
ਕੁਮਾਰਸਵਾਮੀ ਨੇ ਇਸ ‘ਛੋਟੇ ਮੁੱਦੇ’ ਨੂੰ ਵੱਡਾ ਮੁੱਦਾ ਬਣਾਉਣ ਲਈ ਕਾਂਗਰਸ ਦੀ ਨਿਖੇਧੀ ਕੀਤੀ
Power Theft case : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ ਨੂੰ ਜੇ.ਪੀ. ਨਗਰ ਸਥਿਤ ਅਪਣੇ ਘਰ ’ਤੇ ਰੌਸ਼ਨੀ ਕਰਨ ਸਬੰਧੀ ਕਾਂਗਰਸ ਦੇ ਦੋਸ਼ ਲੱਗਣ ਤੋਂ ਬਾਅਦ ਬੇਂਗਲੌਰ ਬਿਜਲੀ ਸਪਲਾਈ ਕੰਪਨੀ ਨੇ ਮੰਗਲਵਾਰ ਨੂੰ ਜਨਤਾ ਦਲ (ਸੈਕੂਲਰ) ਆਗੂ ਵਿਰੁਧ ਕੇਸ ਦਰਜ ਕੀਤਾ ਹੈ।
ਬੰਗਲੌਰ ਇਲੈਕਟ੍ਰੀਸਿਟੀ ਸਪਲਾਈ ਕੰਪਨੀ (ਬੇਸਕਾਮ) ਦੇ ਵਿਜੀਲੈਂਸ ਸੈੱਲ ਨੇ ਅਪਣੇ ਵਿਜੀਲੈਂਸ ਥਾਣੇ ’ਚ ਭਾਰਤੀ ਬਿਜਲੀ ਐਕਟ (ਬਿਜਲੀ ਦੀ ਚੋਰੀ) ਦੀ ਧਾਰਾ 135 ਦੇ ਤਹਿਤ ਕੇਸ ਦਰਜ ਕੀਤਾ ਹੈ। ਸੱਤਾਧਾਰੀ ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੇ ਪੁੱਤਰ ਕੁਮਾਰਸਵਾਮੀ ਦੀ ਆਲੋਚਨਾ ਕਰਦੇ ਹੋਏ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਵੀਡੀਉ ਅਤੇ ਬਿਆਨ ਪੋਸਟ ਕੀਤਾ ਹੈ।
ਕੁਮਾਰਸਵਾਮੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਕਸੂਰ ਨਹੀਂ ਸੀ, ਸਗੋਂ ਇਕ ਪ੍ਰਾਈਵੇਟ ਸਜਾਵਟ ਕਰਨ ਵਾਲੇ ਦਾ ਕਸੂਰ ਸੀ ਜਿਸ ਨੇ ਨੇੜਲੇ ਬਿਜਲੀ ਦੇ ਖੰਭੇ ਤੋਂ ਸਿੱਧਾ ਕੁਨੈਕਸ਼ਨ ਲਿਆ ਸੀ। ਸਾਬਕਾ ਮੁੱਖ ਮੰਤਰੀ ਨੇ ਦਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰਤ ਇਸ ਨੂੰ ਹਟਾਇਆ ਅਤੇ ਘਰ ਦੇ ਮੀਟਰ ਬੋਰਡ ਤੋਂ ਬਿਜਲੀ ਦਾ ਕੁਨੈਕਸ਼ਨ ਲਗਵਾਇਆ।
ਉਨ੍ਹਾਂ ’ਤੇ ਵਿਅੰਗ ਕਸਦਿਆਂ ਕਾਂਗਰਸ ਨੇ ਕਿਹਾ, ‘‘ਦੁਨੀਆਂ ਦੇ ਇਕਲੌਤੇ ਇਮਾਨਦਾਰ ਵਿਅਕਤੀ ਐਚ.ਡੀ. ਕੁਮਾਰਸਵਾਮੀ ਹਨ, ਜੇ.ਪੀ. ਨਗਰ ਵਿਖੇ ਰਿਹਾਇਸ਼ ਨੂੰ ਬਿਜਲੀ ਦੇ ਖੰਭੇ ਤੋਂ ਸਿੱਧੇ ਨਜਾਇਜ਼ ਬਿਜਲੀ ਕੁਨੈਕਸ਼ਨ ਨਾਲ ਸਜਾਵਟੀ ਲਾਈਟਾਂ ਨਾਲ ਜਗਮਗਾਇਆ ਗਿਆ। ਇਹ ਤ੍ਰਾਸਦੀ ਹੈ ਕਿ ਇਕ ਸਾਬਕਾ ਮੁੱਖ ਮੰਤਰੀ ਨੂੰ ਇੰਨੀ ਗਰੀਬੀ ਦਾ ਸਾਹਮਣਾ ਕਰਨਾ ਪਿਆ ਕਿ ਉਸ ਨੂੰ ਬਿਜਲੀ ਚੋਰੀ ਕਰਨੀ ਪਈ।’’
ਕੁਮਾਰਸਵਾਮੀ ਨੇ ਇਸ ‘ਛੋਟੇ ਮੁੱਦੇ’ ਨੂੰ ਵੱਡਾ ਮੁੱਦਾ ਬਣਾਉਣ ਲਈ ਕਾਂਗਰਸ ਦੀ ਨਿਖੇਧੀ ਕੀਤੀ ਹੈ।
(For more news apart from Power Theft case, stay tuned to Rozana Spokesman)