
ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਦੇਸ਼ ਭਰ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੇਸ਼ਕਾਰੀ ਵੀ ਦਿੱਤੀ। ਉਹਨਾਂ ਨੇ ਲੋਕ ਸਭਾ ਚੋਣਾਂ ਲਈ ਰਣਨੀਤੀ ਦਾ ਬਲੂਪ੍ਰਿੰਟ ਪੇਸ਼ ਕੀਤਾ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ 'ਤੇ 4 ਘੰਟੇ ਤੱਕ ਪਾਰਟੀ ਆਗੂਆਂ ਦੀ ਹੰਗਾਮੀ ਮੀਟਿੰਗ ਚੱਲੀ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਏ। ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਦੇਸ਼ ਭਰ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੇਸ਼ਕਾਰੀ ਵੀ ਦਿੱਤੀ। ਉਹਨਾਂ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਦਾ ਬਲੂਪ੍ਰਿੰਟ ਪੇਸ਼ ਕੀਤਾ।
ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਨੇ ਦੱਸਿਆ ਕਿ ਬੈਠਕ 'ਚ 2024 ਨੂੰ ਲੈ ਕੇ ਪੇਸ਼ਕਾਰੀ ਦਿੱਤੀ ਗਈ ਹੈ। ਕਾਂਗਰਸ ਪ੍ਰਧਾਨ ਨੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਕਮੇਟੀ ਇਕ ਹਫ਼ਤੇ ਵਿਚ ਆਪਣੀ ਰਿਪੋਰਟ ਦੇਵੇਗੀ। ਇਸ ਤੋਂ ਪਹਿਲਾਂ ਬੈਠਕ 'ਚ ਸ਼ਾਮਲ ਹੋਏ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਬੈਠਕ ਕਿਉਂ ਬੁਲਾਈ ਗਈ ਹੈ। ਇਸ ਦੇ ਨਾਲ ਹੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੀਟਿੰਗ ਵਿਚ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਸੂਤਰਾਂ ਮੁਤਾਬਕ ਪਾਰਟੀ ਦੇ 10 ਤੋਂ ਵੱਧ ਆਗੂਆਂ ਨੂੰ ਕਾਂਗਰਸ ਪ੍ਰਧਾਨ ਦੀ ਰਿਹਾਇਸ਼ 'ਤੇ ਬੁਲਾਇਆ ਗਿਆ ਸੀ। ਇਹਨਾਂ ਵਿਚ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ, ਕੇਸੀ ਵੇਣੂਗੋਪਾਲ, ਜੈਰਾਮ ਰਮੇਸ਼, ਏ ਕੇ ਐਂਟਨੀ, ਦਿਗਵਿਜੇ ਸਿੰਘ, ਅਜੈ ਮਾਕਨ, ਅੰਬਿਕਾ ਸੋਨੀ, ਮੁਕੁਲ ਵਾਸਨਿਕ, ਪੀ. ਚਿਦੰਬਰਮ ਅਤੇ ਰਣਦੀਪ ਸੁਰਜੇਵਾਲਾ ਸ਼ਾਮਲ ਸਨ।
ਕਾਂਗਰਸ ਸੂਤਰਾਂ ਨੇ ਦੱਸਿਆ ਕਿ ਪਿਛਲੇ ਕਈ ਹਫਤਿਆਂ ਤੋਂ ਪਾਰਟੀ ਲੀਡਰਸ਼ਿਪ ਅਤੇ ਪ੍ਰਸ਼ਾਂਤ ਕਿਸ਼ੋਰ ਵਿਚਕਾਰ ਮੁੱਖ ਤੌਰ 'ਤੇ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕਾਂਗਰਸ ਲੀਡਰਸ਼ਿਪ ਦੇ ਸੰਪਰਕ ਵਿਚ ਹਨ। ਹਾਲ ਹੀ 'ਚ ਉਹਨਾਂ ਕਿਹਾ ਸੀ ਕਿ ਉਹ 2021 'ਚ ਕਾਂਗਰਸ 'ਚ ਸ਼ਾਮਲ ਹੋਣ ਜਾ ਰਹੇ ਹਨ ਪਰ ਕੁਝ ਨੁਕਤਿਆਂ 'ਤੇ ਸਹਿਮਤੀ ਨਹੀਂ ਬਣ ਸਕੀ।