
ਕੁਝ ਸ਼ਕਤੀਆਂ ਨਿਹੰਗ ਸਿੰਘਾਂ 'ਚ ਪਾੜ ਪਾ ਕੇ ਜਥੇਬੰਦੀਆਂ ਨੂੰ ਦੋ ਫਾੜ ਕਰਕੇ ਜਾਨੀ ਮਾਲੀ ਨੁਕਸਾਨ ਪਹੁੰਚਾ ਰਹੀਆਂ ਹਨ ਤੇ ਪੰਜਾਬ ਪੁਲਿਸ ਬੁੱਢਾ ਦਲ ਦੇ ਜਥੇਦਾਰਾਂ ਤੇ..
ਫ਼ਤਿਹਗੜ੍ਹ ਸਾਹਿਬ, 24 ਜੁਲਾਈ (ਸੁਰਜੀਤ ਸਿੰਘ ਸਾਹੀ) : ਕੁਝ ਸ਼ਕਤੀਆਂ ਨਿਹੰਗ ਸਿੰਘਾਂ 'ਚ ਪਾੜ ਪਾ ਕੇ ਜਥੇਬੰਦੀਆਂ ਨੂੰ ਦੋ ਫਾੜ ਕਰਕੇ ਜਾਨੀ ਮਾਲੀ ਨੁਕਸਾਨ ਪਹੁੰਚਾ ਰਹੀਆਂ ਹਨ ਤੇ ਪੰਜਾਬ ਪੁਲਿਸ ਬੁੱਢਾ ਦਲ ਦੇ ਜਥੇਦਾਰਾਂ ਤੇ ਕਾਤਲਾਨਾਂ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਾ ਕਰਕੇ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਪਿਆਰਾ ਸਿੰਘ ਦੇ ਭੋਗ ਸਮਾਗਮ ਵਿਚ ਸਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਇਕ ਨਿਹੰਗ ਸਿੰਘ ਨੇ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਫਤਿਹਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪਿਆਰਾ ਸਿੰਘ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੋਕੇ ਸਿੰਘ ਸਾਹਿਬ ਨੇ ਕਿਹਾ ਕਿ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਤੇ ਕਾਤਲਾਨਾ ਹਮਲੇ ਕਰਨ ਵਾਲੇ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿਚ ਦਿਨ ਦਿਹਾੜੇ ਹੋ ਰਹੇ ਕਤਲ ਪੰਜਾਬ ਸਰਕਾਰ ਦੀ ਨਾਕਾਮੀਆਂ ਸਾਬਤ ਹੋ ਰਹੀਆਂ ਹਨ। ਆਸਟ੍ਰੇਲੀਆ ਦੀ ਇਕ ਕੰਪਨੀ ਵਲੋਂ ਮੱਛੀ ਵਾਲੇ ਲਿਫਾਫੇ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪਣ ਸਬੰਧੀ ਉਨ੍ਹਾਂ ਕਿਹਾ ਕਿ ਕੰਪਨੀ ਨੇ ਲਿਖਤੀ ਮਾਫੀਨਾਮਾ ਭੇਜ ਦਿੱਤਾ ਗਿਆ ਹੈ। ਇਸ ਮੋਕੇ ਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਬੁੱਢਾ ਦਲ ਦੇ ਗੁਰਦੁਆਰਿਆਂ ਤੇ ਜਮੀਨਾਂ ਦੇ ਕਬਜੇ ਕਰਨ ਦੀ ਲਾਲਸਾ ਕਰਨ ਵਾਲੇ ਹੀ ਅਜਿਹੀਆਂ ਸਾਜਿਸ਼ਾਂ ਨੂੰ ਅੰਜ਼ਾਮ ਦੇ ਰਹੇ ਹਨ।