
ਕਿਹਾ- ਰੇਲਗੱਡੀ ਦੇ ਡੱਬੇ ਅਜੇ ਵੀ ਖ਼ਾਲੀ ਹਨ, ਜੇਕਰ ਬੈਠੋ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਮੰਜ਼ਿਲ ਤੱਕ ਲੈ ਜਾਣਗੇ
ਅਗਰਤਲਾ: ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਖੱਬੇ ਪੱਖੀ ਨੇਤਾਵਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿਹਾ ਕਿ ਉਨ੍ਹਾਂ ਦੀ ਪਾਰਟੀ ਯਾਨੀ ਭਾਰਤੀ ਜਨਤਾ ਪਾਰਟੀ ਗੰਗਾ ਨਦੀ ਦੀ ਤਰ੍ਹਾਂ ਹੈ ਅਤੇ ਇਸ ਵਿੱਚ ਡੁਬਕੀ ਲਗਾਉਣ ਨਾਲ ਉਨ੍ਹਾਂ ਦੇ ਸਾਰੇ ਪਾਪ ਮਾਫ਼ ਹੋ ਜਾਣਗੇ।
ਦੱਖਣੀ ਤ੍ਰਿਪੁਰਾ ਦੇ ਕਾਕਰਾਬਨ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸਾਹਾ ਨੇ ਕਿਹਾ ਕਿ ਭਾਜਪਾ ਨੂੰ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਾ ਹਾਂ ਜੋ ਅਜੇ ਵੀ ਸਟਾਲਿਨ ਅਤੇ ਲੈਨਿਨ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਹਨ, ਭਾਜਪਾ 'ਚ ਸ਼ਾਮਲ ਹੋ ਜਾਣ ਕਿਉਂਕਿ ਇਹ ਗੰਗਾ ਨਦੀ ਵਾਂਗ ਹੈ।''
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਗੰਗਾ ਵਿੱਚ ਇਸ਼ਨਾਨ ਕਰੋਗੇ ਤਾਂ ਤੁਹਾਡੇ ਸਾਰੇ ਪਾਪ ਧੋਤੇ ਜਾਣਗੇ। ਸਾਹਾ ਨੇ ਕਿਹਾ, “ਰੇਲ ਦੇ ਡੱਬੇ ਅਜੇ ਵੀ ਖ਼ਾਲੀ ਹਨ। ਜੇਕਰ ਤੁਸੀਂ ਇਨ੍ਹਾਂ 'ਚ ਬੈਠੋ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਸਾਰਿਆਂ ਨੂੰ ਉਸ ਮੰਜ਼ਿਲ 'ਤੇ ਲੈ ਕੇ ਜਾਣਗੇ, ਜਿੱਥੇ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ। ਵਿਰੋਧੀ ਕਮਿਊਨਿਸਟ ਪਾਰਟੀ ਆਫ ਇੰਡੀਆ-ਮਾਰਕਸਵਾਦੀ (ਸੀਪੀਆਈ-ਐਮ) 'ਤੇ ਨਿਸ਼ਾਨਾ ਸਾਧਦੇ ਹੋਏ ਸਾਹਾ ਨੇ ਦੋਸ਼ ਲਗਾਇਆ ਕਿ ਕਮਿਊਨਿਸਟ ਪਾਰਟੀ ਨੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਦਬਾਇਆ ਹੈ।
ਉਨ੍ਹਾਂ ਨੇ ਦੋਸ਼ ਲਗਾਇਆ, “ਕਮਿਊਨਿਸਟ ਸ਼ਾਸਨ ਦੌਰਾਨ ਕੋਈ ਲੋਕਤੰਤਰ ਨਹੀਂ ਸੀ ਕਿਉਂਕਿ ਉਹ ਹਿੰਸਾ ਅਤੇ ਦਹਿਸ਼ਤਗਰਦੀ ਦੀਆਂ ਚਾਲਾਂ ਵਿੱਚ ਵਿਸ਼ਵਾਸ ਰੱਖਦੇ ਸਨ। ਦੱਖਣੀ ਤ੍ਰਿਪੁਰਾ ਜ਼ਿਲ੍ਹੇ ਵਿੱਚ ਖੱਬੇ ਪੱਖੀ ਸ਼ਾਸਨ ਦੌਰਾਨ 69 ਵਿਰੋਧੀ ਨੇਤਾ ਮਾਰੇ ਗਏ ਸਨ। ਕਾਕਰਾਬਨ ਕੋਈ ਅਪਵਾਦ ਨਹੀਂ ਸੀ ਜਿੱਥੇ ਬਹੁਤ ਸਾਰੀਆਂ ਸਿਆਸੀ ਹੱਤਿਆਵਾਂ ਹੋਈਆਂ ਸਨ।''