
ਕਿਹਾ, ਕੁਝ ਲੋਕਾਂ ਨੂੰ ਭਾਰਤ ਵਿਚ ਸ਼ਾਂਤੀ ਨਾਲ ਨਾ ਰਹਿਣ ਦੀ ਆਦਤ ਹੈ, ਮੋਦੀ ਅਤੇ ਯੋਗੀ ਸਰਕਾਰਾਂ ਅਜਿਹੇ ਲੋਕਾਂ ਨੂੰ ਸ਼ਾਂਤੀ ਨਾਲ ਰੱਖਣ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਨੇ
ਬਲੀਆ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਲੇਮਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਵਿੰਦਰ ਕੁਸ਼ਵਾਹਾ ਨੇ ਕਿਹਾ ਹੈ ਕਿ ਹਮਾਸ ਦੀ ਹਮਾਇਤ ’ਚ ਜੋ ਵੀ ਲੋਕ ਇਸ ਤਰ੍ਹਾਂ ਦੇ ਗ਼ਲਤ ਮੁੱਦੇ ਨੂੰ ਲੈ ਕੇ ਦੇਸ਼ ਅੰਦਰ ਅਵਿਵਸਥਾ ਪੈਦਾ ਕਰਨ ਦਾ ਕੰਮ ਕਰਨਗੇ, ਭਾਰਤ ਅਤੇ ਉੱਤਰ ਪ੍ਰਦੇਸ਼ ਸਰਕਾਰ ਉਨ੍ਹਾਂ ਨਾਲ ਪੂਰੀ ਸਖ਼ਤੀ ਨਾਲ ਨਜਿਠੇਗੀ।
ਬਲੀਆ ਦੇ ਬੇਲਥਾਰਾ ਰੋਡ ਰੇਲਵੇ ਸਟੇਸ਼ਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਸ਼ਵਾਹਾ ਨੇ ਕਿਹਾ, ‘‘ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਹੈ ਕਿ ਦੁਨੀਆਂ ’ਚ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਅਤਿਵਾਦ ਹੁੰਦਾ ਹੈ ਤਾਂ ਉਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਹਮਾਸ ਨੇ ਇਜ਼ਰਾਈਲ ’ਚ ਦਾਖਲ ਹੋ ਕੇ ਅਤਿਵਾਦੀ ਹਮਲੇ ਕੀਤੇ, ਬੇਕਸੂਰ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਅਤੇ ਔਰਤਾਂ ਨੂੰ ਨੰਗਾ ਕਰ ਕੇ ਘੁਮਾਇਆ, ਉਸ ਨੂੰ ਵੇਖ ਕੇ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ।’’
ਭਾਜਪਾ ਸੰਸਦ ਮੈਂਬਰ ਨੇ ਕਿਹਾ, ‘‘ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਅਤਿਵਾਦੀਆਂ ਨਾਲ ਦੁਨੀਆਂ ’ਚ ਕਿਸੇ ਵੀ ਤਰ੍ਹਾਂ ਦੀ ਹਮਦਰਦੀ ਨਹੀਂ ਹੋਣੀ ਚਾਹੀਦੀ। ਇਸ ਨੀਤੀ ’ਤੇ ਕੰਮ ਕਰਦਿਆਂ ਮੋਦੀ ਸਰਕਾਰ ਨੇ ਇਜ਼ਰਾਈਲ ਦੀ ਹਮਾਇਤ ਕੀਤੀ ਹੈ, ਕਿਉਂਕਿ ਇਸ ਦੀ ਸ਼ੁਰੂਆਤ ਹਮਾਸ ਨੇ ਕੀਤੀ ਸੀ। ਇਜ਼ਰਾਈਲ ਅਪਣੇ ਬਚਾਅ ਲਈ ਪੂਰੀ ਤਾਕਤ ਨਾਲ ਹਮਾਸ ’ਤੇ ਹਮਲੇ ਕਰ ਰਿਹਾ ਹੈ।’’
ਉਨ੍ਹਾਂ ਕਿਹਾ ਕਿ ਭਾਰਤ ’ਚ ਕੁਝ ਲੋਕਾਂ ਦੀ ਆਦਤ ਹੈ ਕਿ ਜੇਕਰ ਗਰੀਸ ’ਚ ਕੁਰਾਨ ਵਿਰੁਧ ਕੁਝ ਕਿਹਾ ਜਾਂਦਾ ਹੈ ਤਾਂ ਇੱਥੇ ਹੰਗਾਮਾ ਅਤੇ ਦੰਗਾ ਸ਼ੁਰੂ ਹੋ ਜਾਂਦਾ ਹੈ। ਕੁਸ਼ਵਾਹਾ ਨੇ ਕਿਹਾ ਕਿ ਕੁਝ ਲੋਕਾਂ ਨੂੰ ਭਾਰਤ ਵਿਚ ਸ਼ਾਂਤੀ ਨਾਲ ਨਾ ਰਹਿਣ ਦੀ ਆਦਤ ਹੈ ਅਤੇ ਮੋਦੀ ਜੀ ਅਤੇ ਯੋਗੀ (ਯੋਗੀ ਆਦਿਤਿਆਨਾਥ) ਦੀਆਂ ਸਰਕਾਰਾਂ ਅਜਿਹੇ ਲੋਕਾਂ ਨੂੰ ਸ਼ਾਂਤੀ ਨਾਲ ਰੱਖਣ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਭਾਜਪਾ ਦੇ ਸੰਸਦ ਮੈਂਬਰ ਨੇ ਜਾਤ ਅਧਾਰਤ ਮਰਦਮਸ਼ੁਮਾਰੀ ਦਾ ਵੀ ਵਿਰੋਧ ਕੀਤਾ।