
ਸੁਪਰੀਮ ਕੋਰਟ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦੀ ਸੱਚਾਈ ਉਤੇ ਕੋਈ ਸ਼ੱਕ ਨਹੀਂ ਹੈ : ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਨਿਚਰਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਚੋਣ ਕਮਿਸ਼ਨ ਉਤੇ ਭਰੋਸਾ ਨਹੀਂ ਹੈ ਤਾਂ ਉਨ੍ਹਾਂ ਨੂੰ ਨੈਤਿਕ ਆਧਾਰ ਉਤੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਪਾਰਟੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੋਣਾਂ ਉਤੇ ਭਰੋਸਾ ਨਹੀਂ ਹੈ ਤਾਂ ਉਹ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰਾਂ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ।
ਭਾਟੀਆ ਨੇ ਭਾਜਪਾ ਹੈੱਡਕੁਆਰਟਰ ’ਚ ਇਕ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਤੁਸੀਂ (ਰਾਹੁਲ ਗਾਂਧੀ) ਮੀਡੀਆ ਦੇ ਸਾਹਮਣੇ ਬੇਬੁਨਿਆਦ ਦੋਸ਼ ਲਗਾਉਂਦੇ ਹੋ ਅਤੇ ਫਿਰ ਸੰਵਿਧਾਨਕ ਸੰਸਥਾ ਦੇ ਕਹਿਣ ਉਤੇ ਸਬੂਤ ਅਤੇ ਲਿਖਤੀ ਘੋਸ਼ਣਾ ਦੇਣ ਤੋਂ ਇਨਕਾਰ ਕਰ ਦਿੰਦੇ ਹੋ।’’ ਸੁਪਰੀਮ ਕੋਰਟ ਦੇ ਪਿਛਲੇ ਫੈਸਲੇ ਦੇ ਅੰਸ਼ ਪੜ੍ਹਦਿਆਂ ਪਾਰਟੀ ਬੁਲਾਰੇ ਨੇ ਕਿਹਾ, ‘‘ਸੁਪਰੀਮ ਕੋਰਟ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦੀ ਸੱਚਾਈ ਉਤੇ ਕੋਈ ਸ਼ੱਕ ਨਹੀਂ ਹੈ ਅਤੇ ਇਹ ਰੀਕਾਰਡ ਦਾ ਵਿਸ਼ਾ ਹੈ ਕਿ ਚੋਣ ਕਮਿਸ਼ਨ ਨੇ ਸਾਲਾਂ ਤੋਂ ਨਿਰਪੱਖ ਸੰਸਥਾ ਵਜੋਂ ਅਪਣੀ ਸਾਖ ਬਣਾਈ ਹੈ।’’
ਭਾਟੀਆ ਨੇ ਰਾਹੁਲ ਗਾਂਧੀ ਦੇ ‘ਵੋਟ ਚੋਰੀ’ ਦੇ ਦਾਅਵੇ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਕਿ ਰਾਹੁਲ ਉਰਫ ‘ਅਰਾਜਕ ਤੱਤ’ ਹੁਣ ਰਾਹੁਲ ਉਰਫ ‘ਵਿਨਾਸ਼ਕਾਰੀ’ ਬਣ ਗਿਆ ਹੈ। ਉਹ ਭਾਰਤ ਦੇ ਸੰਵਿਧਾਨ ਅਤੇ ਭਾਰਤੀ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੇ ਹਨ।