ਰਾਮ ਮੰਦਰ ਸਮਾਰੋਹ ’ਚ ਰਾਸ਼ਟਰਪਤੀ ਅਤੇ ਗਰੀਬਾਂ ਲਈ ਕੋਈ ਥਾਂ ਨਹੀਂ ਸੀ : ਰਾਹੁਲ ਗਾਂਧੀ 
Published : Feb 16, 2024, 8:21 pm IST
Updated : Feb 16, 2024, 8:26 pm IST
SHARE ARTICLE
Rahul Gandhi
Rahul Gandhi

ਕਿਹਾ, ਦੇਸ਼ ’ਚ ਅਰਬਪਤੀਆਂ ਲਈ ਕੰਮ ਕੀਤਾ ਜਾ ਰਿਹਾ ਹੈ, ਕਿਸਾਨਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ

ਚੰਦੌਲੀ (ਉੱਤਰ ਪ੍ਰਦੇਸ਼): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਰਾਮ ਮੰਦਰ ਦੇ ਜਸ਼ਨ ’ਚ ਮੋਦੀ ਜੀ, ਅੰਬਾਨੀ ਜੀ, ਅਡਾਨੀ ਜੀ ਅਤੇ ਹੋਰ ਅਰਬਪਤੀਆਂ ਲਈ ਲਾਲ ਕਾਲੀਨ ਵਿਛਾਇਆ ਗਿਆ ਸੀ ਪਰ ਦੇਸ਼ ਦੇ ਆਦਿਵਾਸੀ ਰਾਸ਼ਟਰਪਤੀ, ਗਰੀਬ, ਬੇਰੁਜ਼ਗਾਰ ਨੌਜੁਆਨਾਂ ਅਤੇ ਕਿਸਾਨਾਂ ਲਈ ਕੋਈ ਥਾਂ ਨਹੀਂ ਸੀ। 

ਰਾਹੁਲ ਗਾਂਧੀ ਇੱਥੇ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਿਹਾਰ ਤੋਂ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਸ਼ੁਕਰਵਾਰ ਦੁਪਹਿਰ ਨੂੰ ਉੱਤਰ ਪ੍ਰਦੇਸ਼ ਦੇ ਚੰਦੌਲੀ ਪਹੁੰਚੀ, ਜਿੱਥੇ ਕਾਂਗਰਸ ਨੇਤਾਵਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਬਿਹਾਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਸਿੰਘ ਨੇ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਰਾਏ ਨੂੰ ਨਿਆਂ ਯਾਤਰਾ ਦਾ ਝੰਡਾ ਸੌਂਪਿਆ। ਇਸ ਮੌਕੇ ਰਾਜ ਸਭਾ ਮੈਂਬਰ ਪ੍ਰਮੋਦ ਤਿਵਾੜੀ ਅਤੇ ਸਾਬਕਾ ਸੂਬਾ ਪ੍ਰਧਾਨ ਅਜੇ ਕੁਮਾਰ ਲੱਲੂ ਵੀ ਮੌਜੂਦ ਸਨ। 

ਰਾਹੁਲ ਗਾਂਧੀ ਨੇ ਅਪਣੇ ਸੰਬੋਧਨ ’ਚ ਮੀਡੀਆ ’ਤੇ ਵੀ ਵਿਅੰਗ ਕਰਦਿਆਂ ਕਿਹਾ ਕਿ ਦੇਸ਼ ’ਚ ਅਰਬਪਤੀਆਂ ਲਈ ਕੰਮ ਕੀਤਾ ਜਾ ਰਿਹਾ ਹੈ, ਕਿਸਾਨਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ, ਮਹਿੰਗਾਈ ਵਧ ਰਹੀ ਹੈ, ਬੇਰੁਜ਼ਗਾਰੀ ਵਧ ਰਹੀ ਹੈ, ਪਰ ਟੀ.ਵੀ. ’ਤੇ ਕਦੇ ਅਜਿਹਾ ਕੀ ਵੇਖਿਆ ਗਿਆ? ਉਨ੍ਹਾਂ ਕਿਹਾ, ‘‘ਇਹ ‘ਮੋਦੀ ਮੀਡੀਆ’ ਤੁਹਾਨੂੰ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਪਾਕਿਸਤਾਨ ਦੇ ਲੈਕਚਰ ਵਿਖਾਏਗਾ ਪਰ ਤੁਸੀਂ ਮੀਡੀਆ ’ਚ ਬੇਰੁਜ਼ਗਾਰੀ ਅਤੇ ਮਹਿੰਗਾਈ ਨਹੀਂ ਵੇਖੋਗੇ।’’

ਉਨ੍ਹਾਂ ਕਿਹਾ, ‘‘ਤੁਸੀਂ ਰਾਮ ਮੰਦਰ ਦਾ ਜਸ਼ਨ ਵੇਖਿਆ ਹੈ। ਤੁਸੀਂ ਰਾਮ ਮੰਦਰ ’ਚ ਨਰਿੰਦਰ ਮੋਦੀ ਨੂੰ ਵੇਖ ਸਕਦੇ ਹੋ। ਮੈਨੂੰ ਦੱਸੋ, ਕੀ ਤੁਸੀਂ ਰਾਮ ਮੰਦਰ ਦੇ ਤਿਉਹਾਰ ਦੌਰਾਨ ਕਿਸੇ ਕਿਸਾਨ ਨੂੰ ਵੇਖਿਆ ਸੀ, ਕੀ ਤੁਸੀਂ ਇਕ ਵੀ ਗਰੀਬ ਵਿਅਕਤੀ ਨੂੰ ਵੇਖਿਆ ਸੀ? ਅਮਿਤਾਭ ਬੱਚਨ ਨਜ਼ਰ ਆਏ, ਅੰਬਾਨੀ ਅਤੇ ਅਡਾਨੀ ਨਜ਼ਰ ਆਏ, ਭਾਰਤ ਦੇ ਸਾਰੇ ਅਰਬਪਤੀ ਨਜ਼ਰ ਆਏ, ਭਾਜਪਾ ਦੇ ਇਕ-ਦੋ ਨੇਤਾ ਨਜ਼ਰ ਆਏ, ਪਰ ਕੀ ਤੁਸੀਂ ਕਿਸੇ ਆਦਿਵਾਸੀ ਰਾਸ਼ਟਰਪਤੀ ਨੂੰ ਵੇਖਿਆ?’’

ਰਾਹੁਲ ਗਾਂਧੀ ਨੇ ਖੁਦ ਜਵਾਬ ਦਿਤਾ ਕਿ ਰਾਸ਼ਟਰਪਤੀ ਅਤੇ ਗਰੀਬਾਂ ਅਤੇ ਮਜ਼ਦੂਰਾਂ ਲਈ ਕੋਈ ਜਗ੍ਹਾ ਨਹੀਂ ਸੀ, ਬੇਰੁਜ਼ਗਾਰ ਨੌਜੁਆਨਾਂ ਲਈ ਕੋਈ ਜਗ੍ਹਾ ਨਹੀਂ ਸੀ, ਪਰ ਮੋਦੀ ਜੀ, ਅਡਾਨੀ ਜੀ ਅਤੇ ਅੰਬਾਨੀ ਜੀ ਸਮੇਤ ਹੋਰ ਅਰਬਪਤੀਆਂ ਲਈ ਰੈੱਡ ਕਾਰਪੇਟ ਵਿਛਾਇਆ ਗਿਆ ਸੀ। ਰਾਹੁਲ ਗਾਂਧੀ ਨੇ ਕਿਹਾ, ‘‘ਦੋ ਭਾਰਤ ਬਣ ਰਹੇ ਹਨ, ਇਨ੍ਹਾਂ ’ਚੋਂ ਇਕ ਹਿੰਦੁਸਤਾਨ ਤੁਸੀਂ ਟੀ.ਵੀ. ’ਤੇ ਦੇਖੋਗੇ ਜਿਸ ’ਚ ਇਕ ਪਾਸੇ ਐਸ਼ਵਰਿਆ ਰਾਏ ਡਾਂਸ ਕਰਦੀ ਨਜ਼ਰ ਆਵੇਗੀ, ਦੂਜੇ ਪਾਸੇ ਅਮਿਤਾਭ ਬੱਚਨ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ, ਸ਼ਾਹਰੁਖ ਖਾਨ ਅਤੇ ਵਿਰਾਟ ਕੋਹਲੀ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਨਜ਼ਰ ਆਵੇਗੀ। ਪਰ ਇਸ ਭਾਰਤ ’ਚ ਤੁਹਾਨੂੰ ਇਕ ਵੀ ਭੁੱਖਾ, ਇਕ ਵੀ ਬੇਰੁਜ਼ਗਾਰ ਜਾਂ ਇਕ ਵੀ ਅਗਨੀਵੀਰ ਨਹੀਂ ਮਿਲੇਗਾ।’’

ਉਨ੍ਹਾਂ ਕਿਹਾ ਕਿ ਅਸਲ ’ਚ ਭਾਰਤ ਦੇ ਗਰੀਬ ਲੋਕਾਂ ਲਈ ਦਿਹਾੜੀ, ਠੇਕੇ ’ਤੇ ਮਜ਼ਦੂਰੀ, ਬੇਰੁਜ਼ਗਾਰੀ ਅਤੇ ਭੁੱਖਮਰੀ ਦਾ ਰਾਹ ਖੁੱਲ੍ਹਾ ਹੈ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਅਰਬਪਤੀ ਹੋ, ਨਰਿੰਦਰ ਮੋਦੀ ਦੇ ਦੋਸਤ ਹੋ ਤਾਂ ਜੋ ਵੀ ਜ਼ਮੀਨ ਚਾਹੁੰਦੇ ਹੋ, ਜੋ ਵੀ ਹਵਾਈ ਅੱਡਾ ਚਾਹੁੰਦੇ ਹੋ, ਲੈ ਲਓ।’’ ਉਨ੍ਹਾਂ ਕਿਹਾ, ‘‘ਇਹ ਦੋ ਵਿਚਾਰਧਾਰਾਵਾਂ ਵਿਚਾਲੇ ਲੜਾਈ ਹੈ, ਇਕ ਵਿਚਾਰਧਾਰਾ ਭਰਾ ਨੂੰ ਭਰਾ ਨਾਲ ਲੜਾਉਂਦੀ ਹੈ ਅਤੇ ਤੁਹਾਡੀ ਜੇਬ ਵਿਚੋਂ ਪੈਸੇ ਲੈਂਦੀ ਹੈ ਅਤੇ ਦੋ-ਤਿੰਨ ਅਰਬਪਤੀਆਂ ਨੂੰ ਫੜਾਉਂਦੀ ਹੈ। ਦੂਜੀ ਵਿਚਾਰਧਾਰਾ ਨਫ਼ਰਤ ਦੇ ਬਾਜ਼ਾਰ ’ਚ ਪਿਆਰ ਦੀ ਦੁਕਾਨ ਖੋਲ੍ਹਦੀ ਹੈ ਅਤੇ ਅਪਣਾ ਹੱਕ, ਅਪਣਾ ਪੈਸਾ ਸੌਂਪ ਦਿੰਦੀ ਹੈ, ਇਹ ਲੜਾਈ ਭਾਰਤ ’ਚ ਚੱਲ ਰਹੀ ਹੈ।’’

ਉਨ੍ਹਾਂ ਕਿਹਾ, ‘‘ਭਾਰਤ ’ਚ ਸਿਰਫ ਦੋ ਮੁੱਦੇ ਹਨ, ਬੇਰੁਜ਼ਗਾਰੀ ਅਤੇ ਮਹਿੰਗਾਈ। ਤੀਜਾ ਮੁੱਦਾ ਸਮਾਜਕ ਨਿਆਂ ਦਾ ਮੁੱਦਾ ਹੈ। ਅਸੀਂ ਇਨ੍ਹਾਂ ਚੀਜ਼ਾਂ ’ਤੇ ਗੱਲਬਾਤ ਕਰਾਂਗੇ। ਤੁਸੀਂ ਆਏ, ਤੁਸੀਂ ਇਸ ਯਾਤਰਾ ਨੂੰ ਅਪਣੀ ਤਾਕਤ, ਅਪਣਾ ਪਿਆਰ ਦਿਤਾ। ਤੁਹਾਡਾ ਧੰਨਵਾਦ।’’

ਬਿਹਾਰ ’ਚ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਤੇਜਸਵੀ ਯਾਦਵ ਬਣੇ ਰਾਹੁਲ ਗਾਂਧੀ ਦੇ ਸਾਰਥੀ 

ਸਾਸਾਰਾਮ: ਕੌਮੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ ਅਤੇ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਰੋਹਤਾਸ ਜ਼ਿਲ੍ਹੇ ਦੇ ਡੇਹਰੀ ਮੋਫਸਿਲ ਥਾਣੇ ਦੇ ਅਧੀਨ ਜਮੁਹਾਰ ਤੋਂ ‘ਭਾਰਤ ਜੋੜੋ ਨਿਆਂ ਯਾਤਰਾ’ ਕੱਢੀ। ਤੇਜਸਵੀ ਅਤੇ ਰਾਹੁਲ ਲਾਲ ਰੰਗ ਦੀ ਖੁੱਲ੍ਹੀ ਜੀਪ ’ਚ ਸਵਾਰ ਹੋਏ। ਤੇਜਸਵੀ ਜੀਪ ਚਲਾ ਰਿਹਾ ਸੀ ਅਤੇ ਰਾਹੁਲ ਨਾਲ ਵਾਲੀ ਸੀਟ ’ਤੇ ਬੈਠਾ ਸੀ। ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਜੀਪ ’ਚ ਪਿੱਛੇ ਬੈਠੀ ਸੀ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਉਹ ਰੱਖਿਆ ਬਜਟ ਦਾ ਵੱਡਾ ਹਿੱਸਾ ਉਦਯੋਗਪਤੀ ਗੌਤਮ ਅਡਾਨੀ ਦੀ ਜੇਬ ’ਚ ਪਾ ਰਹੀ ਹੈ। ਅਪਣੀ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਹਿੱਸੇ ਵਜੋਂ ਰੋਹਤਾਸ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਤੁਹਾਨੂੰ ਇਕ ਗੱਲ ਦਸਣਾ ਚਾਹੁੰਦਾ ਹਾਂ ਕਿ ਇਸ ਸਮੇਂ ਕੇਂਦਰ ਦਾ ਰੱਖਿਆ ਬਜਟ ਜਵਾਨਾਂ ਦੀ ਭਲਾਈ ਲਈ ਨਹੀਂ ਹੈ। ਸਾਰੇ ਰੱਖਿਆ ਠੇਕੇ ਸਿਰਫ ਅਡਾਨੀ ਸਮੂਹ ਨੂੰ ਜਾ ਰਹੇ ਹਨ। ਦਰਅਸਲ, ਕੇਂਦਰ ਸਰਕਾਰ ਰੱਖਿਆ ਬਜਟ ਦੇ ਪੈਸੇ ਦਾ ਵੱਡਾ ਹਿੱਸਾ ਉਦਯੋਗਪਤੀ ਗੌਤਮ ਅਡਾਨੀ ਦੀ ਜੇਬ ’ਚ ਪਾ ਰਹੀ ਹੈ।’’

ਰਾਹੁਲ ਨੇ ਕਿਹਾ, ‘‘ਕੇਂਦਰ ਨੇ ਸੁਰੱਖਿਆ ਬਲਾਂ ਲਈ ਜੋ ਵੀ ਖਰੀਦਿਆ... ਅਡਾਨੀ ਸਮੂਹ ਦੀ ਮਲਕੀਅਤ ਵਾਲੀ ਕੰਪਨੀ ਤੋਂ ਹੈਲੀਕਾਪਟਰ, ਫੌਜੀ ਜਹਾਜ਼, ਤੋਪਾਂ, ਕਾਰਤੂਸ, ਰਾਈਫਲਾਂ ਅਤੇ ਸਾਰੇ ਆਧੁਨਿਕ ਹਥਿਆਰ ਖਰੀਦੇ ਗਏ ਸਨ। ਤੁਹਾਨੂੰ ਅਡਾਨੀ ਸਮੂਹ ਦਾ ਨਾਮ ਹਰ ਜਗ੍ਹਾ (ਸਾਰੇ ਰੱਖਿਆ ਠੇਕਿਆਂ ’ਚ) ਮਿਲ ਜਾਵੇਗਾ।’’ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਨੂੰ ਲੈ ਕੇ ਵੀ ਕੇਂਦਰ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੇਂਦਰ ਨੇ ਫੌਜ ’ਚ ਦੋ ਸ਼੍ਰੇਣੀਆਂ ਬਣਾਈਆਂ ਹਨ। ਇਕ ਅਗਨੀਵੀਰ ਅਤੇ ਇਕ ਹੋਰ। ਉਨ੍ਹਾਂ ਕਿਹਾ, ‘‘ਜੇਕਰ ਕੋਈ ਅਗਨੀਵੀਰ ਜ਼ਖਮੀ ਜਾਂ ਸ਼ਹੀਦ ਹੁੰਦਾ ਹੈ ਤਾਂ ਉਸ ਨੂੰ ਨਾ ਤਾਂ ਸ਼ਹੀਦ ਦਾ ਦਰਜਾ ਮਿਲੇਗਾ ਅਤੇ ਨਾ ਹੀ ਲੋੜੀਂਦਾ ਮੁਆਵਜ਼ਾ। ਇਹ ਵਿਤਕਰਾ ਕਿਉਂ?’’

ਯਾਦਵ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਕੋਲ ਸਮਾਂ ਨਹੀਂ ਹੈ। ਉਹ ਪ੍ਰਿਯੰਕਾ ਚੋਪੜਾ ਨੂੰ ਜ਼ਰੂਰ ਮਿਲਣਗੇ ਪਰ ਸਾਡੇ ਕਿਸਾਨ ਭਰਾਵਾਂ ਨੂੰ ਨਹੀਂ ਮਿਲਣਗੇ।’’ 

‘ਇੰਡੀਆ’ ਦੇ ਸੱਤਾ ’ਚ ਆਉਣ ’ਤੇ ਐਮ.ਐਸ.ਪੀ. ਨੂੰ ਮਿਲੇਗੀ ਕਾਨੂੰਨੀ ਗਰੰਟੀ: ਰਾਹੁਲ ਗਾਂਧੀ 

ਰੋਹਤਾਸ/ਸਾਸਾਰਾਮ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ਦਾ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਇੰਡੀਆ) ਆਗਾਮੀ ਲੋਕ ਸਭਾ ਚੋਣਾਂ ਤੋਂ ਬਾਅਦ ਸੱਤਾ ’ਚ ਆਉਂਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਦੇਸ਼ ’ਚ ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਲਟਕ ਦੀਆਂ ਮੰਗਾਂ ਨੂੰ ਮਨਜ਼ੂਰ ਕਰੇਗੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਯਕੀਨੀ ਬਣਾਏਗੀ।

ਰਾਹੁਲ ਗਾਂਧੀ ਕੌਮੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨਾਲ ਅਪਣੀ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਹਿੱਸੇ ਵਜੋਂ ਰੋਹਤਾਸ ਜ਼ਿਲ੍ਹੇ ਦੇ ਚੇਨਾਰੀ ਥਾਣਾ ਖੇਤਰ ਦੇ ਟੇਕਰੀ ਵਿਖੇ ਆਯੋਜਿਤ ਕਿਸਾਨ ਨਿਆਂ ਮਹਾਪੰਚਾਇਤ ’ਚ ਪਹੁੰਚੇ ਅਤੇ ਖਾਟਾਂ ’ਤੇ ਬੈਠੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। 

ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਸੱਤਾ ’ਚ ਆਉਣ ਤੋਂ ਬਾਅਦ ਕਾਂਗਰਸ ਐਮ.ਐਸ.ਪੀ. ਨੂੰ ਕਾਨੂੰਨੀ ਗਰੰਟੀ ਦੇਵੇਗੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸਾਨਾਂ ਨੇ ਕਾਂਗਰਸ ਤੋਂ ਕੁੱਝ ਮੰਗਿਆ ਹੈ, ਉਹ ਦਿਤਾ ਗਿਆ ਹੈ। ਚਾਹੇ ਕਰਜ਼ਾ ਮੁਆਫੀ ਹੋਵੇ ਜਾਂ ਘੱਟੋ-ਘੱਟ ਸਮਰਥਨ ਮੁੱਲ, ਕਾਂਗਰਸ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ।

ਰਾਹੁਲ ਗਾਂਧੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨੇ ਫਸਲਾਂ ਲਈ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਸਮੇਤ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਮੰਨਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਸ਼ੁਕਰਵਾਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿਤਾ ਹੈ। 

ਪੰਜਾਬ ਦੇ ਕਿਸਾਨਾਂ ਨੇ ਮੰਗਲਵਾਰ ਨੂੰ ਅਪਣਾ ਮਾਰਚ ਸ਼ੁਰੂ ਕੀਤਾ ਸੀ ਪਰ ਸੁਰੱਖਿਆ ਬਲਾਂ ਨੇ ਦਿੱਲੀ ਅਤੇ ਹਰਿਆਣਾ ਦਰਮਿਆਨ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਉਨ੍ਹਾਂ ਨੂੰ ਰੋਕ ਦਿਤਾ। ਉਦੋਂ ਤੋਂ ਹੀ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਡਟੇ ਹੋਏ ਹਨ। ਸ਼ੁਕਰਵਾਰ ਨੂੰ ਉਨ੍ਹਾਂ ਦੇ ਅੰਦੋਲਨ ਦਾ ਚੌਥਾ ਦਿਨ ਹੈ। ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਉਸ ’ਤੇ ਰੱਖਿਆ ਬਜਟ ਦਾ ਵੱਡਾ ਹਿੱਸਾ ਉਦਯੋਗਪਤੀ ਗੌਤਮ ਅਡਾਨੀ ਦੀ ਜੇਬ ’ਚ ਪਾਉਣ ਦਾ ਦੋਸ਼ ਲਾਇਆ।

Tags: rahul gandhi

SHARE ARTICLE

ਏਜੰਸੀ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement