MP ਰਾਘਵ ਚੱਢਾ ਵੱਲੋਂ ਬੇਅਦਬੀ 'ਤੇ ਚਰਚਾ ਲਈ ਕੰਮ ਰੋਕੂ ਮਤੇ ਦਾ ਦਿੱਤਾ ਨੋਟਿਸ ਹੋਇਆ ਰੱਦ
ਹੰਗਾਮੇ ਮਗਰੋਂ ਸਦਨ ਦੀ ਕਾਰਵਾਈ ਹੋਈ ਮੁਲਤਵੀ
ਨਵੀਂ ਦਿੱਲੀ : ਰਾਜ ਸਭਾ ਵਿਚ ਬੇਅਦਬੀ ਦੇ ਮਾਮਲਿਆਂ 'ਤੇ ਚਰਚਾ ਨਹੀਂ ਹੋਵੇਗੀ ਕਿਉਂਕਿ ਸਪੀਕਰ ਵੱਲੋਂ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਦੱਸ ਦੇਈਏ ਕਿ ਬੇਅਦਬੀ ਦੇ ਮਸਲਿਆਂ 'ਤੇ ਚਰਚਾ ਕਰਨ ਲਈ ਆਪ ਸੰਸਦ ਮੈਂਬਰ ਰਾਘਵ ਚੱਢਾ ਨੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ ਸੀ ਪਰ ਸਪੀਕਰ ਵੱਲੋਂ ਇਸ ਨੂੰ ਨਾ-ਮਨਜ਼ੂਰੀ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਸਦਨ ਵਿਚ ਕਾਫੀ ਹੰਗਾਮਾ ਹੋਇਆ ਅਤੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਅਸਲ ਵਿਚ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪੰਜਾਬ 'ਚ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਸੰਸਦ 'ਚ ਇਹ ਮੁੱਦਾ ਚੁੱਕਿਆ ਹੈ।
ਰਾਘਵ ਚੱਢਾ ਨੇ ਅਪੀਲ ਕੀਤੀ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਾਨੂੰਨਾਂ 'ਚ ਸੋਧਾਂ 'ਤੇ ਚਰਚਾ ਕਰਨ ਲਈ ਰਾਜ ਸਭਾ 'ਚ ਨਿਯਮ 267 ਦੇ ਤਹਿਤ ਸਸਪੈਂਸ਼ਨ ਆਫ਼ ਬਿਜਨਸ ਦਾ ਨੋਟਿਸ ਜਾਰੀ ਕੀਤਾ ਸੀ।