
ਪਿਛਲੀਆਂ ਸਰਕਾਰਾਂ ਦੇ ਪੈਦਾ ਕੀਤੇ ਗੈਂਗਸਟਰਾਂ ਦਾ ਹੁਣ 'ਆਪ' ਸਰਕਾਰ ਕਰ ਰਹੀ ਸਫਾਇਆ : ਵਿਧਾਇਕ ਨਰਿੰਦਰਪਾਲ ਸਿੰਘ ਸਮਰਾ
ਜਿਨ੍ਹਾਂ ਨੇ ਸਾਰੀ ਉਮਰ ਇਹ ਕੁਝ ਕੀਤਾ ਉਨ੍ਹਾਂ ਵਜੋਂ ਹੁਣ ਇਲਜ਼ਾਮਤਰਾਸ਼ੀ ਕਰ ਰਹੇ : ਵਿਧਾਇਕ ਗੋਲਡੀ ਕੰਬੋਜ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ, ਕੋਮਲਜੀਤ ਕੌਰ) : ਅੱਜ ਪੰਜਾਬ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਅਤੇ ਇਸ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ ਹਨ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਅਸੀਂ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਕੰਮ ਕਰਨ ਵਾਲਿਆਂ 'ਤੇ ਹੀ ਸਵਾਲ ਚੁੱਕੇ ਜਾਂਦੇ ਹਨ ਅਤੇ ਇਲਜ਼ਾਮ ਲਗਾਏ ਜਾਂਦੇ ਹਨ ਪਰ ਸੂਬੇ ਦੀ ਬਿਹਤਰੀ ਲਈ ਉਹ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਣਗੇ।
ਪਿਛਲੀਆਂ ਸਰਕਾਰਾਂ ਦੇ ਪੈਦਾ ਕੀਤੇ ਗੈਂਗਸਟਰਾਂ ਦਾ ਹੁਣ 'ਆਪ' ਸਰਕਾਰ ਕਰ ਰਹੀ ਸਫਾਇਆ : ਵਿਧਾਇਕ ਨਰਿੰਦਰਪਾਲ ਸਿੰਘ ਸਮਰਾ
ਇਸ ਮੌਕੇ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਮਰਾ ਨੇ ਦੱਸਿਆ ਕਿ ਜਿਹੜਾ ਪਿਛਲੇ ਬਜਟ ਪੇਸ਼ ਕੀਤਾ ਗਿਆ ਸੀ ਉਸ ਤਹਿਤ ਪੰਜਾਬ ਵਿਚ ਸਾਰੇ ਕੰਮ ਕੀਤੇ ਗਏ ਹਨ। ਉਨ੍ਹਾਂ ਵਿਚ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ ਅਤੇ ਹੋਰ ਵਿਕਾਸ ਕਾਰਜ ਸ਼ਾਮਲ ਹਨ। ਸਮਰਾ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਨੂੰ ਦੇਖਦੇ ਹੋਏ ਇਥੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਸਰਕਾਰ ਵਲੋਂ ਸ਼ੁਰੂ ਕੀਤੇ ਕਰੀਬ 500 ਕਰੋੜ ਰੁਪਏ ਦੇ ਪ੍ਰੋਜੈਕਟਾਂ ਨਾਲ ਫਾਜ਼ਿਲਕਾ, ਬੱਲੂਆਣਾ ਅਤੇ ਜਲਾਲਾਬਾਦ ਹਲਕੇ ਦੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੁਣ ਵਾਲਾ ਬਜਟ ਵੀ ਲੋਕ ਹਿੱਤ ਵਿਚ ਹੀ ਹੋਵੇਗਾ।
ਕਾਨੂੰਨ ਵਿਵਸਥਾ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਨਰਿੰਦਰਪਾਲ ਸਿੰਘ ਸਮਰਾ ਨੇ ਕਿਹਾ ਕਿ ਇਹ ਗੈਂਗਸਟਰ ਪਿਛਲੀਆਂ ਸਰਕਾਰਾਂ ਵਲੋਂ ਪੈਦਾ ਕੀਤੇ ਗਏ ਹਨ। ਸਾਡੀ ਪੰਜਾਬ ਸਰਕਾਰ ਨੂੰ ਇਨ੍ਹਾਂ ਗੈਂਗਸਟਾਂ ਦਾ ਸਫਾਇਆ ਕਰ ਰਹੀ ਹੈ ਅਤੇ ਇਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਸਹੀ ਚੱਲ ਰਹੀ ਹੈ।
ਜਿਨ੍ਹਾਂ ਨੇ ਸਾਰੀ ਉਮਰ ਇਹ ਕੁਝ ਕੀਤਾ ਉਨ੍ਹਾਂ ਵਜੋਂ ਹੁਣ ਇਲਜ਼ਾਮਤਰਾਸ਼ੀ ਕਰ ਰਹੇ : ਵਿਧਾਇਕ ਗੋਲਡੀ ਕੰਬੋਜ
ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਨਾਲ ਕਿਸ ਗੱਲ ਦੀ ਕਿੜ ਕੱਢੀ ਜਾ ਰਹੀ ਹੈ? ਜੇਕਰ ਗਲਤ ਕੰਮ ਕਰਨ ਵਾਲਿਆਂ ਨੂੰ ਨੱਥ ਨਾ ਪਾਈਏ ਤਾਂ ਸਾਡੀ ਸਰਕਾਰ ਦਾ ਕੀ ਫਾਇਦਾ ਅਤੇ ਸਾਡੇ ਬਦਲਾਅ ਦਾ ਕੀ ਫਾਇਦਾ ਹੋਵੇਗਾ। ਵਿਧਾਇਕ ਗੋਲਡੀ ਨੇ ਕਿਹਾ ਕਿ ਜਿਹੜੇ ਕੰਮ ਕਰਦੇ ਹਨ ਉਨ੍ਹਾਂ ਦਾ ਵਿਰੋਧ ਵੀ ਹੁੰਦਾ ਹੈ ਅਤੇ ਇਲਜ਼ਾਮ ਵੀ ਲਗਾਏ ਜਾਂਦੇ ਹਨ। ਵਿਰੋਧੀਆਂ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਜਵਾਬ ਦਿੰਦਿਆਂ ਵਿਧਾਇਕ ਨੇ ਕਿਹਾ ਕਿ 'ਛੱਜ ਤਾਂ ਬੋਲੇ ਛਾਨਣੀ ਵੀ ਬੋਲੇ' ਜਿਨ੍ਹਾਂ ਨੇ ਸਾਰੀ ਉਮਰ ਇਹ ਕੁਝ ਕੀਤਾ ਉਨ੍ਹਾਂ ਵਜੋਂ ਹੁਣ ਇਲਜ਼ਾਮਤਰਾਸ਼ੀ ਕੀਤੀ ਜਾ ਰਹੀ ਪਰ ਅਸੀਂ ਆਪਣਾ ਕੰਮ ਕਰ ਰਹੇ ਹਾਂ।
ਪੰਜਾਬ ਸਰਕਾਰ ਸੂਬੇ 'ਚ ਸਿਹਤ ਅਤੇ ਸਿੱਖਿਆ ਦਾ ਮਿਆਰ ਉਚਾ ਚੁੱਕ ਰਹੀ : ਚੇਤਨ ਸਿੰਘ ਜੌੜਾਮਾਜਰਾ
ਅਜਨਾਲਾ ਘਟਨਾ ਬਾਰੇ ਬੋਲਦਿਆਂ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣਾ ਕੰਮ ਬਾਖੂਬੀ ਅੰਜਾਮ ਦੇ ਰਹੀ ਹੈ। ਸੂਬੇ ਵਿਚ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਿਆ ਜਾ ਰਿਹਾ ਹੈ। ਅੱਜ ਹੀ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਲਈ ਰਵਾਨਾ ਹੋਇਆ ਹੈ ਜੋ ਟਰੇਨਿੰਗ ਲੈ ਕੇ ਇਥੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੰਵਾਰਨਗੇ।