ਕਾਂਗਰਸ ਦੇ ‘ਸ਼ਹਿਜ਼ਾਦੇ’ ਰਾਜਕੁਮਾਰ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਲਈ ਰਾਖਵਾਂਕਰਨ ਖਤਮ ਕਰਨਾ ਚਾਹੁੰਦੇ ਹਨ : ਮੋਦੀ
ਦੇਵਘਰ/ਗੋਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਕਾਂਗਰਸ ਦੇ ਰਾਜਕੁਮਾਰ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਭਾਈਚਾਰਿਆਂ ਨੂੰ ਕਮਜ਼ੋਰ ਕਰਨ ਲਈ ਰਾਖਵਾਂਕਰਨ ਖਤਮ ਕਰਨ ਦੀ ਸਾਜ਼ਸ਼ ਰਚ ਰਹੇ ਹਨ।
ਝਾਰਖੰਡ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਦੋਸ਼ ਲਾਇਆ ਕਿ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੀ ਅਗਵਾਈ ਵਾਲੇ ਗਠਜੋੜ ਨੇ ਘੁਸਪੈਠੀਆਂ ਨੂੰ ਸੂਬੇ ਦਾ ਸਥਾਈ ਨਾਗਰਿਕ ਬਣਨ ’ਚ ਮਦਦ ਕੀਤੀ।
ਦੇਵਘਰ ਜ਼ਿਲ੍ਹੇ ਦੇ ਸਰਥ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਝਾਰਖੰਡ ਦੀ ਪਛਾਣ ਬਦਲਣ ਲਈ ਅੱਜ ਵੱਡੀ ਸਾਜ਼ਸ਼ ਰਚੀ ਜਾ ਰਹੀ ਹੈ ਅਤੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਅਤੇ ਕਾਂਗਰਸ ਸਰਕਾਰ ’ਚ ਬਾਹਰੋਂ ਆਏ ਘੁਸਪੈਠੀਆਂ ਨੂੰ ਸਥਾਈ ਨਿਵਾਸੀ ਬਣਾਉਣ ਲਈ ਹਰ ਗਲਤ ਕੰਮ ਕੀਤਾ ਗਿਆ।
ਉਨ੍ਹਾਂ ਕਿਹਾ, ‘‘ਇਨ੍ਹਾਂ ਘੁਸਪੈਠੀਆਂ ਲਈ ਰਾਤੋ-ਰਾਤ ਠੋਸ ਕਾਗਜ਼ ਬਣਾਏ ਗਏ। ਆਦਿਵਾਸੀ ਧੀਆਂ ਨੂੰ ਵਿਆਹ ਦੇ ਨਾਂ ’ਤੇ ਠੱਗਿਆ ਗਿਆ ਅਤੇ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਗਿਆ। ਇਨ੍ਹਾਂ ਘੁਸਪੈਠੀਆਂ ਨੇ ਤੁਹਾਡੇ ਤੋਂ ਤੁਹਾਡਾ ਰੁਜ਼ਗਾਰ ਖੋਹ ਲਿਆ ਅਤੇ ਤੁਹਾਡੀ ਰੋਟੀ ਵੀ ਖੋਹ ਲਈ। ਪਰ ਇੱਥੇ ਸਰਕਾਰ ਦਾ ਰਵੱਈਆ ਦੇਖੋ। ਜੇ.ਐਮ.ਐਮ. ਸਰਕਾਰ ਨੇ ਅਦਾਲਤ ’ਚ ਕਿਹਾ ਕਿ ਝਾਰਖੰਡ ’ਚ ਕੋਈ ਘੁਸਪੈਠ ਨਹੀਂ ਹੋਈ।’’
ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਭਾਈਚਾਰਿਆਂ ਨੂੰ ਕਮਜ਼ੋਰ ਕਰਨ ਸਮੇਤ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦਾ ਵਾਅਦਾ ਕਰਦਿਆਂ ਮੋਦੀ ਨੇ ਭਰੋਸਾ ਜਤਾਇਆ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਝਾਰਖੰਡ ’ਚ ਸਰਕਾਰ ਬਣਾਉਣ ਜਾ ਰਿਹਾ ਹੈ ਅਤੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਵੇਗਾ।
ਝਾਰਖੰਡ ’ਚ ਅਪਣੇ ਚੋਣ ਪ੍ਰਚਾਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਿੱਥੇ ਵੀ ਗਏ, ਵਿਦੇਸ਼ੀਆਂ ਦੀ ਘੁਸਪੈਠ ਸੱਭ ਤੋਂ ਵੱਡੀ ਚਿੰਤਾ ਸੀ। ਉਨ੍ਹਾਂ ਕਿਹਾ, ‘‘ਝਾਰਖੰਡੀ ਮਾਣ ਅਤੇ ਝਾਰਖੰਡ ਦੀ ਪਛਾਣ ਤੁਹਾਡੇ ਸਾਰਿਆਂ ਦੀ ਤਾਕਤ ਰਹੀ ਹੈ। ਅੰਕੜੇ ਦਰਸਾਉਂਦੇ ਹਨ ਕਿ ਸੰਥਾਲ ਖੇਤਰ ’ਚ ਆਦਿਵਾਸੀਆਂ ਦੀ ਗਿਣਤੀ ਲਗਭਗ ਅੱਧੀ ਹੋ ਗਈ ਹੈ।’’
ਉਨ੍ਹਾਂ ਕਿਹਾ, ‘‘ਜੇਕਰ ਆਦਿਵਾਸੀ ਇਸੇ ਤਰ੍ਹਾਂ ਘਟਦੇ ਰਹੇ ਤਾਂ ਕੀ ਹੋਵੇਗਾ ਜੇ ਦੂਸਰੇ ਤੁਹਾਡੇ ਪਾਣੀ, ਜੰਗਲ ਅਤੇ ਜ਼ਮੀਨ ’ਤੇ ਕਬਜ਼ਾ ਕਰ ਲੈਣਗੇ। ਸਾਨੂੰ ਅਪਣੇ ਆਦਿਵਾਸੀ ਪਰਵਾਰਾਂ ਨੂੰ ਇਸ ਸਥਿਤੀ ਤੋਂ ਬਚਾਉਣਾ ਹੈ ਅਤੇ ਝਾਰਖੰਡ ਨੂੰ ਵੀ ਬਚਾਉਣਾ ਹੈ।’’ ਝਾਰਖੰਡ ’ਚ ਬੁਧਵਾਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ‘ਰੋਟੀ-ਬੇਟੀ ਅਤੇ ਮਾਟੀ‘ ਨੂੰ ਬਚਾਉਣ ਦਾ ਸੰਕਲਪ ਅੱਜ ਹਰ ਬੂਥ ’ਤੇ ਵਿਖਾ ਈ ਦੇ ਰਿਹਾ ਹੈ।
ਰਾਹੁਲ ਗਾਂਧੀ ਦੀ ‘ਚੌਥੀ ਪੀੜ੍ਹੀ’ ਵੀ ਐਸ.ਟੀ., ਐਸ.ਸੀ., ਓ.ਬੀ.ਸੀ. ਲਈ ਰਾਖਵਾਂਕਰਨ ਨਹੀਂ ਕੱਟ ਸਕਦੀ : ਅਮਿਤ ਸ਼ਾਹ
ਧੁਲੇ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦੀ ਚੌਥੀ ਪੀੜ੍ਹੀ ਵੀ ਆਉਂਦੀ ਹੈ ਤਾਂ ਉਹ ਵੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦਾ ਰਾਖਵਾਂਕਰਨ ਕੱਟ ਕੇ ਮੁਸਲਮਾਨਾਂ ਨੂੰ ਨਹੀਂ ਦੇ ਸਕਦੇ।
20 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਕੁੱਝ ਦਿਨ ਪਹਿਲਾਂ ਉਮੇਲਾ ਸਮੂਹ ਦੇ ਲੋਕਾਂ ਨੇ ਮਹਾਰਾਸ਼ਟਰ ’ਚ ਕਾਂਗਰਸ ਪਾਰਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਮੁਸਲਮਾਨਾਂ ਨੂੰ ਰਾਖਵਾਂਕਰਨ ਦਿਤਾ ਜਾਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ, ‘‘ਜੇਕਰ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਹੈ ਤਾਂ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਲਈ ਰਾਖਵਾਂਕਰਨ ਕੱਟਣਾ ਪਵੇਗਾ। ਹੇ ਰਾਹੁਲ ਬਾਬਾ (ਰਾਹੁਲ ਗਾਂਧੀ), ਕੀ ਤੁਹਾਡੀਆਂ ਚਾਰ ਪੀੜ੍ਹੀਆਂ ਵੀ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਦਾ ਰਾਖਵਾਂਕਰਨ ਕੱਟ ਕੇ ਮੁਸਲਮਾਨਾਂ ਨੂੰ ਨਹੀਂ ਦੇ ਸਕਦੀਆਂ?’’ ਸ਼ਾਹ ਨੇ ਇਹ ਵੀ ਕਿਹਾ ਕਿ ਧਾਰਾ 370 ਕਦੇ ਵੀ ਬਹਾਲ ਨਹੀਂ ਹੋਵੇਗੀ ਚਾਹੇ ਕੁੱਝ ਵੀ ਹੋ ਜਾਵੇ। ਉਨ੍ਹਾਂ ਕਿਹਾ, ‘‘ਜੇਕਰ ਇੰਦਰਾ ਗਾਂਧੀ ਸਵਰਗ ਤੋਂ ਵਾਪਸ ਆ ਵੀ ਜਾਂਦੀ ਹੈ ਤਾਂ ਵੀ ਧਾਰਾ 370 ਬਹਾਲ ਨਹੀਂ ਹੋਵੇਗੀ।’’
ਮਹਾਰਾਸ਼ਟਰ ’ਚ ਵਿਰੋਧੀ ਮਹਾ ਵਿਕਾਸ ਅਘਾੜੀ (ਐੱਮ.ਵੀ.ਏ.) ਨੂੰ ‘ਔਰੰਗਜ਼ੇਬ ਫੈਨ ਕਲੱਬ’ ਦਸਦੇ ਹੋਏ ਸ਼ਾਹ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਸ਼ਿਵਾਜੀ ਮਹਾਰਾਜ ਅਤੇ ਵੀਰ ਸਾਵਰਕਰ ਦੇ ਆਦਰਸ਼ਾਂ ’ਤੇ ਚੱਲਦਾ ਹੈ।