
ਵਿਸ਼ਵ ਨੇਤਾਵਾਂ, ਉੱਘੀਆਂ ਸ਼ਖਸੀਅਤਾਂ ਨੇ ਉਨ੍ਹਾਂ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਧਵਾਰ ਨੂੰ 75 ਸਾਲ ਦੇ ਹੋ ਗਏ। ਇਸ ਮੌਕੇ ਵਿਸ਼ਵ ਭਰ ਦੇ ਨੇਤਾਵਾਂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿਤੀਆਂ ਅਤੇ ਉਨ੍ਹਾਂ ਦੀ ਅਗਵਾਈ ਦੀ ਸ਼ਲਾਘਾ ਕੀਤੀ। ਇਸ ਮੌਕੇ ਦੇਸ਼ ਭਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਵਾਲੇ ਸੂਬਿਆਂ ਨੇ ਪੂਰੇ ਪੰਦਰਵਾੜੇ ਚੱਲਣ ਵਾਲੇ ‘ਸੇਵਾ ਪਖਵਾੜਾ’ ਹੇਠ ਕਈ ਭਲਾਈ ਪਹਿਲਾਂ ਦੀ ਸ਼ੁਰੂਆਤ ਵੀ ਕੀਤੀ।
ਜਦਕਿ ਅਪਣੇ ਜਨਮ ਦਿਨ ਉਤੇ ਵੱਖ-ਵੱਖ ਸੂਬਿਆਂ ਤੋਂ ਵਿਕਾਸ ਪ੍ਰੋਗਰਾਮਾਂ ਦਾ ਉਦਘਾਟਨ ਕਰਨ ਦੀ ਅਪਣੀ ਪ੍ਰਥਾ ਹੇਠ ਮੋਦੀ ਔਰਤਾਂ ਅਤੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਉਤੇ ਧਿਆਨ ਕੇਂਦਰਿਤ ਕਰਨ ਲਈ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰਨ ਲਈ ਮੱਧ ਪ੍ਰਦੇਸ਼ ਦੇ ਧਾਰ ’ਚ ਗਏ।
ਇਕ ਜਨਤਕ ਮੀਟਿੰਗ ’ਚ, ਉਨ੍ਹਾਂ ਨੇ ਇਕ ਨਵੇਂ ਭਾਰਤ ਦੇ ਉਭਾਰ ਦੀ ਸ਼ਲਾਘਾ ਕੀਤੀ ਜਿਸ ਨੇ ਹਾਲ ਹੀ ਦੇ ਫੌਜੀ ਸੰਘਰਸ਼ ਦੌਰਾਨ ਪਾਕਿਸਤਾਨ ਨੂੰ ‘ਗੋਡੇ ਟੇਕਣ ਲਈ ਮਜਬੂਰ ਕੀਤਾ’।
ਜੈਸ਼-ਏ-ਮੁਹੰਮਦ ਦੇ ਇਕ ਕਮਾਂਡਰ ਵਲੋਂ ਭਾਰਤੀ ਹਮਲਿਆਂ ਵਿਚ ਸੰਗਠਨ ਦੇ ਹੈੱਡਕੁਆਰਟਰ ਨੂੰ ਤਬਾਹ ਕਰਨ, ਅਤਿਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਮਾਰਨ ਦੀ ਗੱਲ ਕਬੂਲ ਕਰਨ ਦੀ ਇਕ ਵਾਇਰਲ ਵੀਡੀਉ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਮੋਦੀ ਨੇ ਕਿਹਾ, ‘‘ਸਾਡੇ ਬਹਾਦਰ ਫ਼ੌਜੀਆਂ ਨੇ ਅੱਖ ਝਪਕਦਿਆਂ ਹੀ ਪਾਕਿਸਤਾਨ ਨੂੰ ਗੋਡਿਆਂ ਉਤੇ ਲਿਆ ਦਿਤਾ।’’
ਮੋਦੀ ਨੇ ਕਿਹਾ, ‘‘ਇਹ ਨਵਾਂ ਭਾਰਤ ਹੈ, ਜੋ ਕਿਸੇ ਪ੍ਰਮਾਣੂ ਖਤਰੇ ਤੋਂ ਨਹੀਂ ਡਰਦਾ। ਇਹ ਦੁਸ਼ਮਣ ਦੇ ਘਰ ਵਿਚ ਦਾਖਲ ਹੁੰਦਾ ਹੈ ਅਤੇ ਹਮਲਾ ਕਰਦਾ ਹੈ।’’ ਉਨ੍ਹਾਂ ਨੇ ‘ਸਵਦੇਸ਼ੀ’ ਵਸਤੂਆਂ ਦੀ ਮਜ਼ਬੂਤ ਵਕਾਲਤ ਕੀਤੀ ਅਤੇ ‘ਸਵਸਥ ਨਾਰੀ ਸਸ਼ਕਤ ਪਰਵਾਰ’ ਅਤੇ ਅੱਠਵੀਂ ਸਲਾਨਾ ਕੌਮੀ ਪੋਸ਼ਣ ਮਹੀਨੇ ਦੀ ਮੁਹਿੰਮ ਵੀ ਸ਼ੁਰੂ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਭਾਰਤ ਵਿਚ ਬਣੀਆਂ ਚੀਜ਼ਾਂ ਖਰੀਦਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ‘ਮੇਡ ਇਨ ਇੰਡੀਆ’ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਉਤੇ ‘ਗਰਵ ਸੇ ਕਹੋ ਯੇ ਸਵਦੇਸ਼ੀ ਹੈ’ ਬੋਰਡ ਲੱਗੇ ਹੋਣੇ ਚਾਹੀਦੇ ਹਨ।
ਸੂਬਿਆਂ ’ਚ ਭਾਜਪਾ ਸਰਕਾਰਾਂ ਅਤੇ ਵੱਖ-ਵੱਖ ਥਾਵਾਂ ਉਤੇ ਪਾਰਟੀ ਦੇ ਸੰਗਠਨ ਨੇ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਕੈਂਪਾਂ ਤੋਂ ਲੈ ਕੇ ਸਵੱਛਤਾ ਮੁਹਿੰਮਾਂ, ਬੁੱਧੀਜੀਵੀਆਂ ਦੇ ਇਕੱਠ ਅਤੇ ਮੇਲਿਆਂ ਨੂੰ ਕਵਰ ਕਰਨ ਵਾਲੇ ਆਊਟਰੀਚ, ਕਲਿਆਣਕਾਰੀ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਜਾਂ ਤਿਆਰ ਕੀਤੀ ਹੈ। ਇਹ ਅਭਿਆਸ ਮਹਾਤਮਾ ਗਾਂਧੀ ਦੇ ਜਨਮ ਦਿਨ 2 ਅਕਤੂਬਰ ਤਕ ਜਾਰੀ ਰਹੇਗਾ। ਕੌਮੀ ਰਾਜਧਾਨੀ ’ਚ ਸ਼ਾਹ ਨੇ ਮੋਦੀ ਦੇ 75ਵੇਂ ਜਨਮ ਦਿਨ ਦੇ ਮੌਕੇ ਉਤੇ ਦਿੱਲੀ ਸਰਕਾਰ ਦੀਆਂ 17 ਕਲਿਆਣਕਾਰੀ ਯੋਜਨਾਵਾਂ ਦਾ ਉਦਘਾਟਨ ਕੀਤਾ।
ਗੁਜਰਾਤ ਦੇ ਵਡਨਗਰ ’ਚ ਇਕ ਗਰੀਬ ਪਰਵਾਰ ’ਚ ਜਨਮੇ ਅਤੇ 2014 ਤੋਂ ਲੈ ਕੇ ਹੁਣ ਤਕ ਭਾਜਪਾ ਨੂੰ ਉਸ ਦੀਆਂ ਸਭ ਤੋਂ ਵੱਡੀਆਂ ਚੋਣ ਸਫਲਤਾਵਾਂ ਵਿਖਾਉਣ ਵਾਲੇ ਮੋਦੀ ਨੂੰ ਪੂਰੀ ਦੁਨੀਆਂ ਤੋਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਮਿਲੀਆਂ। ਮੋਦੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਭਾਰਤ ਦੇ ਤੀਜੇ ਸੱਭ ਤੋਂ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਹਨ ਅਤੇ ਕਾਰਜਕਾਲ ਦੇ ਮਾਮਲੇ ਵਿਚ ਦੂਜੇ ਨੰਬਰ ਉਤੇ ਹਨ।