
‘ਇੰਡੀਆ’ ਤੋਂ ਨਫ਼ਰਤ ਅਤੇ ਡਰ ਕਾਰਨ ਦੇਸ਼ ਦਾ ਨਾਂ ਬਦਲਣ ’ਚ ਲੱਗੀ ਸਰਕਾਰ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਜੀ-20 ਰਾਤ ਦੇ ਖਾਣੇ ਦੇ ਸੱਦੇ ’ਤੇ ਰਾਸ਼ਟਰਪਤੀ ਨੂੰ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਅਤੇ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕਲੂਸਿਵ ਅਲਾਇੰਸ’ (ਇੰਡੀਆ) ਤੋਂ ਡਰ ਅਤੇ ਨਫ਼ਰਤ ਕਾਰਨ ਸਰਕਾਰ ਦੇਸ਼ ਦਾ ਨਾਂ ਬਦਲਣ ’ਚ ਲੱਗ ਗਈ ਹੈ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਾਰੀ ਇਕ ਪੋਸਟ ’ਚ ਕਿਹਾ, ‘‘ਇਹ ਖ਼ਬਰ ਅਸਲ ’ਚ ਸੱਚ ਹੈ। ਰਾਸ਼ਟਰਪਤੀ ਭਵਨ ਨੇ ਜੀ-20 ਸ਼ਿਖਰ ਸੰਮੇਲਨ ਲਈ 9 ਸਤੰਬਰ ਨੂੰ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੇ ਨਾਂ ’ਤੇ ਸੱਦਾ ਭੇਜਿਆ ਹੈ।’’
ਉਨ੍ਹਾਂ ਕਿਹਾ, ‘‘ਹੁਣ, ਸੰਵਿਧਾਨ ਦੀ ਧਾਰਾ 1 ’ਚ ਲਿਖਿਆ ਜਾ ਸਕਦਾ ਹੈ: ‘ਭਾਰਤ, ਜੋ ਪਹਿਲਾਂ ਇੰਡੀਆ ਸੀ, ਸੂਬਿਆਂ ਦਾ ਇਕ ਸੰਘ ਹੋਵੇਗਾ।’ ਪਰ ਹੁਣ ਇਸ ‘ਸੂਬਿਆਂ ਦੇ ਸੰਘ’ ’ਤੇ ਵੀ ਹਮਲੇ ਹੋ ਰਹੇ ਹਨ।’’
ਜੀ-20 ਸ਼ਿਖਰ ਸੰਮੇਲਨ ਭਾਰਤ ਦੀ ਪ੍ਰਧਾਨਗੀ ’ਚ 9 ਤੋਂ ਲੈ ਕੇ 10 ਸਤੰਬਰ ਤਕ ਕੌਮੀ ਰਾਜਧਾਨੀ ’ਚ ਕੀਤਾ ਜਾ ਰਿਹਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਸਮੇਤ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਮੁਖੀ ਇਸ ’ਚ ਹਿੱਸਾ ਲੈ ਰਹੇ ਹਨ।
ਇਕ ਹੋਰ ਪੋਸਟ ’ਚ ਰਮੇਸ਼ ਨੇ ਕਿਹਾ, ‘‘ਮੋਦੀ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਜਾਰੀ ਰਖ ਸਕਦੇ ਹਨ ਅਤੇ ਭਾਰਤ ਨੂੰ ਵੰਡ ਸਕਦੇ ਹਨ। ਪਰ ਅਸੀਂ ਨਹੀਂ ਡੋਲਾਂਗੇ। ਆਖ਼ਰ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕਲੂਸਿਵ ਅਲਾਇੰਸ) ਦੀਆਂ ਪਾਰਟੀਆਂ ਦਾ ਉਦੇਸ਼ ਕੀ ਹੈ? ਇਹ ਭਾਰਤ ਹੈ- ਸਦਭਾਵ, ਮੇਲਜੋਲ, ਮੇਲ-ਮਿਲਾਪ ਅਤੇ ਵਿਸ਼ਵਾਸ ਲਿਆਉ। ਜੁੜੇ ਭਾਰਤ, ਜਿੱਤੇਗਾ ਇੰਡੀਆ!’’
ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਭਾਜਪਾ ਦਾ ਤੋੜਭੰਨ ਕਰਨ ਵਾਲਾ ਦਿਮਾਗ਼ ਸਿਰਫ਼ ਇਹੀ ਸੋਚ ਸਕਦਾ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਵੰਡਿਆ ਜਾਵੇ। ਇਕ ਵਾਰ ਫਿਰ ਉਹ ‘ਇੰਡੀਅਨਸ’ ਅਤੇ ਭਾਰਤੀਆਂ ਵਿਚਕਾਰ ਦਰਾਰ ਪੈਦਾ ਕਰ ਰਹੀ ਹੈ। ਸਪੱਸ਼ਟ ਹੈ ਕਿ ਅਸੀਂ ਸਾਰੇ ਇਕ ਹਾਂ! ਜਿਵੇਂ ਕਿ ਧਾਰਾ 1 ਕਹਿੰਦੀ ਹੈ - ‘ਇੰਡੀਆ ਜੋ ਭਾਰਤ ਹੈ, ਸੂਬਿਆਂ ਸੂਬਿਆਂ ਦਾ ਇਕ ਸੰਘ ਹੋਵੇਗਾ।’’
ਉਨ੍ਹਾਂ ਦਾਅਵਾ ਕੀਤਾ, ‘‘ਇਹ ਹੋਛੀ ਸਿਆਸਤ ਹੈ ਕਿਉਂਕਿ ਉਹ ‘ਇੰਡੀਆ’ ਤੋਂ ਡਰਦੇ ਹਨ। ਜੋ ਕਰਨਾ ਹੈ ਕਰ ਲਵੋ ਮੋਦੀ ਜੀ, ਜੁੜੇਗਾ ਭਾਰਤ, ਜਿੱਤੇਗਾ ਇੰਡੀਆ!’’
ਕਾਂਗਰਸ ਦੀ ਬੁਲਾਰਾ ਸੁਪਰੀਆ ਸ੍ਰੀਨੇਤ ਨੇ ਦਾਅਵਾ ਕੀਤਾ, ‘‘ਜੀ-20 ਸੰਮੇਲਨ ਲਈ ਰਾਸ਼ਟਰਪਤੀ ਵਲੋਂ ਮਹਿਮਾਨਾਂ ਨੂੰ ਭੇਜੇ ਸੱਦੇ ’ਚ ‘ਰਿਪਬਲਿਕ ਆਫ਼ ਇੰਡੀਆ’ ਦੀ ਥਾਂ ‘ਰਿਪਬਪਲਿਕ ਆਫ਼ ਭਾਰਤ’ ਲਿਖਿਆ ਜਾਣਾ ਪ੍ਰਧਾਨ ਮੰਤਰੀ ਮੋਦੀ ਦੀ ਬੁਖਲਾਹਟ ਨਹੀਂ ਬਲਕਿ ਸਨਕ ਹੈ।’’
ਉਨ੍ਹਾਂ ਕਿਹਾ, ‘‘ਉਹ ‘ਇੰਡੀਆ’ ਤੋਂ ਘਬਰਾਉਂਦੇ ਹਨ ਇਹ ਤਾਂ ਸਾਨੂੰ ਪਤਾ ਸੀ, ਪਰ ਇੰਨੀ ਨਫ਼ਰਤ ਕਿ ਦੇਸ਼ ਦਾ ਨਾਂ ਹੀ ਬਦਲਣ ਲੱਗ ਜਾਣਗੇ? ਇਹ ਉਨ੍ਹਾਂ ਦੀ ਦਹਿਸ਼ਤ ਹੈ। ਹੁਣ ਤਾਂ ਇਕ ਨਾਕਾਮ ਤਾਨਾਸ਼ਾਹ, ਜਿਸ ਦੇ ਹੱਥ ’ਚੋਂ ਸੱਤਾ ਜਾਣ ਵਾਲੀ ਹੈ, ਉਸ ਦੀ ਤਰਲੋ-ਮੱਛੀ ਵੇਖ ਕੇ ਤਰਸ ਆਉਂਦਾ ਹੈ।’’