
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਂਸਦ ਵੀ ਰਹਿ ਚੁੱਕੇ ਹਨ ਜਾਖੜ
ਚੰਡੀਗੜ੍ਹ (ਕੋਮਲਜੀਤ ਕੌਰ): ਦੇਸ਼ ਦੇ 5 ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ 4 ਸੂਬਿਆਂ 'ਚ ਸੂਬਾ ਪ੍ਰਧਾਨ ਬਦਲ ਦਿਤੇ ਹਨ। ਪਾਰਟੀ ਹਾਈਕਮਾਨ ਨੇ ਪੰਜਾਬ ਵਿਚ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ ਜੋ ਕਿ ਪਿਛਲੇ ਸਾਲ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ।
9 ਫਰਵਰੀ 1954 ਨੂੰ ਫ਼ਾਜ਼ਿਲਕਾ ਦੇ ਪਿੰਡ ਪੰਜਕੋਸੀ ਵਿਖੇ ਜਨਮੇ ਸੁਨੀਲ ਜਾਖੜ ਦਾ ਸਿਆਸਤ ਨਾਲ ਪੁਰਾਣ ਨਾਤਾ ਹੈ। ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਸਿਆਸਤਦਾਨ ਸਨ। ਬਲਰਾਮ ਜਾਖੜ ਨੇ ਸੱਭ ਤੋਂ ਵੱਧ ਸਮੇਂ ਤਕ ਲੋਕ ਸਭ ਦੇ ਸਪੀਕਰ ਵਜੋਂ ਵੀ ਭੂਮਿਕਾ ਨਿਭਾਈ ਸੀ। ਸੁਨੀਲ ਜਾਖੜ ਨੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਤੋਂ ਬੀ.ਏ. ਦੀ ਡਿਗਰੀ ਹਾਸਲ ਕਰਨ ਮਗਰੋਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮ.ਬੀ.ਏ. ਦੀ ਪੜ੍ਹਾਈ ਕੀਤੀ।
ਦੱਸ ਦੇਈਏ ਕਿ ਬੀਤੇ ਕੱਲ ਤੋਂ ਪੰਜਾਬ ਭਾਜਪਾ ਦਾ ਪ੍ਰਧਾਨ ਬਦਲਣ ਦੀਆਂ ਅਤੇ ਇਸ ਅਹੁਦੇ ਲਈ ਸੁਨੀਲ ਜਾਖੜ ਨੂੰ ਨਿਯੁਕਤ ਕਰਨ ਦੀਆਂ ਖ਼ਬਰਾਂ ਸਨ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਸੀ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ ਪਰ ਉਨ੍ਹਾਂ ਨੇ ਸਾਰੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਭਾਜਪਾ ਵਿਚ ਇਸ ਤਰ੍ਹਾਂ ਅਸਤੀਫ਼ਾ ਦੇਣ ਦੀ ਕੋਈ ਪ੍ਰੰਪਰਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪ੍ਰਗਤੀ ਮੈਦਾਨ ਦੇ ਕਨਵੈਨਸ਼ਨ ਸੈਂਟਰ ਵਿਚ ਕੈਬਨਿਟ ਮੰਤਰੀਆਂ ਦੀ ਪੰਜ ਘੰਟੇ ਲੰਬੀ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
ਸੁਨੀਲ ਜਾਖੜ ਦੇ ਸਿਆਸੀ ਸਫ਼ਰ 'ਤੇ ਇਕ ਝਾਤ
ਸੁਨੀਲ ਜਾਖੜ ਨੇ 1996 ਵਿਚ ਫ਼ਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਕੇ ਸਿਆਸਤ ਵਿਚ ਕਦਮ ਰਖਿਆ ਪਰ ਅਪਣੀ ਜ਼ਿੰਦਗੀ ਦੀ ਇਸ ਪਹਿਲੀ ਚੋਣ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੁਨੀਲ ਜਾਖੜ 2002 ਵਿਚ ਅਬੋਹਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਇਸ ਤੋਂ ਬਾਅਦ 2007 ਅਤੇ 2012 ਵਿਚ ਮੁੜ ਅਬੋਹਰ ਤੋਂ ਵਿਧਾਇਕ ਬਣੇ। 2012 ਵਿਚ ਅਕਾਲੀ ਸਰਕਾਰ ਦੇ ਸਮੇਂ ਤੋਂ 2015 ਤਕ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ।
ਇਸ ਮਗਰੋਂ ਕਾਂਗਰਸ ਪਾਰਟੀ ਨੇ ਚਮਕੌਰ ਸਾਹਿਬ ਤੋਂ ਉਸ ਸਮੇਂ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ। 2017 ਵਿਚ ਸੁਨੀਲ ਜਾਖੜ ਵਿਧਾਇਕੀ ਦੀ ਚੋਣ ਹਾਰ ਗਏ ਪਰ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ।
ਇਸੇ ਤਰ੍ਹਾਂ 2017 ਵਿਚ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਜ਼ਿਮਨੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕਰ ਕੇ ਸੰਸਦ ਮੈਂਬਰ ਬਣੇ। 2019 ਵਿਚ ਹੋਈ ਲੋਕ ਸਭ ਚੋਣ ਦੌਰਾਨ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਉਲ ਤੋਂ ਹਾਰ ਗਏ ਸਨ। 2021 ਵਿਚ ਉਨ੍ਹਾਂ ਨੂੰ ਪੀ.ਪੀ.ਸੀ.ਸੀ. ਦੇ ਅਹੁਦੇ ਤੋਂ ਹਟਾ ਦਿਤਾ ਗਿਆ ਅਤੇ 14 ਮਈ 2022 ਨੂੰ ਕਾਂਗਰਸ ਹਾਈਕਮਾਨ ਵਲੋਂ ਮਿਲੀ ਚਿੱਠੀ ਮਗਰੋਂ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਦਿਤਾ। 19 ਮਈ 2022 ਨੂੰ ਸੁਨੀਲ ਜਾਖੜ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ।
ਇਹ ਵੀ ਪੜ੍ਹੋ: ਵਿਵਾਦਿਤ ਪੋਸਟਰ ਮਾਮਲਾ : ਕੈਨੇਡਾ ਨੇ ਭਾਰਤੀ ਸਫ਼ੀਰਾਂ ਦੀ ਸੁਰਖਿਆ ਦਾ ਭਰੋਸਾ ਦਿਤਾ
ਪੰਜਾਬ ਤੋਂ ਇਲਾਵਾ ਤਿੰਨ ਹੋਰ ਸੂਬਿਆਂ ਦੇ ਪ੍ਰਧਾਨ ਬਦਲੇ
ਇਸ ਤੋਂ ਇਲਾਵਾ ਪਾਰਟੀ ਨੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਝਾਰਖੰਡ ਵਿਚ ਵੀ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਡੀ ਪੁਰੰਡੇਸ਼ਵਰੀ ਨੂੰ ਆਂਧਰਾ ਪ੍ਰਦੇਸ਼, ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੂੰ ਤੇਲੰਗਾਨਾ ਅਤੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਨੂੰ ਝਾਰਖੰਡ ਵਿਚ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਏ ਆਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਤੇਲੰਗਾਨਾ ਦੀ ਸੱਤਾਧਾਰੀ ਭਾਰਤ ਰਾਸ਼ਟਰੀ ਸਮਿਤੀ ਤੋਂ ਭਾਜਪਾ ਵਿਚ ਆਉਣ ਵਾਲੇ ਸਾਬਕਾ ਮੰਤਰੀ ਏਟੇਲਾ ਰਾਜੇਂਦਰ ਨੂੰ ਚੋਣ ਪ੍ਰਬੰਧ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ।