
ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ, ਬਰਾਬਰ ਦੇ ਮੌਕੇ ਨਾ ਪ੍ਰਭਾਵਤ ਹੋਣ : ਜੈਰਾਮ ਰਮੇਸ਼
ਰਾਂਚੀ : ਝਾਰਖੰਡ ਦੇ ਦੇਵਘਰ ਹਵਾਈ ਅੱਡੇ ’ਤੇ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ’ਚ ਖਰਾਬੀ ਕਾਰਨ ਕਰੀਬ ਦੋ ਘੰਟੇ ਤਕ ਫਸੇ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁਕਰਵਾਰ ਨੂੰ ਇਕ ਹੋਰ ਜਹਾਜ਼ ’ਚ ਦਿੱਲੀ ਜਾਣਾ ਪਿਆ।
ਅਧਿਕਾਰੀਆਂ ਨੇ ਦਸਿਆ ਕਿ ਮੋਦੀ ਨੇ ਦੇਵਘਰ ਤੋਂ ਕਰੀਬ 80 ਕਿਲੋਮੀਟਰ ਦੂਰ ਬਿਹਾਰ ਦੇ ਜਮੁਈ ’ਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਜਹਾਜ਼ ਰਾਹੀਂ ਨਵੀਂ ਦਿੱਲੀ ਪਰਤਣਾ ਸੀ। ਪ੍ਰਧਾਨ ਮੰਤਰੀ ਆਦਿਵਾਸੀ ਆਗੂ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਮੌਕੇ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਜਮੁਈ ’ਚ ਸਨ। ਬਿਰਸਾ ਮੁੰਡਾ ਦਾ ਜਨਮ ਦਿਨ ‘ਜਨਜਾਤੀਆ ਗੌਰਵ ਦਿਵਸ’ ਵਜੋਂ ਮਨਾਇਆ ਜਾਂਦਾ ਹੈ।
ਦੇਵਘਰ ਦੇ ਡਿਪਟੀ ਕਮਿਸ਼ਨਰ ਵਿਸ਼ਾਲ ਸਾਗਰ ਨੇ ਦਸਿਆ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ ’ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇਵਘਰ ਤੋਂ ਇਕ ਹੋਰ ਵਿਸ਼ੇਸ਼ ਜਹਾਜ਼ ’ਚ ਦਿੱਲੀ ਲਈ ਰਵਾਨਾ ਹੋਏ। ਜਹਾਜ਼ ਨੂੰ ਸਮੇਂ ਸਿਰ ਠੀਕ ਨਹੀਂ ਕੀਤਾ ਜਾ ਸਕਿਆ। ਪ੍ਰਧਾਨ ਮੰਤਰੀ ਨੂੰ ਦੋ ਘੰਟੇ ਤੋਂ ਵੱਧ ਸਮੇਂ ਤਕ ਉਡੀਕ ਕਰਨੀ ਪਈ। ਪ੍ਰਧਾਨ ਮੰਤਰੀ ਮੋਦੀ ਤਕਨੀਕੀ ਖਰਾਬੀ ਨੂੰ ਠੀਕ ਹੋਣ ਦੀ ਉਡੀਕ ਕਰ ਰਹੇ ਸਨ। ਇਸ ਕਾਰਨ ਇਲਾਕੇ ਦੇ ਹਵਾਈ ਖੇਤਰ ਨੂੰ ‘ਨੋ ਫਲਾਈ ਜ਼ੋਨ’ ਐਲਾਨ ਦਿਤਾ ਗਿਆ ਸੀ।
ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਝਾਰਖੰਡ ਦੇ ਗੋਂਡਾ ’ਚ ਫਸ ਗਏ। ਰਾਹੁਲ ਗਾਂਧੀ ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਹੈਲੀਕਾਪਟਰ ਰਾਹੀਂ ਵਾਪਸ ਆਉਣਾ ਸੀ ਪਰ ਉਹ ਲਗਭਗ ਦੋ ਘੰਟੇ ਤਕ ਉਡਾਣ ਨਹੀਂ ਭਰ ਸਕੇ। ਕਾਂਗਰਸ ਨੇ ਦੋਸ਼ ਲਾਇਆ ਕਿ ਦੇਰੀ ਸਿਆਸਤ ਤੋਂ ਪ੍ਰੇਰਿਤ ਸੀ। ਉਨ੍ਹਾਂ ਕਿਹਾ, ‘‘ਸਾਡੇ ਆਗੂ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਲਗਭਗ ਦੋ ਘੰਟੇ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿਤੀ ਗਈ, ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਪੈਦਾ ਹੋਇਆ। ਇਹ ਕੇਂਦਰ ਦੇ ਇਸ਼ਾਰੇ ’ਤੇ ਸੁਰੱਖਿਆ ’ਚ ਕੁਤਾਹੀ ਹੈ।’’
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ, ‘‘ਰਾਹੁਲ ਗਾਂਧੀ ਨੇ ਦੁਪਹਿਰ 1:15 ਵਜੇ ਉਡਾਨ ਭਰਨਾ ਸੀ, ਪਰ ਇਜਾਜ਼ਤ ਨਹੀਂ ਦਿਤੀ ਗਈ। ਇਸ ਕਾਰਨ ਰਾਹੁਲ ਗਾਂਧੀ ਦੇ ਬਾਅਦ ਵਾਲੇ ਸਾਰੋ ਪ੍ਰੋਗਰਾਮ ਹੁਣ ਜਾਂ ਤਾਂ ਲੇਟ ਹੋ ਗੲੈ ਹਨ ਜਾਂ ਰੱਦ ਕਰ ਦਿਤੇ ਗੲੈ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਕਮਿਸ਼ਨ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਥਿਤੀ ’ਚ ਤੁਰਤ ਦਖ਼ਲ ਦੇਣ ਅਤੇ ਇਹ ਯਕੀਨੀ ਕਰਨ ਕਿ ਬਰਾਬਰ ਦੇ ਮੌਕਿਆਂ ’ਚ ਕੋਈ ਰੇੜਕਾ ਨਾ ਪਵੇ।’’
ਉਨ੍ਹਾਂ ਕਿਹਾ, ‘‘ਜੇਕਰ ਇਸ ਸਥਿਤੀ ਨੂੰ ਜਾਰੀ ਰਹਿਣ ਦਿਤਾ ਗਿਆ ਤਾਂ ਸੱਤਾਧਾਰੀ ਸਰਕਾਰ ਅਤੇ ਉਸ ਦੇ ਆਗੂ ਹਮੇਸ਼ਾ ਅਜਿਹੇ ਪ੍ਰੋਟੋਕਾਲ ਦਾ ਨਾਜਾਇਜ਼ ਲਾਭ ਲੈ ਸਕਦੇ ਹਨ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਚੋਣ ਮੁਹਿੰਮ ਨੂੰ ਸੀਮਤ ਕਰ ਸਕਦੇ ਹਨ।’’ ਕਾਂਗਰਸ ਆਗੂ ਕੇ.ਸੀ. ਵੇਣੂਗੋਪਾਲ ਨੇ ਵੀ ‘ਐਕਸ’ ’ਤੇ ਇਕ ਪੋਸਟ ’ਚ ਮੋਦੀ ਦੀ ਅਗਵਾਈ ਵਾਲੀ ਸਰਕਾਰ ’ਤੇ ‘ਬੇਸ਼ਰਮ’ ਹੋਣ ਅਤੇ ਗਾਂਧੀ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ‘ਹੋਛੇ ਹਥਕੰਡੇ’ ਵਰਤਣ ਦਾ ਦੋਸ਼ ਲਾਇਆ।