
ਮੋਦੀ, ਕੇਜਰੀਵਾਲ ਦੀ ਦਿਲਚਸਪੀ ਨੌਜਵਾਨਾਂ ਨੂੰ ਨੌਕਰੀ ਦੇਣ ਵਿਚ ਨਹੀਂ
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਦਿਆ ਕਿਹਾ ਕਿ ਉਨ੍ਹਾਂ ਦੀ ਰੁਚੀ ਨੌਜਵਾਨਾਂ ਨੂੰ ਨੌਕਰੀ ਦੇਣ ਵਿਚ ਨਹੀਂ ਹੈ। ਇਸ ਦੇ ਉਲਟ ਉਹ ਸੱਤਾ ਵਿਚ ਰਹਿਣ ਲਈ ਇਕ ਭਾਰਤੀ ਨੂੰ ਦੂਜੇ ਭਾਰਤੀ ਨਾਲ ਲੜਾਉਣਾ ਚਾਹੁੰਦੇ ਹਨ।
ਗਾਂਧੀ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਮਕਸਦ ਸਮਾਜ ਵਿਚ ਨਫ਼ਰਤ ਫੈਲਾਉਣਾ ਹੈ ਤੇ ਕਾਂਗਰਸ ਨੇ ਇਹ ਕੰਮ ਕਦੇ ਨਹੀਂ ਕੀਤਾ। ਵਿਧਾਨ ਸਭਾ ਚੋਣਾਂ ਦੇ ਸਨਮੁਖ ਅਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਤ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਆਰਥਕ ਮੰਦੀ ਅਤੇ ਬੇਰੁਜ਼ਗਾਰੀ ਸਬੰਧੀ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਦੇਸ਼ ਵਿਚ ਹਿੰਸਕ ਘਟਨਾਵਾਂ ਕਰਵਾਉਣ ਲਈ ਭਾਜਪਾ ਨੂੰ ਜ਼ਿੰਮੇਵਾਰ ਦਸਿਆ।
ਉਨ੍ਹਾਂ ਕਿਹਾ, 'ਉਹ ਹਿੰਦੂ ਧਰਮ ਦੀ ਗੱਲ ਕਰਦੇ ਹਨ, ਉਹ ਇਸਲਾਮ ਦੀ ਗੱਲ ਕਰਦੇ ਹਨ, ਉਹ ਸਿੱਖ ਧਰਮ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਧਰਮ ਦਾ ਕੋਈ ਗਿਆਨ ਨਹੀਂ, ਹਿੰਦੂ ਧਰਮ, ਇਸਲਾਮ, ਈਸਾਈ, ਸਿੱਖ ਧਰਮ ਵਿਚ ਕਿਥੇ ਲਿਖਿਆ ਹੈ ਕਿ ਹੋਰ ਲੋਕਾਂ 'ਤੇ ਹਮਲੇ ਕਰੋ, ਉਨ੍ਹਾਂ 'ਤੇ ਅਤਿਆਚਾਰ ਕਰੋ।'
ਰਾਹੁਲ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਸੱਭ ਕੁੱਝ ਵੇਚ ਰਹੀ ਹੈ, ਸ਼ਾਇਦ ਤਾਜਮਹੱਲ ਵੀ ਵੇਚ ਦੇਵੇ। ਜੰਗਪੁਰਾ ਤੋਂ ਕਾਂਗਰਸ ਉਮੀਦਵਾਰ ਤਰਵਿੰਦਰ ਸਿੰਘ ਮਾਰਵਾਹ ਦੇ ਹੱਕ ਵਿਚ ਰੈਲੀ ਨੂੰ ਸੰਬੋਧਤ ਕਰਦਿਆਂ ਗਾਂਧੀ ਨੇ ਕਿਹਾ ਕਿ ਮੋਦੀ ਅਤੇ ਸੰਘ ਦਾ ਇਹ ਕਿਹੋ ਜਿਹਾ 'ਹਿੰਦੂ ਧਰਮ' ਹੈ।
ਹਿੰਦੂ ਧਰਮ ਵਿਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ, 'ਭਾਜਪਾ ਦਾ ਕੋਈ ਅਜਿਹਾ ਆਗੂ ਵਿਖਾਉ ਜਿਸ ਨੇ ਪਾਕਿਸਤਾਨ ਵਿਚ 'ਹਿੰਦੁਸਤਾਨ ਜ਼ਿੰਦਾਬਾਦ ਦਾ ਨਾਹਰਾ ਲਾਇਆ ਹੋਵੇ। ਕਾਂਗਰਸ ਦੇ ਜੰਗਪੁਰਾ ਦੇ ਉਮੀਦਵਾਰ ਨੇ ਪਾਕਿਸਤਾਨ ਵਿਚ ਅਜਿਹਾ ਕੀਤਾ ਸੀ ਅਤੇ ਜੇਲ ਗਏ ਸਨ।'