
ਭਾਰਤ ਜੋੜੋ ਯਾਤਰਾ ਦੌਰਾਨ ਪਿਆ ਦਿਲ ਦਾ ਦੌਰਾ
ਜਲੰਧਰ: ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਅੱਜ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਯਾਤਰਾ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਫ਼ਗਵਾੜਾ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਸੀ।
ਬਾਅਦ ਵਿਚ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੰਤੋਖ ਸਿੰਘ ਚੌਧਰੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਨੇ 76 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਸਾਂਸਦ ਦੀ ਮੌਤ ਤੋਂ ਬਾਅਦ ਰਾਹੁਲ ਗਾਂਧੀ ਵਲੋਂ ਉਨ੍ਹਾਂ ਦੀ ਮੌਤ ਤੋਂ ਬਾਅਦ ਯਾਤਰਾ ਰੋਕ ਦਿੱਤੀ ਗਈ ਹੈ।
ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ, ''ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਦੀ ਬੇਵਕਤੀ ਮੌਤ ਦਾ ਬੇਹੱਦ ਦੁੱਖ ਹੋਇਆ..ਪਰਮਾਤਮਾ ਵਿਛੜੀ ਰੂਹ ਨੂੰ ਸਕੂਨ ਬਖ਼ਸ਼ੇ ..ਵਾਹਿਗੁਰੂ''
ਸਿਰਫ ਕਾਂਗਰਸ ਹੀ ਨਹੀਂ ਸਗੋਂ ਪੂਰਾ ਭਾਰਤ MP ਸੰਤੋਖ ਸਿੰਘ ਚੌਧਰੀ ਦੀ ਕੁਰਬਾਨੀ ਨੂੰ ਯਾਦ ਰੱਖੇਗਾ- ਅਮਰਿੰਦਰ ਸਿੰਘ ਰਾਜਾ ਵੜਿੰਗ
''ਦਿਲ ਦਾ ਦੌਰਾ ਪੈਣ ਤੋਂ ਕੁਝ ਪਲ ਪਹਿਲਾਂ MP ਸੰਤੋਖ ਸਿੰਘ ਚੌਧਰੀ ਭਾਰਤ ਜੋੜੋ ਯਾਤਰਾ ਨੂੰ ਸੰਬੋਧਨ ਕਰ ਰਹੇ ਸਨ। ਚੌਧਰੀ ਸਾਬ੍ਹ, ਸਿਰਫ ਕਾਂਗਰਸ ਹੀ ਨਹੀਂ ਸਗੋਂ ਪੂਰਾ ਭਾਰਤ ਤੁਹਾਡੀ ਕੁਰਬਾਨੀ ਨੂੰ ਯਾਦ ਰੱਖੇਗਾ। ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੜਾਕੇ ਦੀ ਠੰਢ ਵਿੱਚ ਚੱਲਣਾ ਅਤੇ ਆਪਣੀ ਜਾਨ ਨਿਛਾਵਰ ਕਰਨਾ ਹੀ ਮਹਾਨ ਸ਼ਹਾਦਤ ਹੈ।''
ਸਾਡੇ ਸੰਸਦ ਮੈਂਬਰ, ਸੰਤੋਖ ਸਿੰਘ ਚੌਧਰੀ ਦੇ ਬੇਵਕਤੀ ਦਿਹਾਂਤ ਬਾਰੇ ਜਾਣ ਕੇ ਡੂੰਘਾ ਸਦਮਾ ਅਤੇ ਦੁੱਖ ਹੋਇਆ। ਉਨ੍ਹਾਂ ਦਾ ਨੁਕਸਾਨ ਪਾਰਟੀ ਅਤੇ ਸੰਗਠਨ ਲਈ ਬਹੁਤ ਵੱਡਾ ਝਟਕਾ ਹੈ। ਦੁੱਖ ਦੀ ਇਸ ਘੜੀ ਵਿੱਚ ਮੇਰਾ ਦਿਲ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਨਾਲ ਹਮਦਰਦੀ ਰੱਖਦਾ ਹੈ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ। - ਮਲਿਕਅਰਜੁਨ ਖੜਗੇ
ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਜੀ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਸੰਵੇਦਨਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। - ਅਰਵਿੰਦ ਕੇਜਰੀਵਾਲ
ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਦੀ ਬੇਵਕਤੀ ਮੌਤ ਬਾਰੇ ਪਤਾ ਲੱਗਣ 'ਤੇ ਬਹੁਤ ਦੁੱਖ ਹੋਇਆ। ਪਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।- 'ਆਪ' ਸਾਂਸਦ ਰਾਘਵ ਚੱਢਾ
ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਜੀ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋਣ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ।- ਸਾਬਕਾ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ