
ਕਿਹਾ- ਸਰਕਾਰ ਨੇ ਰਾਹੁਲ ਗਾਂਧੀ ਦਾ ਅਕਸ ਖ਼ਰਾਬ ਕਰਨ ਲਈ ਕਰੋੜਾਂ ਰੁਪਏ ਖ਼ਰਚੇ ਪਰ ਰਾਹੁਲ ਕਦੇ ਸੱਚਾਈ ਤੋਂ ਪਿੱਛੇ ਨਹੀਂ ਹਟੇ
ਰਾਹੁਲ ਗਾਂਧੀ ਨੂੰ ਠੰਢ ਨਹੀਂ ਲਗਦੀ ਕਿਉਂਕਿ ਉਹ ਸੱਚ ਦੀ ਚਾਦਰ ਲੈ ਕੇ ਚੱਲ ਰਹੇ ਹਨ : ਪ੍ਰਿਯੰਕਾ ਗਾਂਧੀ
ਗਾਜ਼ੀਆਬਾਦ : ਕਾਂਗਰਸ ਵਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਉੱਤਰ ਪ੍ਰਦੇਸ਼ ਵਿਚ ਦਾਖਲ ਹੋ ਗਈ ਹੈ। ਇਥੇ ਗਾਜ਼ੀਆਬਾਦ ਵਿਚ ਭਾਰਤ ਜੋੜੋ ਯਾਤਰਾ ਦੇ ਰੁਕਣ ਲਈ ਬਣੇ ਪਲੇਟਫਾਰਮ ਤੋਂ ਪ੍ਰਿਅੰਕਾ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰਿਅੰਕਾ ਗਾਂਧੀ ਨੇ ਸਟੇਜ ਤੋਂ ਰਾਹੁਲ ਗਾਂਧੀ ਵੱਲ ਦੇਖਿਆ ਅਤੇ ਕਿਹਾ, ਇੱਥੇ ਦੇਖੋ ਮੇਰੇ ਵੱਡੇ ਭਰਾ… ਮੈਨੂੰ ਤੁਹਾਡੇ 'ਤੇ ਸਭ ਤੋਂ ਵੱਧ ਮਾਣ ਹੈ। ਤੁਸੀਂ ਇੱਕ ਯੋਧਾ ਹੋ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਰੋੜਾਂ ਰੁਪਏ ਖ਼ਰਚ ਕੇ ਰਾਹੁਲ ਗਾਂਧੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਰਾਹੁਲ ਇੱਕ ਯੋਧਾ ਹੈ ਅਤੇ ਉਹ ਸੱਚ ਦੇ ਮਾਰਗ ਤੋਂ ਨਹੀਂ ਭਟਕੇਗਾ। ਪ੍ਰਿਅੰਕਾ ਗਾਂਧੀ ਵਾਡਰਾ ਨੇ ਇਹ ਵੀ ਕਿਹਾ ਕਿ ਰਾਹੁਲ ਨੂੰ ਠੰਡ ਨਹੀਂ ਲੱਗਦੀ ਕਿਉਂਕਿ ਉਨ੍ਹਾਂ ਨੇ ਸੱਚਾਈ ਦੀ ਚਾਦਰ ਲਈ ਹੋਈ ਹੈ।
ਪ੍ਰਿਯੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਅੰਬਾਨੀ-ਅਡਾਨੀ ਨੇ ਕਰੋੜਾਂ ਰੁਪਏ ਖਰਚ ਕੇ ਸਿਆਸਤਦਾਨਾਂ ਅਤੇ ਮੀਡੀਆ ਘਰਾਣਿਆਂ ਨੂੰ ਖਰੀਦ ਲਿਆ ਪਰ ਉਹ ਰਾਹੁਲ ਗਾਂਧੀ ਨੂੰ ਨੂੰ ਨਹੀਂ ਖ਼ਰੀਦ ਸਕੇ ਅਤੇ ਨਾ ਹੀ ਕਦੇ ਖ਼ਰੀਦ ਸਕਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤੁਸੀਂ ਲੋਕ ਦੇਸ਼ ਦੇ ਸੱਚ ਨੂੰ ਪਛਾਣੋਗੇ ਉਦੋਂ ਤੱਕ ਪ੍ਰਮਾਤਮਾ ਇਸ ਦੇਸ਼ ਦੀ ਸੱਚਾਈ ਦੀ ਰੱਖਿਆ ਕਰੇਗਾ।