
ਨਤੀਜਾ ਆਉਣ ਮਗਰੋਂ ਚੋਣ ਪ੍ਰਚਾਰ ਦੌਰਾਨ ਕੀਤੇ ਦਾਅਵੇ ਨਿਕਲੇ ਖ਼ੋਖਲੇ!
ਮੋਹਾਲੀ : ਜਲੰਧਰ ਜ਼ਿਮਨੀ ਚੋਣ ਵਿਚ 'ਆਪ' ਨੂੰ ਭਾਰੀ ਬਹੁਮਤ ਮਿਲੀ ਹੈ ਅਤੇ ਸੁਸ਼ੀਲ ਕੁਮਾਰ ਰਿੰਕੂ ਜੇਤੂ ਰਹੇ ਹਨ। ਇਸ ਦੇ ਨਾਲ ਹੀ ਜਲੰਧਰ ਛਾਉਣੀ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਪਰਗਟ ਸਿੰਘ ਨੂੰ ਲੋਕ ਸਭਾ ਉਪ ਚੋਣ ਵਿਚ ਅਪਣੇ ਜੱਦੀ ਪਿੰਡ ਮਿੱਠਾਪੁਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਇਸ ਪਿੰਡ ਤੋਂ ਆਮ ਆਦਮੀ ਪਾਰਟੀ ਨੂੰ 200 ਦੀ ਲੀਡ ਹਾਸਲ ਹੋਈ ਹੈ। ਇਸ ਤੋਂ ਇਲਾਵਾ ਜਲੰਧਰ ਕੈਂਟ ਤੋਂ ਵੀ ਉਹ ਕਰੀਬ ਸੱਤ ਹਜ਼ਾਰ ਵੋਟਾਂ ਨਾਲ ਪਿੱਛੇ ਰਹੇ ਹਨ ਜਦਕਿ ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਉਣ ਮਗਰੋਂ 2017 ਦੀਆਂ ਚੋਣਾਂ 'ਚ ਕਰੀਬ 30 ਹਜ਼ਾਰ ਵੋਟਾਂ ਦੀ ਬੜ੍ਹਤ ਹਾਸਲ ਕੀਤੀ ਸੀ। ਇੰਨਾ ਹੀ ਨਹੀਂ 2022 ਵਿਚ ਵੀ 'ਆਪ' ਦੀ ਚਲ ਰਹੀ ਹਨ੍ਹੇਰੀ 'ਚ ਪਰਗਟ ਸਿੰਘ 'ਆਪ' ਦੇ ਸੁਰਿੰਦਰ ਸਿੰਘ ਸੋਢੀ ਨੂੰ 5000 ਵੋਟਾਂ ਦੇ ਫ਼ਰਕ ਨਾਲ ਹਰਾਉਣ ਵਿਚ ਕਾਮਯਾਬ ਰਹੇ ਸਨ।
ਇਹ ਵੀ ਪੜ੍ਹੋ: ਸਰਹਿੰਦ ਫ਼ਤਿਹ ਨੂੰ ਸਮਰਪਤ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਧਾਰਮਕ ਸਮਾਗਮ
ਲੋਕ ਸਭਾ ਜ਼ਿਮਨੀ ਚੋਣ ਵਿਚ ਉਨ੍ਹਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੇ ਸਾਰੇ ਸਾਥੀਆਂ ਅਤੇ ਹਲਕੇ ਦੇ ਟਕਸਾਲੀ ਕਾਂਗਰਸੀ ਆਗੂਆਂ ਦਾ ਸਾਥ ਛਡਣਾ ਹੀ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਲੋਕ ਸਭਾ ਜ਼ਿਮਨੀ ਚੋਣ ਵਿਚ ਮਹਿਜ਼ 25,222 ਵੋਟਾਂ ਮਿਲੀਆਂ ਹਨ ਜਦਕਿ 2017 ਵਿਚ ਉਨ੍ਹਾਂ ਨੂੰ ਵਿਧਾਇਕ ਚੋਣ ਦੌਰਾਨ 60 ਹਜ਼ਾਰ ਅਤੇ 2002 ਵਿਚ 40 ਹਜ਼ਾਰ ਵੋਟਾਂ ਹਾਸਲ ਹੋਈਆਂ ਸਨ।
ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਜਦੋਂ ਹਜ਼ਾਰਾਂ ਕਾਂਗਰਸੀ ਅਤੇ ਉਨ੍ਹਾਂ ਦੇ ਖ਼ਾਸਮ-ਖ਼ਾਸ ਹੀ ਉਨ੍ਹਾਂ ਦਾ ਸਾਥ ਛੱਡ ਰਹੇ ਸਨ ਤਾਂ ਉਸ ਵਕਤ ਵੀ ਉਹ ਇਹੀ ਦਾਅਵਾ ਕਰਦੇ ਨਜ਼ਰ ਆਏ ਕਿ ਕਾਂਗਰਸ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ ਕੈਂਟ ਹਲਕੇ 'ਚ ਵੱਡੀ ਲੀਡ ਹਾਸਲ ਕਰੇਗੀ ਪਰ ਨਤੀਜਾ ਸਾਹਮਣੇ ਆਉਣ ਮਗਰੋਂ ਉਨ੍ਹਾਂ ਵਲੋਂ ਕੀਤੇ ਦਾਅਵੇ ਖ਼ੋਖਲੇ ਸਾਬਤ ਹੋਏ।