
ਕਿਹਾ, ਸਾਨੂੰ ਜੀਣ ਦਿਉ, ਸਾਡਾ ਖ਼ੂਨ ਸਸਤਾ ਨਹੀਂ
ਨਵੀਂ ਦਿੱਲੀ : ਬਾਰਾਮੂਲਾ ਤੋਂ ਆਜ਼ਾਦ ਸੰਸਦ ਮੈਂਬਰ ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਾਸ਼ਿਦ ਨੇ ਮੰਗਲਵਾਰ ਨੂੰ ਸਰਕਾਰ ਤੋਂ ਜੰਮੂ-ਕਸ਼ਮੀਰ ’ਚ ਹਾਲ ਹੀ ’ਚ ਦੋ ਨਾਗਰਿਕਾਂ ਦੀ ਮੌਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਲੋਕ ਸਭਾ ’ਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਰਸ਼ੀਦ ਨੇ ਦਾਅਵਾ ਕੀਤਾ ਕਿ ਕੁੱਝ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਦੋ ਵਿਅਕਤੀਆਂ ਵਸੀਮ ਅਹਿਮਦ ਮੀਰ ਅਤੇ ਮੱਖਣ ਦੀਨ ਨੂੰ ਕਥਿਤ ਤੌਰ ’ਤੇ ਮਾਰ ਦਿਤਾ ਸੀ। ਉਨ੍ਹਾਂ ਕਿਹਾ, ‘‘ਸਾਨੂੰ ਜੀਣ ਦਿਉ। ਸਾਡਾ ਖੂਨ ਸਸਤਾ ਨਹੀਂ ਹੈ।’’ ਰਸ਼ੀਦ ਨੇ ਸਰਕਾਰ ਤੋਂ ਕੁਪਵਾੜਾ ਦੇ ਦੂਰ-ਦੁਰਾਡੇ ਕੇਰਨ, ਕਰਨਾਹ ਅਤੇ ਮਾਛਿਲ ਇਲਾਕਿਆਂ ਤਕ ਪਹੁੰਚ ਪ੍ਰਦਾਨ ਕਰਨ ਲਈ ਇਕ ਸੁਰੰਗ ਬਣਾਉਣ ਦੀ ਵੀ ਮੰਗ ਕੀਤੀ।
ਰਾਸ਼ਿਦ ਨੂੰ ਦਿੱਲੀ ਹਾਈ ਕੋਰਟ ਨੇ ਹਿਰਾਸਤੀ ਪੈਰੋਲ ਦਿਤੀ ਸੀ ਤਾਂ ਜੋ ਉਸ ਨੂੰ 11 ਅਤੇ 13 ਫ਼ਰਵਰੀ ਨੂੰ ਸੰਸਦ ਦੀ ਕਾਰਵਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿਤੀ ਜਾ ਸਕੇ। ਉਹ ਵੱਖਵਾਦੀ ਅਤੇ ਅਤਿਵਾਦੀ ਸੰਗਠਨਾਂ ਦੇ ਫੰਡਿੰਗ ਨਾਲ ਜੁੜੇ ਦੋਸ਼ਾਂ ਨਾਲ ਜੁੜੇ ਇਕ ਮਾਮਲੇ ਵਿਚ 2019 ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ।