਤੇ 'ਆਪ' ਦੇ ਅਪਣੇ ਖੇਤਰੀ ਵਰਕਰਾਂ ਨੂੰ ਸਿਆਸੀ ਮਾਰਗਦਰਸ਼ਨ ਦੇਣਾ ਪੈਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੇਰੀਆਂ ਅਧਿਕਾਰਤ ਵਚਨਬੱਧਤਾਵਾਂ ਹਨ ਜਿਨ੍ਹਾਂ ਲਈ ਮੇਰੀ ਮੌਜੂਦਗੀ ਦੀ ਲੋੜ ਹੁੰਦੀ ਹੈ। ਇਸ ਦੌਰਾਨ ਅਧਿਕਾਰਤ ਸੂਤਰਾਂ ਅਨੁਸਾਰ ਆਬਕਾਰੀ ਨੀਤੀ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਉਨ੍ਹਾਂ ਨੂੰ ਦੁਬਾਰਾ ਸੰਮਨ ਭੇਜੇਗੀ।
ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਉਹ ਮੱਧ ਪ੍ਰਦੇਸ਼ ਲਈ ਰਵਾਨਾ ਹੋ ਗਏ ਹਨ। ਪਾਰਟੀ ਦੇ ਇਕ ਸੂਤਰ ਨੇ ਦਸਿਆ, "ਉਹ ਮੱਧ ਪ੍ਰਦੇਸ਼ ਦੇ ਸਿੰਗਰੌਲੀ ਦਾ ਦੌਰਾ ਕਰਨਗੇ ਜਿਥੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰੋਡ ਸ਼ੋਅ ਵਿਚ ਹਿੱਸਾ ਲੈਣਗੇ।" ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਪੁਛਗਿਛ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਲਬ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਸਵੇਰੇ 11 ਵਜੇ ਜਾਂਚ ਏਜੰਸੀ ਦੇ ਦਿੱਲੀ ਦਫਤਰ 'ਚ ਪੇਸ਼ ਹੋਣਾ ਸੀ।