
ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਪੁਲਿਸ ਹੁਣ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ
ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ’ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਪੁਲਿਸ ਹੁਣ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਸੀਐਮ ਮਾਨ ਹੁਣ ਸਰਕਾਰ ਦੀ ਨਾਕਾਮੀ ਨੂੰ ਕਵਰ ਅੱਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਚੁੱਘ ਨੇ ਕਿਹਾ ਕਿ ਮਾਨਸਾ 'ਚ ਮੂਸੇਵਾਲਾ ਦੇ ਘਰ ਜਾਣ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਜਾਜ਼ਤ ਲਈ। ਉਹਨਾਂ ਕਿਹਾ ਕਿ ਪਿਛਲੇ ਪੰਜ ਦਿਨਾਂ ਵਿਚ ਮੁੱਖ ਮੰਤਰੀ ਨੇ ਐਸਆਈਟੀ ਬਣਾਉਣ ਅਤੇ ਉਸ ਦੇ ਪੂਨਰਗਠਨ ਦਾ ਕੰਮ ਕੀਤਾ ਹੈ। ਹੁਣ ਜਦੋਂ ਐਸਆਈਟੀ ਅਸਫਲ ਰਹੀ ਤਾਂ ਉਹ ਮੂਸੇਵਾਲਾ ਦੇ ਪਰਿਵਾਰ ਕੋਲ ਚਲੇ ਗਏ।
ਚੁੱਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿਚ ਕੁਤਾਹੀ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਮੁਆਫੀ ਮੰਗਣੀ ਚਾਹੀਦੀ ਸੀ ਪਰ ਇਸ ਦੀ ਬਜਾਏ ਉਹਨਾਂ ਇਲਾਕੇ ਦੇ ਲੋਕਾਂ ਵਿਚ ਵਿਆਪਕ ਹੰਗਾਮੇ ਦੇ ਵਿਚਕਾਰ ਹਮਦਰਦੀ ਪ੍ਰਗਟ ਕਰਨ ਦੀ ਚੋਣ ਕੀਤੀ।