
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਦੇ ਬਿਆਨ ਨੂੰ ਖਾਰਜ ਕਰ ਦਿਤਾ
ਨਾਸਿਕ (ਮਹਾਰਾਸ਼ਟਰ) : ਸ਼ਿਵ ਸੈਨਾ-ਯੂ.ਬੀ.ਟੀ. ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਮੁੰਬਈ ਅਤੇ ਹੋਰ ਥਾਵਾਂ ਉਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਇਕੱਠੇ ਲੜੇਗੀ।
ਰਾਊਤ ਨੇ ਪੱਤਰਕਾਰਾਂ ਨੂੰ ਕਿਹਾ, ‘‘ਠਾਕਰੇ ਭਰਾ (ਸ਼ਿਵ ਸੈਨਾ-ਯੂ.ਬੀ.ਟੀ. ਮੁਖੀ ਊਧਵ ਠਾਕਰੇ ਅਤੇ ਰਾਜ ਠਾਕਰੇ) ਮੁੰਬਈ, ਠਾਣੇ, ਨਾਸਿਕ ਅਤੇ ਕਲਿਆਣ-ਡੋਂਬੀਵਲੀ ਨਗਰ ਨਿਗਮ ਚੋਣਾਂ ਇਕੱਠੇ ਲੜਨਗੇ ਅਤੇ ਜਿੱਤਣਗੇ। ਰਾਜ ਅਤੇ ਊਧਵ ਠਾਕਰੇ ਦੀ ਤਾਕਤ ਮਰਾਠੀ ਬੋਲਣ ਵਾਲਿਆਂ ਦੀ ਏਕਤਾ ਦੀ ਤਾਕਤ ਹੈ। ਕੋਈ ਵੀ ਤਾਕਤ ਹੁਣ ਮਰਾਠੀ ਮਾਨਸ ਦੀ ਲੋਹੇ ਦੀ ਮੁਠੀ ਨਹੀਂ ਤੋੜ ਸਕਦੀ।’’ ਰਾਊਤ ਨੇ ਕਿਹਾ ਕਿ ਗਠਜੋੜ ਬਣਾਉਣ ਲਈ ਮਨਸੇ ਨਾਲ ਵਿਚਾਰ ਵਟਾਂਦਰੇ ਚੱਲ ਰਹੇ ਹਨ।
ਹਾਲਾਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਦੇ ਬਿਆਨ ਨੂੰ ਖਾਰਜ ਕਰ ਦਿਤਾ ਹੈ। ਸੂਬੇ ਦੇ ਭਾਜਪਾ ਵਿਧਾਇਕ ਪ੍ਰਵੀਨ ਦਰੇਕਰ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਠਾਕਰੇ ਦੇ ਚਚੇਰੇ ਭਰਾਵਾਂ ਨੇ ਕੋਈ ਗੱਲਬਾਤ ਕੀਤੀ ਸੀ ਜਾਂ ਇਹ ਸੱਭ ਰਾਊਤ ਦਾ ਅੰਦਾਜ਼ਾ ਸੀ।
ਉਨ੍ਹਾਂ ਕਿਹਾ, ‘‘ਅਸੀਂ ਊਧਵ ਠਾਕਰੇ ’ਚ ਇੰਨੀ ਬੇਬਸੀ ਨਹੀਂ ਦੇਖੀ, ਜਿਨ੍ਹਾਂ ਨੇ ਪਿਛਲੇ 20 ਸਾਲਾਂ ਤੋਂ ਅਪਣੇ ਚਚੇਰੇ ਭਰਾ ਮਨਸੇ ਮੁਖੀ ਰਾਜ ਠਾਕਰੇ ਨੂੰ ਯਾਦ ਨਹੀਂ ਕੀਤਾ।’’ ਮਹਾਰਾਸ਼ਟਰ ਦੇ ਮੰਤਰੀ ਅਤੇ ਭਾਜਪਾ ਨੇਤਾ ਗਿਰੀਸ਼ ਮਹਾਜਨ ਨੇ ਕਿਹਾ ਕਿ ਸ਼ਿਵ ਸੈਨਾ-ਯੂ.ਬੀ.ਟੀ. ਮਰਾਠੀ ਬੋਲਣ ਵਾਲਿਆਂ ਨੂੰ ਉਦੋਂ ਹੀ ਯਾਦ ਕਰਦੀ ਹੈ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਰਾਠੀ ਵੋਟਰਾਂ ਦਾ ਭਾਰੀ ਸਮਰਥਨ ਮਿਲਿਆ ਸੀ ਅਤੇ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਈ।