
ਅਕਾਲੀ ਦਲ ਪਹਿਲਾਂ ਕੀਤੀਆਂ ਗ਼ਲਤੀਆਂ ਸੁਧਾਰ ਲਵੇ ਤਾਂ ਸੱਭ ਕੁੱਝ ਠੀਕ ਹੋ ਸਕਦੈ : ਪਰਮਿੰਦਰ ਢੀਂਡਸਾ
ਚੰਡੀਗੜ੍ਹ : ਅਕਾਲੀ ਦਲ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੇ ਪਾਰਟੀ ਅਪਣੀਆਂ ਪਹਿਲੀਆਂ ਗ਼ਲਤੀਆਂ ਨੂੰ ਦਰੁਸਤ ਕਰ ਲਵੇ ਤਾਂ ਸੱਭ ਕੁੱਝ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਗ਼ਲਤੀਆਂ ਦਰੁਸਤ ਕਰਨ ਲਈ ਅਪਣਾ ਸਿਆਸੀ ਭਵਿੱਖ ਵੀ ਕੁਰਬਾਨ ਕਰ ਸਕਦੇ ਹਨ।
File Photo
ਇਕ ਟੀ.ਵੀ. ਚੈਨਲ ਨੂੰ ਦਿਤੀ ਇੰਟਰਵਿਊ 'ਚ ਜਦੋਂ ਢੀਂਡਸਾ ਤੋਂ ਪੁਛਿਆ ਗਿਆ ਕਿ ਉਨ੍ਹਾਂ ਅਪਣੇ ਪਿਤਾ ਦੀਆਂ ਪੈੜ-ਚਾਲਾਂ ਉਤੇ ਚੱਲਣ ਵਿਚ ਪੂਰਾ ਇਕ ਸਾਲ ਕਿਉਂ ਲਾਇਆ ਤਾਂ ਉਨ੍ਹਾਂ ਜੁਆਬ ਦਿਤਾ ਕਿ ਪਹਿਲਾਂ ਉਹ ਅਜਿਹਾ ਕੁੱਝ ਨਹੀਂ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਨੇ ਅਸਤੀਫ਼ਾ ਦਿਤਾ ਸੀ ਉਦੋਂ ਪਹਿਲਾਂ-ਪਹਿਲ ਤਾਂ ਇਹੋ ਸੋਚਿਆ ਸੀ ਕਿ ਉਹ ਸਿਆਸਤ ਤੋਂ ਸੰਨਿਆਸ ਲੈਣਾ ਚਾਹੁੰਦੇ ਹਨ। ਅੰਤ ਮੈਂ ਅਪਣੇ ਸ਼ੁਭਚਿੰਤਕਾਂ ਤੋਂ ਸਲਾਹ ਲਈ 'ਤੇ ਆਖ਼ਰ ਮੈਂ ਅਪਣਾ ਫ਼ੈਸਲਾ ਲਿਆ।
File Photo
ਇਸ ਦੇ ਨਾਲ ਹੀ ਪਰਮਿੰਦਰ ਢੀਂਡਸਾ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਤਾਰੀਫ਼ਾਂ ਦੇ ਕਸੀਦੇ ਪੜ੍ਹੇ ਹਨ। ਨਵਜੋਤ ਸਿੱਧੂ ਨੂੰ ਪੰਜਾਬ ਦਾ ਹਰਮਨ ਪਿਆਰਾ ਲੀਡਰ ਦਸਦਿਆਂ ਢੀਂਡਸਾ ਨੇ ਆਖਿਆ ਕਿ ਪੰਜਾਬ ਦੀ ਆਉਣ ਵਾਲੀ ਸਿਆਸਤ 'ਚ ਨਵਜੋਤ ਸਿੱਧੂ ਦਾ ਬਹੁਤ ਵੱਡਾ ਅਤੇ ਅਹਿਮ ਰੋਲ ਹੋਵੇਗਾ।
File Photo
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸੱਭ ਤੋਂ ਵੱਡੀ ਢਾਅ ਬੇਅਦਬੀ ਦੇ ਦੋਸ਼ੀਆਂ ਵਿਰੁਧ ਕਾਰਵਾਈ ਨਾ ਕਰਨ ਕਰ ਕੇ ਲੱਗੀ ਹੈ। ਜਦੋਂ ਬੇਅਦਬੀ ਦੇ ਮਾਮਲੇ ਵਾਪਰੇ ਸਨ ਤਾਂ ਉਦੋਂ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ, ਇਸ ਲਈ ਇਨ੍ਹਾਂ ਮਾਮਲਿਆਂ 'ਤੇ ਅਕਾਲੀ ਦਲ ਨੂੰ ਉਸੇ ਸਮੇਂ ਹੀ ਮੁਆਫ਼ੀ ਮੰਗ ਲੈਣੀ ਚਾਹੀਦੀ ਸੀ। ਇਸ ਦੇ ਨਾਲ ਹੀ ਢੀਂਡਸਾ ਨੇ ਡੇਰਾ ਮੁਖੀ ਨੂੰ ਦਿਤੀ ਗਈ ਮੁਆਫ਼ੀ ਨੂੰ ਵੀ ਗਲਤ ਦਸਿਆ ਹੈ।