
ਕਿਹਾ, ਸਿਸੋਦੀਆ ਨੂੰ ‘ਝੂਠੇ ਦੋਸ਼ਾਂ’ ’ਤੇ ਜੇਲ ’ਚ ਬੰਦ ਕਰ ਦਿਤਾ ਗਿਆ ਹੈ ਪਰ ਉਨ੍ਹਾਂ ਨੂੰ ਬਹੁਤ ਛੇਤੀ ‘ਜ਼ਮਾਨਤ ਮਿਲ ਜਾਵੇਗੀ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁਧਵਾਰ ਨੂੰ ਬਵਾਨਾ ’ਚ ਬੀ.ਆਰ. ਅੰਬੇਡਕਰ ਸਕੂਲ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦੀ ਨਵੀਂ ਬ੍ਰਾਂਚ ਦਾ ਉਦਘਾਟਨ ਕਰਦਿਆਂ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਯਾਦ ਕਰ ਕੇ ਭਾਵੁਕ ਹੋ ਗਏ।
ਕੇਜਰੀਵਾਲ ਨੇ ਕਿਹਾ, ‘‘ਮੈਂ ਅੱਜ ਮਨੀਸ਼ ਸਿਸੋਦੀਆ ਦੀ ਕਮੀ ਮਹਿਸੂਸ ਕਰ ਰਿਹਾ ਹਾਂ। ਮਨੀਸ਼ ਸਿਸੋਦੀਆ ਨੇ ਸਾਰਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਉਦੇਸ਼ ਨਾਲ ਇਸ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ’ਤੇ ਝੂਠਾ ਦੋਸ਼ ਲਾਇਆ ਗਿਆ ਅਤੇ ਅਨਿਆਂਪੂਰਨ ਤਰੀਕੇ ਨਾਲ ਜੇਲ੍ਹ ’ਚ ਸੁੱਟ ਦਿਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਸਿਸੋਦੀਆ ਨੂੰ ‘ਝੂਠੇ ਦੋਸ਼ਾਂ’ ’ਤੇ ਜੇਲ ’ਚ ਬੰਦ ਕਰ ਦਿਤਾ ਗਿਆ ਹੈ ਪਰ ਉਨ੍ਹਾਂ ਨੂੰ ਬਹੁਤ ਛੇਤੀ ‘ਜ਼ਮਾਨਤ ਮਿਲ ਜਾਵੇਗੀ।’
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਮਨੀਸ਼ ਸਿਸੋਦੀਆ ਬਹੁਤ ਛੇਤੀ ਜੇਲ ਤੋਂ ਬਾਹਰ ਆ ਜਾਣਗੇ। ਜਿੱਤ ਸੱਚ ਦੀ ਹੀ ਹੁੰਦੀ ਹੈ। ਉਨ੍ਹਾਂ ਨੂੰ ਇਸ ਲਈ ਜੇਲ ਹੋਈ ਕਿਉਂਕਿ ਉਹ ਚੰਗੇ ਸਕੂਲ ਬਣਵਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਮਸ਼ਹੂਰ ਹੋ ਰਹੀ ਹੈ।’’
ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਅਸਿੱਧਾ ਹਮਲਾ ਕਰਦਿਆਂ ਉਨ੍ਹਾਂ ਕਿਹਾ, ‘‘ਭਾਜਪਾ ਦਿੱਲੀ ਦੀ ਸਿਖਿਆ ਦੀ ਤਰੱਕੀ ਨੂੰ ਰੋਕਣਾ ਚਾਹੁੰਦੇ ਹਨ।’’
ਉਨ੍ਹਾਂ ਦਾਅਵਾ ਕੀਤਾ, ‘‘ਉਹ ਚਾਹੁੰਦੇ ਹਨ ਕਿ ਦਿੱਲੀ ਦੀ ਸਿਖਿਆ ਕ੍ਰਾਂਤੀ ਖ਼ਤਮ ਹੋਵੇ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਦੁਨੀਆ ਭਰ ’ਚ ਸਾਰਿਆਂ ਦੀ ਇਕ ਹੀ ਸਲਾਹ ਹੈ ਕਿ ਸਾਡੇ ਸਕੂਲ ਸਭ ਤੋਂ ਚੰਗੇ ਹਨ।’’