
ਕਿਹਾ ਕਿ ਦੇਸ਼ ਵਿੱਚੋਂ ਆਮ ਲੋਕਤੰਤਰੀ ਪ੍ਰਕਿਰਿਆਵਾਂ ਗ਼ਾਇਬ ਹਨ
ਹੁਸ਼ਿਆਰਪੁਰ - ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਉੱਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਅਤੇ ਭਾਰਤੀ ਜਨਤਾ ਪਾਰਟੀ ਦਾ ਕੰਟਰੋਲ ਹੈ ਅਤੇ ਦਾਅਵਾ ਕੀਤਾ ਕਿ ਦੇਸ਼ ਦੇ ਮੀਡੀਆ, ਨੌਕਰਸ਼ਾਹੀ, ਚੋਣ ਕਮਿਸ਼ਨ ਅਤੇ ਨਿਆਂਪਾਲਿਕਾ 'ਤੇ 'ਦਬਾਅ' ਹੈ।
ਗਾਂਧੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਪੰਜਾਬ ਦਾ ਰਾਜ ਪੰਜਾਬ ਤੋਂ ਚਲਾਇਆ ਜਾਣਾ ਚਾਹੀਦਾ ਹੈ ਨਾ ਕਿ ਦਿੱਲੀ ਤੋਂ।
ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਦੀਆਂ ਸੰਸਥਾਵਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ, “ਅੱਜ ਸਾਰੀਆਂ ਸੰਸਥਾਵਾਂ ਆਰ.ਐਸ.ਐਸ. ਅਤੇ ਭਾਜਪਾ ਦੁਆਰਾ ਕੰਟਰੋਲ ਕੀਤੀਆਂ ਜਾ ਰਹੀਆਂ ਹਨ। ਸਾਰੀਆਂ ਸੰਸਥਾਵਾਂ 'ਤੇ ਦਬਾਅ ਹੈ। ਪ੍ਰੈੱਸ ਦਬਾਅ ਹੇਠ ਹੈ, ਨੌਕਰਸ਼ਾਹੀ ਦਬਾਅ ਹੇਠ ਹੈ, ਚੋਣ ਕਮਿਸ਼ਨ ਦਬਾਅ ਹੇਠ ਹੈ, ਉਹ ਨਿਆਂਪਾਲਿਕਾ 'ਤੇ ਵੀ ਦਬਾਅ ਪਾਉਂਦੇ ਹਨ।"
ਗਾਂਧੀ ਨੇ ਕਿਹਾ, ''ਲੜਾਈ ਇੱਕ ਸਿਆਸੀ ਪਾਰਟੀ ਦੀ ਦੂਜੀ ਸਿਆਸੀ ਪਾਰਟੀ ਨਾਲ ਨਹੀਂ ਹੈ। ਹੁਣ ਲੜਾਈ ਦੇਸ਼ ਦੀਆਂ ਸੰਸਥਾਵਾਂ (ਜਿਨ੍ਹਾਂ 'ਤੇ ਉਨ੍ਹਾਂ ਨੇ ਕਬਜ਼ਾ ਕਰ ਲਿਆ ਹੈ) ਅਤੇ ਵਿਰੋਧੀ ਧਿਰ ਵਿਚਕਾਰ ਹੈ।"
ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਹੁਣ ਆਮ ਲੋਕਤੰਤਰੀ ਪ੍ਰਕਿਰਿਆਵਾਂ ਗਾਇਬ ਹਨ।
ਭਗਵੰਤ ਮਾਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਪੰਜਾਬ ਨੂੰ ਸਿਰਫ਼ ਪੰਜਾਬ 'ਚੋਂ ਹੀ ਚਲਾਇਆ ਜਾ ਸਕਦਾ ਹੈ।
ਗਾਂਧੀ ਨੇ ਕਿਹਾ, ''ਇਹ ਇੱਕ ਇਤਿਹਾਸਿਕ ਤੱਥ ਹੈ। ਜੇਕਰ ਇਸ ਨੂੰ ਦਿੱਲੀ ਤੋਂ ਚਲਾਇਆ ਗਿਆ ਤਾਂ ਪੰਜਾਬ ਦੇ ਲੋਕ ਇਸ ਨੂੰ ਸਵੀਕਾਰ ਨਹੀਂ ਕਰਨਗੇ।"
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਇਸ ਸਮੇਂ ਪੰਜਾਬ 'ਚੋਂ ਲੰਘ ਰਹੀ ਹੈ।
ਰਾਹੁਲ ਗਾਂਧੀ ਨੇ ਸੋਮਵਾਰ ਨੂੰ ਮਾਨ ਨੂੰ ਕਿਹਾ ਸੀ ਕਿ ਉਹ ਕਿਸੇ ਦੇ ਹੱਥਾਂ ਦੀ ਕਠਪੁਤਲੀ ਨਾ ਬਣ ਕੇ, ਸੂਬੇ ਨੂੰ ਆਜ਼ਾਦਾਨਾ ਢੰਗ ਨਾਲ ਚਲਾਉਣ।
ਮਾਨ ਨੇ ਇਸ ਟਿੱਪਣੀ 'ਤੇ ਪਲਟਵਾਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਸੀ ਅਤੇ ਯਾਦ ਕਰਵਾਇਆ ਕਿ ਕਿਸ ਤਰ੍ਹਾਂ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦਾ 'ਅਪਮਾਨ' ਕੀਤਾ ਸੀ।