‘ਆਪ’ ਤੇ ਕਾਂਗਰਸ ਨੂੰ ਵੱਲੋਂ ‘ਜੀ ਰਾਮ ਜੀ’ ਸਕੀਮ ਦਾ ਬਿਨਾ ਵਜ੍ਹਾ ਕੀਤਾ ਜਾ ਰਿਹਾ ਹੈ ਵਿਰੋਧ’
ਜਲੰਧਰ : ਮਨਰੇਗਾ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜਲੰਧਰ ਪਹੁੰਚੇ ਜਿੱਥੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ। ਮਨਰੇਗਾ ਸਬੰਧੀ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ‘ਜੀ ਰਾਮ ਜੀ’ ਕਾਨੂੰਨ ਵਿਚ ਕੋਈ ਕਮੀ ਨਹੀਂ ਹੈ। ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਬਿਨਾ ਮਤਲਬ ਤੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2024-25 ਦੌਰਾਨ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਸਿਰਫ 26 ਦਿਨ ਕੰਮ ਮਿਲਿਆ ਉਨ੍ਹਾਂ ਦੇ ਹਿੱਸੇ ਦਾ 74 ਦਿਨਾਂ ਦਾ ਕੰਮ ਕਿੱਥੇ ਗਿਆ। ਉਨ੍ਹਾਂ ਕਾਂਗਰਸੀ ਵੱਲੋਂ ਐਵੇਂ ਰੌਲਾ ਪਾਇਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਖਤਮ ਕਰ ਦਿੱਤਾ ਹੈ ਜਦਿਕ ਮੋਦੀ ਸਰਕਾਰ ਨੇ 100 ਦਿਨਾਂ ਦੇ ਮੁਕਾਬਲੇ 125 ਦਿਨਾਂ ਦੇ ਕੰਮ ਦੀ ਗਰੰਟੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗਰੀਬ ਨੂੰ 125 ਦਿਨ ਕੰਮ ਕਰਕੇ ਪੈਸੇ ਮਿਲਦੇ ਹਨ ਤਾਂ ਤੁਹਾਨੂੰ ਤਕਲੀਫ਼ ਕਿਉਂ ਹੋ ਰਹੀ ਹੈ। ਜਾਖੜ ਨੇ ਅੱਗੇ ਕਿਹਾ ਕਿ ਗੈਂਗਸਟਰ ਹਰ ਰੋਜ਼ ਫੋਨ ਕਰਕੇ ਫਿਰੌਤੀ ਮੰਗ ਰਹੇ ਹਨ। ਭਗਵੰਤ ਮਾਨ ਅਤੇ ਕੇਜਰੀਵਾਲ ਸਿਰਫ਼ ਗੱਲਾਂ ਕਰ ਰਹੇ ਹਨ, ਹੋਰ ਕੁਝ ਨਹੀਂ। ਜਦਕਿ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਗੈਂਗਸਟਰਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੰਦਾ ਹਾਂ ਕਿ ਉਹ ਪੰਜਾਬ ਛੱਡ ਕੇ ਚਲੇ ਜਾਣ ਨਹੀਂ ਤਾਂ ਅਸੀਂ ਉਨ੍ਹਾਂ ਨੂੰ ਖਤਮ ਕਰ ਦਿਆਂਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਸ਼ਾਂਤੀ ਹੋਵੇਗੀ ਤਾਂ ਹੀ ਸੂਬਾ ਬਚੇਗਾ। ਪਰ ਹੁਣ ਨਵੇਂ ਸਾਲ ਦੇ 7 ਦਿਨਾਂ ਅੰਦਰ ਪੰਜਾਬ ਵਿਚ 9 ਕਤਲ ਹੋ ਗਏ ਹਨ। ਜਾਖੜ ਨੇ ਕਿਹਾ ਕਿ ਆਏ ਦਿਨ ਗੈਂਗਸਟਰ ਫਿਰੌਤੀਆਂ ਮੰਗ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਵਿਰੁੱਧ ਕੋਈ ਯੁੱਧ ਨਹੀਂ ਚੱਲ ਰਿਹਾ,ਸਗੋਂ ਪੰਜਾਬ ਦੀ ਜਵਾਨੀ, ਕਿਸਾਨੀ ਵਿਰੁੱਧ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਇਕ ਦਿਨ ਪੰਜਾਬ ਨੂੰ ਲੈ ਡੁੱਬੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ। ਉਨ੍ਹਾਂ ਨੇ ਬਦਲਾਅ ਦੇਖ ਹੀ ਲਿਆ ਹੈ।
