ਦੇਸ਼ ਦੇ 5 ਸੂਬਿਆਂ ’ਚ ਇਸ ਸਾਲ ਹੋਣੀਆਂ ਹਨ ਵਿਧਾਨ ਸਭਾ ਚੋਣਾਂ
ਨਵੀਂ ਦਿੱਲੀ : ਇਸ ਸਾਲ ਦੇਸ਼ ਦੇ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿੱਥੇ ਦੇਸ਼ ਦੀ 17 ਫ਼ੀਸਦੀ ਆਬਾਦੀ ਆਪਣੇ ਲਈ ਨਵੀਂ ਸਰਕਾਰ ਚੁਣੇਗੀ। ਇਨ੍ਹਾਂ 5 ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਕਦੇ ਵੀ ਚੋਣ ਨਹੀਂ ਜਿੱਤ ਸਕੀ। ਇਹ ਸੂਬੇ ਹਨ ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲ ਹਨ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ ਪਿਛਲੇ 14 ਸਾਲਾਂ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਚੁਣੌਤੀ ਬਣੀ ਹੋਈ ਹੈ। 2026 ਦੀਆਂ ਚੋਣਾਂ ਵਿੱਚ ਜੇਕਰ ਟੀ.ਐੱਮ.ਸੀ ਜਿੱਤੀ ਤਾਂ ਮਮਤਾ ਬੈਨਰਜੀ ਲਗਾਤਾਰ ਰਿਕਾਰਡ ਚੌਥੀ ਵਾਰ ਮੁੱਖ ਮੰਤਰੀ ਬਣਨਗੇ। ਉਹ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਹੋਣਗੇ।
ਉਧਰ ਤਾਮਿਲਨਾਡੂ ਦੇਸ਼ ਦਾ ਇਕੋ-ਇਕ ਅਜਿਹਾ ਸੂਬਾ ਹੈ ਜਿੱਥੇ ਪਿਛਲੇ 60 ਸਾਲ ਤੋਂ ਭਾਜਪਾ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਬਣੀ। 2026 ਦੀਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਜੈਲਲਿਤਾ ਦੀ ਪਾਰਟੀ ਏਆਈਏਡੀਐਮਕੇ ਨਾਲ ਗੱਠਜੋੜ ਕਰ ਸਕਦੀ ਹੈ। ਜਦਿਕ ਸੁਪਰਸਟਾਰ ਵਿਜੇ ਦੀ ਪਾਰਟੀ ਟੀਵੀਕੇ ਵੀ ਮੈਦਾਨ ਵਿਚ ਹੈ।
ਉਧਰ ਕੇਰਲ ਵਿਚ ਹੁਣ ਵੀ ਖੱਬੇਪੱਖੀ ਸੱਤਾ ਵਿਚ ਹਨ। ਇਥੇ ਸੱਤਾ ਬਦਲਣ ਦੀ ਪਰੰਪਰਾ ਰਹੀ ਹੈ ਪਰ 2021 ’ਚ ਐਲ.ਡੀ.ਐਫ. ਨੇ ਇਸ ਪਿਰਤ ਨੂੰ ਤੋੜਦੇ ਹੋਏ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ। ਕਾਂਗਰਸ ਗੱਠਜੋੜ ਦੀ ਕੋਸ਼ਿਸ਼ ਇਸ ਐਂਟੀ ਇਨਕੰਬੈਂਸੀ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰੇਗੀ। ਜਦਿਕ ਭਾਜਪਾ ਹੁਣ ਤੱਕ ਕੇਰਲ ’ਚ ਇਕ ਵੀ ਵਿਧਾਨ ਸਭਾ ਸੀਟ ਨਹੀਂ ਜਿੱਤ ਸਕੀ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਤ੍ਰਿਸ਼ੂਰ ਲੋਕ ਸਭਾ ਸੀਟ ਜਿੱਤੀ ਸੀ।
ਪੁਡੂਚੇਰੀ ’ਚ 2021 ਵਿੱਚ ਕਾਂਗਰਸ ਸਰਕਾਰ ਡਿੱਗਣ ਤੋਂ ਬਾਅਦ ਏਆਈਐੱਨਆਰਸੀ-ਭਾਜਪਾ ਗਠਜੋੜ ਨੇ ਸੱਤਾ ਹਾਸਲ ਕੀਤੀ ਅਤੇ ਐੱਨ. ਰੰਗਾਸਾਮੀ ਇੱਕ ਵਾਰ ਫਿਰ ਮੁੱਖ ਮੰਤਰੀ ਬਣੇ। ਇਹ ਪਹਿਲੀ ਵਾਰ ਸੀ ਜਦੋਂ ਭਾਜਪਾ ਸੱਤਾ ਵਿੱਚ ਸਿੱਧੇ ਤੌਰ ਉੱਤੇ ਹਿੱਸੇਦਾਰ ਬਣੀ। ਇਸ ਵਾਰ ਕਾਂਗਰਸ ਡੀਐੱਮਕੇ ਨਾਲ ਗਠਜੋੜ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਰਕਾਰ ਡਿੱਗਣ ਦੇ ਮੁੱਦੇ ਨੂੰ ਐਂਟੀ-ਇਨਕੰਬੈਂਸੀ ਵਿੱਚ ਬਦਲਣਾ ਚਾਹੁੰਦੀ ਹੈ।
ਇਸੇ ਤਰ੍ਹਾਂ ਅਸਾਮ ਵਿੱਚ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਪਾਰਟੀ ਤੀਜੀ ਚੋਣ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਪੀਐੱਮ ਮੋਦੀ 6 ਮਹੀਨਿਆਂ ਵਿੱਚ 3 ਵਾਰ ਰਾਜ ਦਾ ਦੌਰਾ ਕਰ ਚੁੱਕੇ ਹਨ। ਇੱਥੇ ਪਾਰਟੀ ਨੇ 126 ਸੀਟਾਂ ਵਿੱਚੋਂ 100+ ਸੀਟਾਂ ਜਿੱਤਣ ਦਾ ਟਾਰਗੇਟ ਰੱਖਿਆ ਹੈ। ਅਸਾਮ ਵਿੱਚ ਬੰਗਲਾਦੇਸ਼, ਘੁਸਪੈਠੀਏ/ਸਰਹੱਦ ਸੁਰੱਖਿਆ, ਅਸਾਮੀਆ ਪਛਾਣ ਵਰਗੇ ਮੁੱਦੇ ਹਨ। ਭਾਜਪਾ ਨੂੰ ਰੋਕਣ ਲਈ ਕਾਂਗਰਸ ਨੇ 10 ਪਾਰਟੀਆਂ ਨਾਲ ਗਠਜੋੜ ਕੀਤਾ ਹੈ।
