
Amanatullah Khan News: ਕਾਂਗਰਸ ਨੇ ਚੋਣਾਂ ਜਿੱਤਣ ਲਈ ਨਹੀਂ, ਸਗੋਂ ਸਾਡੀ ਹਾਰ ਯਕੀਨੀ ਬਣਾਉਣ ਲਈ ਲੜੀਆਂ-ਅਮਾਨਤੁੱਲਾ
ਓਖਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਾਂਗਰਸ ਨੇ ਅਮਾਨਤੁੱਲਾ ਖ਼ਾਨ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ
ਆਮ ਆਦਮੀ ਪਾਰਟੀ ਨੇ 2020 ਵਿੱਚ 62 ਵਿਧਾਨ ਸਭਾ ਸੀਟਾਂ ਅਤੇ 2015 ਵਿੱਚ 67 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ, ਪਰ ਇਸ ਚੋਣ ਵਿੱਚ ਇਸ ਦੀ ਗਿਣਤੀ ਘੱਟ ਕੇ 22 ਰਹਿ ਗਈ। ਇਸ ਵਾਰ ਭਾਜਪਾ ਨੇ 70 ਮੈਂਬਰੀ ਵਿਧਾਨ ਸਭਾ 'ਚ 48 ਸੀਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕਾਂਗਰਸ ਇਕ ਵੀ ਸੀਟ ਨਹੀਂ ਜਿੱਤ ਸਕੀ।
ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਅਮਾਨਤੁੱਲਾ ਖ਼ਾਨ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਚੋਣ ਸਫ਼ਲਤਾ ਦੀ ਬਜਾਏ 'ਆਪ' ਦੀ ਹਾਰ ਨੂੰ ਪਹਿਲ ਦਿੱਤੀ। ਅਮਾਨਤੁੱਲਾ ਖ਼ਾਨ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਜਿੱਤਣ ਲਈ ਨਹੀਂ, ਸਗੋਂ ਸਾਡੀ ਹਾਰ ਯਕੀਨੀ ਬਣਾਉਣ ਲਈ ਲੜੀਆਂ।
ਕਾਂਗਰਸ ਨੇਤਾ ਰਾਹੁਲ ਗਾਂਧੀ ਪਹਿਲੀ ਵਾਰ ਮੇਰੇ ਹਲਕੇ 'ਚ ਚੋਣ ਪ੍ਰਚਾਰ ਕਰਨ ਆਏ ਸਨ। ਉਹ ਜਾਣਦੇ ਸਨ ਕਿ ਉਨ੍ਹਾਂ ਕੋਲ ਜਿੱਤਣ ਦਾ ਕੋਈ ਮੌਕਾ ਨਹੀਂ ਸੀ, ਪਰ ਉਹ ਸਾਨੂੰ ਹਰਾਉਣ ਲਈ ਦ੍ਰਿੜ੍ਹ ਸਨ। ਅਮਾਨਤੁੱਲਾ ਖ਼ਾਨ ਨੇ ਕਿਹਾ ਕਿ ਗਠਜੋੜ ਦੇ ਭਾਈਵਾਲਾਂ ਨੂੰ ਹਰੇਕ ਰਾਜ ਵਿੱਚ ਸਭ ਤੋਂ ਮਜ਼ਬੂਤ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿੱਚ ਮਜ਼ਬੂਤ ਸੀ, ਕਾਂਗਰਸ ਨਹੀਂ ਪਰ ਇਸ ਦੇ ਕਦਮਾਂ ਨੇ ਭਾਜਪਾ ਨੂੰ ਸੱਤਾ ਵਿੱਚ ਆਉਣ ਵਿੱਚ ਮਦਦ ਕੀਤੀ। ਕਾਂਗਰਸ ਕੋਲ ਗੁਆਉਣ ਲਈ ਕੁਝ ਨਹੀਂ ਸੀ, ਪਰ ਇਸ ਦੀ ਰਣਨੀਤੀ ਨੇ ਧਰਮ ਨਿਰਪੱਖ ਵੋਟਰਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ।