ਜੇ ਭਾਜਪਾ ਪਾਕਿਸਤਾਨੀ ਕ੍ਰਿਕਟਰਾਂ ’ਤੇ ਫੁੱਲਾਂ ਦੀ ਵਰਖਾ ਕਰ ਸਕਦੀ ਹੈ ਤਾਂ ਮੈਂ ਵੀ ਸਮਾਜਵਾਦੀ ਪਾਰਟੀਆਂ ਨਾਲ ਗੱਲ ਕਰ ਸਕਦਾਂ : ਊਧਵ ਠਾਕਰੇ
Published : Oct 15, 2023, 8:06 pm IST
Updated : Oct 15, 2023, 8:28 pm IST
SHARE ARTICLE
Udhav Thakrey
Udhav Thakrey

ਊਧਵ ਨੇ ਚਾਰ ਦਹਾਕਿਆਂ ਬਾਅਦ ਸਮਾਜਵਾਦੀ ਪਾਰਟੀਆਂ ਨਾਲ ਸੰਪਰਕ ਕੀਤਾ, ਕਿਹਾ ‘ਪੁਰਾਣੇ ਮਤਭੇਦ ਹੱਲ ਕੀਤੇ ਜਾ ਸਕਦੇ ਹਨ’

ਮੁੰਬਈ: ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਊਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਸਮਾਜਵਾਦੀਆਂ ਨਾਲ ਪੁਰਾਣੇ ਮਤਭੇਦ ਮੁੱਖ ਤੌਰ ’ਤੇ ਵਿਚਾਰਧਾਰਕ ਸਨ, ਜਿਨ੍ਹਾਂ ਨੂੰ ਲੋਕਤੰਤਰ ਦੇ ਹਿੱਤ ’ਚ ਹੱਲ ਕੀਤਾ ਜਾ ਸਕਦਾ ਹੈ। 21 ਸਮਾਜਵਾਦੀ ਪਰਿਵਾਰਕ ਪਾਰਟੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਊਧਵ ਨੇ ਯਾਦ ਕੀਤਾ ਕਿ ਮਤਭੇਦਾਂ ਦੇ ਬਾਵਜੂਦ, ਉਨ੍ਹਾਂ ਦੇ ਪਿਤਾ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਅਤੇ ਸਮਾਜਵਾਦੀ ਨੇਤਾ ਸੰਯੁਕਤ ਮਹਾਰਾਸ਼ਟਰ ਦੇ ਸਾਂਝੇ ਉਦੇਸ਼ ਲਈ ਇਕੱਠੇ ਹੋਏ ਸਨ।

ਇਸ ਅੰਦੋਲਨ ਨੇ ਅਪਣਾ ਟੀਚਾ ਉਦੋਂ ਪ੍ਰਾਪਤ ਕੀਤਾ ਜਦੋਂ 1960 ’ਚ ਮਹਾਰਾਸ਼ਟਰ ਨੂੰ ਮਰਾਠੀ ਬੋਲਣ ਵਾਲੇ ਸੂਬੇ ਵਜੋਂ ਬਣਾਇਆ ਗਿਆ ਅਤੇ ਮੁੰਬਈ ਇਸ ਦੀ ਰਾਜਧਾਨੀ ਬਣ ਗਿਆ। ਊਧਵ ਨੇ ਕਿਹਾ, ‘‘ਸਾਡੇ ਵਿਚਕਾਰ ਵਿਚਾਰਧਾਰਕ ਮਤਭੇਦ ਸਨ, ਪਰ ਸਾਡਾ ਉਦੇਸ਼ ਇਕੋ ਸੀ। ਜੇਕਰ ਅਸੀਂ ਬੈਠ ਕੇ ਗੱਲ ਕਰੀਏ ਤਾਂ ਮਤਭੇਦ ਹੱਲ ਕੀਤੇ ਜਾ ਸਕਦੇ ਹਨ।’’ ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਜਾਰਜ ਫਰਨਾਂਡੀਜ਼ ਨੇ 1960 ਦੇ ਦਹਾਕੇ ’ਚ ਸੀਨੀਅਰ ਕਾਂਗਰਸੀ ਆਗੂ ਐਸ.ਕੇ. ਪਾਟਿਲ ਨੂੰ ਹਰਾਉਣ 'ਚ ਸਫਲ ਰਹੇ ਸਨ। ਉਨ੍ਹਾਂ ਕਿਹਾ ਕਿ ਮਜ਼ਦੂਰ ਯੂਨੀਅਨ ਆਗੂ (ਫਰਨਾਂਡੀਜ਼) ਨੇ ਲੋਕਾਂ ’ਚ ਵਿਸ਼ਵਾਸ ਪੈਦਾ ਕੀਤਾ ਕਿ ਮੁੰਬਈ ਦੇ ਮਜ਼ਬੂਤ ​​ਨੇਤਾ ਪਾਟਿਲ, ਜਿਨ੍ਹਾਂ ਨੂੰ ਉਦਯੋਗਪਤੀਆਂ ਦਾ ਸਮਰਥਨ ਸੀ, ਨੂੰ ਵੀ ਹਰਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ, ‘‘ਜੇ ਅਸੀਂ ਲੋਕਤੰਤਰ ਲਈ ਇਕਜੁਟ ਰਹਿੰਦੇ ਹਾਂ, ਤਾਂ ਇਹ ਅਜੇ ਵੀ ਹੋ ਸਕਦਾ ਹੈ। ਵਰਕਰ ਬਹੁਤ ਮਹੱਤਵਪੂਰਨ ਹਨ ਅਤੇ ਜੇਕਰ ਸਾਡੇ ਕੋਲ ਮਜ਼ਬੂਤ ​​ਕਾਡਰ ਹੈ, ਤਾਂ ਡਰਨ ਦੀ ਕੋਈ ਲੋੜ ਨਹੀਂ ਹੈ।’’ ਊਧਵ ਨੇ ਕਿਹਾ ਕਿ 1966 ’ਚ ਸਥਾਪਤ ਸ਼ਿਵ ਸੈਨਾ ਅਤੇ ਸਮਾਜਵਾਦੀ ਪਾਰਟੀਆਂ ’ਚ ਮਤਭੇਦਾਂ ਦਾ ਲੰਮਾ ਇਤਿਹਾਸ ਰਿਹਾ ਹੈ, ਪਰ ਉਹ ਸੰਯੁਕਤ ਮਹਾਰਾਸ਼ਟਰ ਵਰਗੇ ਮੁੱਦਿਆਂ ’ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ, ‘‘ਸਮਾਜਵਾਦੀਆਂ ਨੇ ਵੀ ਐਮਰਜੈਂਸੀ ਵਿਰੁਧ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਈ। ਮਤਭੇਦਾਂ ਦੇ ਬਾਵਜੂਦ ਸੰਯੁਕਤ ਮਹਾਰਾਸ਼ਟਰ ਅੰਦੋਲਨ ਦੌਰਾਨ ਅਚਾਰੀਆ ਅਤਰੇ, ਐੱਸ.ਏ. ਡਾਂਗੇ ਅਤੇ (ਬਾਲ) ਠਾਕਰੇ ਇੱਕੋ ਪਾਸੇ ਸਨ।’’

ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਸਾਧਦੇ ਹੋਏ ਊਧਵ ਨੇ ਕਿਹਾ ਕਿ 1987 'ਚ ਵਿਧਾਨ ਸਭਾ ਉਪ ਚੋਣਾਂ ਤੋਂ ਬਾਅਦ ਭਾਜਪਾ ਨੇ ਸ਼ਿਵ ਸੈਨਾ (ਅਣਵੰਡੇ) ਨਾਲ ਹੱਥ ਮਿਲਾਇਆ, ਜਿਸ ਨੇ ਵਿਖਾਇਆ ਕਿ ਹਿੰਦੂ ਵੋਟ ਨੂੰ ਇਕਜੁਟ ਕਰ ਕੇ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੂਜਿਆਂ ਨੂੰ ‘ਨਸ਼ਟ’ ਕਰ ਕੇ ਅੱਗੇ ਵਧਣਾ ਚਾਹੁੰਦੀ ਹੈ ਅਤੇ ਇਸ ਵੇਲੇ ਉਹ ਕਿਸੇ ਨੂੰ ਵੀ ਅਪਣੇ ਨਾਲ ਨਹੀਂ ਲੈਣਾ ਚਾਹੁੰਦੀ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਇਸ ਸਮੇਂ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਨਹੀਂ ਹੈ ਕਿਉਂਕਿ ਮੇਰੇ ਕੋਲ ਕੁਝ ਨਹੀਂ ਹੈ। ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਹੱਥ ਮਿਲਾਉਂਦੇ ਹੋ ਜੋ ਤੁਹਾਨੂੰ ਕੁਝ ਨਹੀਂ ਦੇ ਸਕਦਾ, ਇਹ ਸੱਚੀ ਦੋਸਤੀ ਹੈ।’’

ਉਨ੍ਹਾਂ ਭਾਜਪਾ ’ਤੇ ਉਨ੍ਹਾਂ ਪਾਰਟੀਆਂ ਅਤੇ ਗਠਜੋੜਾਂ ਨੂੰ ਵੰਡਣ ਦਾ ਦੋਸ਼ ਲਗਾਇਆ ਜੋ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਜੇ ਭਾਜਪਾ ਨਰਿੰਦਰ ਮੋਦੀ ਸਟੇਡੀਅਮ (ਅਹਿਮਦਾਬਾਦ) ’ਚ ਪਾਕਿਸਤਾਨੀ ਕ੍ਰਿਕਟਰਾਂ ’ਤੇ ਫੁੱਲਾਂ ਦੀ ਵਰਖਾ ਕਰ ਸਕਦੀ ਹੈ ਤਾਂ ਮੈਂ ਵੀ ਸਮਾਜਵਾਦੀ ਪਾਰਟੀਆਂ ਨਾਲ ਗੱਲ ਕਰ ਸਕਦਾ ਹਾਂ। ਉਨ੍ਹਾਂ ’ਚੋਂ ਬਹੁਤ ਸਾਰੇ ਮੁਸਲਮਾਨ ਹੋ ਸਕਦੇ ਹਨ, ਪਰ ਉਹ ਰਾਸ਼ਟਰਵਾਦੀ ਹਨ ਜੋ ਦੇਸ਼ ਦੇ ਲੋਕਤੰਤਰ ਦੀ ਰੱਖਿਆ ਕਰਨਾ ਚਾਹੁੰਦੇ ਹਨ।’’

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement