
ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਜਤਾਈ ਚਿੰਤਾ ਅਤੇ ਕੀਤਾ ਵਿਰੋਧ
ਚੰਡੀਗੜ੍ਹ : ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਪੰਜਾਬ ਸਰਕਾਰ ਚਲਾਉਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਫਿਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਹਨ। ਤਾਜ਼ਾ ਮਾਮਲਾ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮੁਫ਼ਤ ਬਿਜਲੀ ਨੂੰ ਲੈ ਕੇ ਦਿੱਲੀ 'ਚ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਉਣ ਦਾ ਹੈ। ਕਾਂਗਰਸ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਅਤੇ ਵਿਧਾਇਕ ਸੁਖਪਾਲ ਖਹਿਰਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਪੰਜਾਬ 'ਚ 'ਆਪ' ਲੀਡਰਸ਼ਿਪ 'ਤੇ ਸਵਾਲ ਚੁੱਕੇ ਹਨ।
ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਊਰਜਾ ਸਕੱਤਰ ਦਲੀਪ ਕੁਮਾਰ ਅਤੇ ਪੀਐਸਪੀਸੀਐਲ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਸੂਬੇ ਵਿੱਚ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਬਾਰੇ ਚਰਚਾ ਕੀਤੀ। ਮੀਟਿੰਗ ਦੀ ਪ੍ਰਧਾਨਗੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ। ਉਨ੍ਹਾਂ ਦੇ ਨਾਲ ਦਿੱਲੀ ਦੇ ਮੰਤਰੀ ਸਤੇਂਦਰ ਜੈਨ, ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਸਨ।
ਹੈਰਾਨੀ ਦੀ ਗੱਲ ਹੈ ਕਿ ਮੀਟਿੰਗ ਵਿੱਚ ਨਾ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਾ ਹੀ ਬਿਜਲੀ ਮੰਤਰੀ ਹਰਭਜਨ ਸਿੰਘ ਹਾਜ਼ਰ ਸਨ। ਇਸ ਦੇ ਨਾਲ ਹੀ ਪੰਜਾਬ ਵਿੱਚ ਮੁਫਤ ਬਿਜਲੀ ਦੇਣ ਦੇ ਫੈਸਲੇ ਨੂੰ ਲੈ ਕੇ ਬੁਲਾਈ ਗਈ ਮੀਟਿੰਗ ਵਿੱਚ ਨਾ ਤਾਂ ਸੂਬੇ ਦਾ ਕੋਈ ਹੋਰ ਵੱਡਾ ਆਗੂ ਸ਼ਾਮਲ ਹੋਇਆ। ਇਸ ਸਾਰੇ ਮਾਮਲੇ 'ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ ਹੈ।
photo
ਸਿਰ ਤਾਂ ਝੁਕਾ ਹੀ ਦਿਤਾ ਸੀ ਕੀ ਹੁਣ ਮੱਥਾ ਵੀ ਟੇਕ ਦਿਤਾ ਹੈ? - ਰਾਜਾ ਵੜਿੰਗ
''ਮੁੱਖ ਸਕੱਤਰ ਅਨਿਰੁਧ ਤਿਵਾੜੀ, ਸਕੱਤਰ ਪਾਵਰ ਦਲੀਪ ਕੁਮਾਰ, ਦਿੱਲੀ ਦੇ CM ਅਰਵਿੰਦ ਕੇਜਰੀਵਾਲ, MP ਰਾਘਵ ਚੱਢਾ, ਦਿੱਲੀ ਦੇ ਮੰਤਰੀ ਸਤੇਂਦਰ ਜੈਨ, PSPCL ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ CM ਭਗਵੰਤ ਮਾਨ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਗ਼ੈਰ-ਹਾਜ਼ਰੀ 'ਚ ਅਧਿਕਾਰਤ ਮੀਟਿੰਗ ਕੀਤੀ ਹੈ। ਕੀ ਪੰਜਾਬ ਨੂੰ ਦਿੱਲੀ ਵਾਲਿਆਂ ਦੀ ਕਠਪੁਤਲੀ ਬਣਾ ਦਿੱਤਾ ਜਾਵੇਗਾ, ਇਹ ਮੀਟਿੰਗ ਕਿਸ ਹੈਸੀਅਤ ਨਾਲ ਤੇ ਕਿਸ ਮੁੱਦੇ 'ਤੇ ਹੋਈ ਸੀ.. CM ਸਾਬ੍ਹ ਇਸ ਨੂੰ ਜਨਤਕ ਕਰੋ।''
photo
ਪੰਜਾਬ ਅਧਿਕਾਰੀਆਂ ਦੀ ਦਿੱਲੀ ਵਿਖੇ ਹੋਈ ਮੀਟਿੰਗ 'ਤੇ ਬੋਲੇ ਕੈਪਟਨ ਅਮਰਿੰਦਰ ਸਿੰਘ
''ਜਿਸ ਦਾ ਡਰ ਸੀ ਉਹੀ ਹੋਇਆ। ਅਰਵਿੰਦ ਕੇਜਰੀਵਾਲ ਨੇ ਉਮੀਦ ਤੋਂ ਬਹੁਤ ਪਹਿਲਾਂ ਹੀ ਪੰਜਾਬ 'ਤੇ ਕਬਜ਼ਾ ਕਰ ਲਿਆ ਹੈ। ਰਬੜ ਦੀ ਮੋਹਰ ਦਾ ਪਹਿਲਾ ਸਿੱਟਾ ਭਗਵੰਤ ਮਾਨ ਸਨ ਤੇ ਹੁਣ ਕੇਜਰੀਵਾਲ ਨੇ ਦਿੱਲੀ ਵਿੱਚ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ ਇਸ ਨੂੰ ਸਹੀ ਸਾਬਤ ਕਰ ਦਿੱਤਾ ਹੈ।''
photo
ਪੰਜਾਬ ਵਿਚ ਬਾਹਰਲੇ ਲੋਕਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ -ਸੁਖਪਾਲ ਸਿੰਘ ਖਹਿਰਾ
''ਇਹ ਬਾਹਰਲੇ ਲੋਕਾਂ ਵੱਲੋਂ ਪੰਜਾਬ ਦੇ ਖੇਤਰ ਵਿੱਚ ਵੱਡੀ ਦਖ਼ਲਅੰਦਾਜ਼ੀ ਹੈ ਜੋ ਕਿ ਬਿਲਕੁਲ ਅਸਵੀਕਾਰਨਯੋਗ ਹੈ! ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਆਪਣੇ ਅਤੇ ਆਪਣੇ ਮੰਤਰੀਆਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਨ ਲਈ ਅਫ਼ਸਰਾਂ ਨੂੰ ਤਾੜਨਾ ਕਰਨੀ ਚਾਹੀਦੀ ਹੈ।''
Navjot sidhu
ਦਿੱਲੀ ਵਿਖੇ ਪੰਜਾਬ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ 'ਤੇ ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਚੁੱਕੇ ਸਵਾਲ
ਵਗਣ ਦਿਓ ਹਕੀਕਤ ਦੀਆਂ ਹਨ੍ਹੇਰੀਆਂ, ਪਤਾ ਨਹੀਂ ਕਿਹੜਾ ਹਵਾ ਦਾ ਬੁੱਲ੍ਹਾ ਧੋਖੇਬਾਜ਼ਾਂ ਦੇ ਮਖੌਟੇ ਉਡਾ ਦੇਵੇ
''ਪੰਜਾਬ ਦੇ ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿਚ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ IAS ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਇਹ Defacto CM ਅਤੇ ਦਿੱਲੀ ਰਿਮੋਟ ਕੰਟਰੋਲ ਦਾ ਪਰਦਾਫਾਸ਼ ਕਰਦਾ ਹੈ। ਸੰਘਵਾਦ ਦੀ ਸ਼ਰੇਆਮ ਉਲੰਘਣਾ, ਪੰਜਾਬੀ ਸਵੈਮਾਣ ਦਾ ਅਪਮਾਨ। ਦੋਵਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ'
photo
ਭਗਵੰਤ ਮਾਨ ਸਾਬ੍ਹ, ਭਗਤ ਸਿੰਘ ਦੀ ਪੱਗ ਦੀ ਕੁਝ ਤਾਂ ਲਾਜ ਰੱਖੋ - ਸੁਭਾਸ਼ ਸ਼ਰਮਾ
''ਰਾਜ ਸਭਾ ਦੀ ਸੂਚੀ, ਮੰਤਰੀਆਂ ਦੀ ਚੋਣ, ਪੰਜਾਬ ਸਰਕਾਰ 'ਚ ਅਧਿਕਾਰੀਆਂ ਦੀ ਨਿਯੁਕਤੀ। ਇਹ ਸਭ ਦਿੱਲੀ ਦੇ ਇਸ਼ਾਰੇ 'ਤੇ ਹੀ ਹੋ ਰਿਹਾ ਸੀ ਪਰ ਹੁਣ ਤਾਂ ਹੱਦ ਹੀ ਹੋ ਗਈ ਹੈ ਕਿ ਮੀਟਿੰਗ ਵੀ ਦਿੱਲੀ ਦੇ ਮੰਤਰੀ ਕਰ ਰਹੇ ਹਨ। ਇਹ ਬਰਦਾਸ਼ਤ ਨਹੀਂ ਹੋ ਸਕਦਾ। ਦਿੱਲੀ 'ਚ ਮੀਟਿੰਗ ਕਰਨੀ ਨਾ ਸਿਰਫ਼ ਗ਼ੈਰ- ਸੰਵਿਧਾਨਿਕ ਹੈ ਸਗੋਂ ਪੰਜਾਬੀਆਂ ਦੀ ਬੇਇੱਜ਼ਤੀ ਵੀ ਹੈ। ਕੀ ਆਮ ਆਦਮੀ ਪਾਰਟੀ ਪੰਜਾਬ ਦੇ CM ਭਗਵੰਤ ਮਾਨ ਨੂੰ ਇੰਨਾ ਨਾਕਾਬਿਲ ਸਮਝਦੀ ਹੈ ਕਿ ਉਨ੍ਹਾਂ ਨੂੰ ਮੀਟਿੰਗ 'ਚ ਬੁਲਾਉਣਾ ਵੀ ਠੀਕ ਨਹੀਂ ਸਮਝਿਆ।''