
ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਵਿਚ ਬੱਸ ਸਫ਼ਰ ਦੌਰਾਨ ਸਿਗਰਟਨੋਸ਼ੀ ਰੋਕਣ ਦੀ ਅਪੀਲ ਕਰ ਰਹੇ ਇਕ ਸਿੱਖ ਨੌਜਵਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਦੀਆਂ ਜਥੇਬੰਦੀਆਂ ਵਿਚ ਭਾਰੀ ਰੋਸ
ਚੰਡੀਗੜ੍ਹ, 20 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਵਿਚ ਬੱਸ ਸਫ਼ਰ ਦੌਰਾਨ ਸਿਗਰਟਨੋਸ਼ੀ ਰੋਕਣ ਦੀ ਅਪੀਲ ਕਰ ਰਹੇ ਇਕ ਸਿੱਖ ਨੌਜਵਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਦੀਆਂ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਇਸ ਦੀ ਭਾਰੀ ਨਿੰਦਾ ਕਰਦਿਆਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਸ਼ਰੇਆਮ ਹੁੰਦੀ ਉਲੰਘਣਾ ਤਹਿਤ ਬੱਸ ਦੇ ਡਰਾਈਵਰ, ਕੰਡਕਟਰ ਅਤੇ ਜਨਰਲ ਮੈਨੇਜਰ ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਸ ਵਿਚ ਸਿਗਰਟਨੋਸ਼ੀ ਰੋਕਣ ਦਾ ਕੰਮ ਪਹਿਲਾਂ ਕੰਡਕਟਰ ਅਤੇ ਡਰਾਈਵਰ ਦਾ ਹੋਣਾ ਚਾਹੀਦਾ ਸੀ ਇਸ ਜੇਕਰ ਇਨ੍ਹਾਂ ਦੋਹਾਂ ਦਾ ਜ਼ਮੀਰ ਨਹੀਂ ਸੀ ਜਾਗਿਆ ਤਾਂ ਸਿੱਖ ਨੌਜਵਾਨ ਨੇ ਕੋਰਟ ਦਾ ਹਵਾਲਾ ਦੇ ਕੇ ਇਹ ਸਿਗਰਟ ਬੰਦ ਕਰਨ ਗੱਲ ਕਹੀ ਹੋਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਦੀ ਸਰਵ ਉਚ ਅਦਾਲਤ ਦੇ ਹੁਕਮਾਂ ਅੱਜ ਭਾਰਤ ਦੇ ਕੋਨੇ ਕੋਨੇ ਵਿਚ ਧੱਜੀਆਂ ਉਡ ਰਹੀਆਂ ਹਨ ਅਤੇ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖ਼ਰ ਜਨਤਕ ਥਾਵਾਂ 'ਤੇ ਸ਼ਰੇਆਮ ਹੋ ਰਹੀ ਸਿਗਰਟ ਨੋਸ਼ੀ ਦਾ ਅਸਲ ਜ਼ਿੰਮੇਵਾਰ ਕੌਣ ਹੈ? ਇਹ ਕੋਈ ਪਹਿਲਾ ਮਾਮਲਾ ਨਹੀਂ ਅਜਿਹੇ ਮਾਮਲੇ ਪਹਿਲਾਂ ਵੀ ਵਾਪਰ ਚੁੱਕੇ ਹਨ ਜੋ ਕਿ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੀ ਪਤਾ ਚਲਦੇ ਹਨ। ਉਨ੍ਹਾਂ ਕਿਹਾ ਕਿ ਰੇਲ ਗੱਡੀ ਵਿਚ ਵੀ ਸਿਗਰਟ ਨੋਸ਼ੀ ਆਮ ਹੁੰਦੀ ਹੈ ਜਿਥੇ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਰੇਲਵੇ ਵਿਭਾਗ ਲਵੇ ਤਾਂ ਹੀ ਅਜਿਹੀਆਂ ਘਟਨਾਵਾਂ ਨਹੀਂ ਵਾਪਰਨਗੀਆਂ।
ਭਾਈ ਸੁਖਵਿੰਦਰ ਸਿੰਘ ਨੇ ਕਿਹਾ ਕਿ, ਅਪਰਾਧੀਆਂ ਦੇ ਹੌਸਲੇ ਐਨੇ ਜ਼ਿਆਦਾ ਵਧਦੇ ਜਾ ਰਹੇ ਹਨ ਕਿ ਕਾਨੂੰਨ ਅਤੇ ਨਿਯਮ ਦਮ ਤੋੜ ਰਹੇ ਹਨ। ਸਿੱਕੇ ਦਾ ਦੂਜਾ ਪਹਿਲੂ ਹੈ ਕਿ ਪੁਲਿਸ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਲਈ ਤਿਆਰ ਨਹੀਂ ਸੀ ਕਿ ਪੰਜਾਬ ਤੋਂ ਗਈਆਂ ਸਿੱਖ ਜਥੇਬੰਦੀਆਂ ਦੇ ਦਖ਼ਲ ਨਾਲ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਹੈ। ਡਾਕਟਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿਚ ਕੋਈ ਜਨਤਕ ਪਟੀਸ਼ਨ ਦਾਇਰ ਕੀਤੀ ਜਾਣੀ ਚਾਹੀਦੀ ਹੈ ਸੀ ਪਰ ਅਜਿਹਾ ਕੁੱਝ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਸਿੱਖ ਹੀ ਕਿਉਂ ਫ਼ੈਸਲੇ ਲਾਗੂ ਕਰਵਾਉਣ ਲਈ ਅਪਣੇ ਸਿਰ ਪੜਵਾਉਣ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾਂ ਸਰਕਾਰ ਇਸ ਮਾਮਲੇ 'ਤੇ ਆਪ ਦਖ਼ਲ ਦੇਵੇ ਅਤੇ ਇਸ ਘਟਨਾ ਨਾਲ ਜਿਹੜੇ ਲੋਕਾਂ ਦੇ ਤਾਰ ਜੁੜੇ ਹੋਏ ਹਨ ਉਨ੍ਹਾਂ 'ਤੇ ਕਾਰਵਾਈ ਹੋਵੇ।