
ਰਾਫ਼ੇਲ ਲੜਾਕੂ ਜਹਾਜ਼ ਸੌਦਾ ਅਤੇ ਨੀਰਵ ਮੋਦੀ ਮਾਮਲਿਆਂ 'ਚ ਉਨ੍ਹਾਂ ਕੋਲ ਲੋਕ ਸਭਾ 'ਚ 15 ਮਿੰਟ ਦੇ ਭਾਸ਼ਣ ਦੇਣ ਦਾ ਸਮਾਂ ਵੀ ਨਹੀਂ ਹੈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨ ਵਿੰਨ੍ਹਦਿਆਂ ਕਿਹਾ ਕਿ ਰਾਫ਼ੇਲ ਲੜਾਕੂ ਜਹਾਜ਼ ਸੌਦਾ ਅਤੇ ਨੀਰਵ ਮੋਦੀ ਮਾਮਲਿਆਂ 'ਚ ਉਨ੍ਹਾਂ ਕੋਲ ਲੋਕ ਸਭਾ 'ਚ 15 ਮਿੰਟ ਦੇ ਭਾਸ਼ਣ ਦੇਣ ਦਾ ਸਮਾਂ ਵੀ ਨਹੀਂ ਹੈ ਅਤੇ ਜੇ ਅਜਿਹਾ ਹੋਇਆ ਵੀ ਤਾਂ ਉਹ ਸਦਨ 'ਚ ਖੜੇ ਵੀ ਨਹੀਂ ਹੋ ਸਕਣਗੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਦੇਸ਼ ਦੇ ਬੈਂਕਿੰਗ ਸਿਸਟਮ ਨੂੰ ਤਬਾਹ ਕਰ ਕੇ ਰੱਖ ਦਿਤਾ ਹੈ। ਰਾਹੁਲ ਨੇ ਕਿਹਾ ਹੈ ਕਿ ਮੋਦੀ ਨੇ ਸਾਡੀ ਜੇਬ 'ਚੋਂ 500, 1000 ਰੁਪਏ ਦੇ ਨੋਟ ਕੱਢ ਕੇ ਨੀਰਵ ਮੋਦੀ ਦੀ ਜੇਬ 'ਚ ਪਾ ਦਿਤੇ। ਅਪਣੇ ਸੰਸਦੀ ਚੋਣ ਖੇਤਰ ਅਮੇਠੀ ਦੇ ਦੌਰੇ 'ਤੇ ਆਏ ਰਾਹੁਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ, ''ਭਾਵੇਂ ਰਾਫ਼ੇਲ ਮਾਮਲਾ ਹੋਵੇ, ਜਾਂ ਨੀਰਵ ਮੋਦੀ ਦਾ ਮਾਮਲਾ, ਪ੍ਰਧਾਨ ਮੰਤਰੀ ਲੋਕ ਸਭਾ 'ਚ ਖੜੇ ਨਹੀਂ ਹੋ ਸਕਣਗੇ।'' ਰਾਏਬਰੇਲੀ-ਅਮੇਠੀ ਦੇ ਦੌਰੇ 'ਤੇ ਯੂ.ਪੀ. ਆਏ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਬੈਂਕਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ।
Narendra Modi
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐਨ.ਬੀ. ਸਕੈਮ ਦੇ ਸੰਦਰਭ 'ਚ ਨੀਰਵ ਮੋਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨੀਰਵ ਮੋਦੀ 30 ਹਜ਼ਾਰ ਕਰੋੜ ਰੁਪਏ ਲੈ ਕੇ ਦੌੜ ਗਏ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਕ ਸ਼ਬਦ ਵੀ ਨਹੀਂ ਕਿਹਾ। ਸਾਨੂੰ ਲਾਈਨਾਂ 'ਚ ਖੜਾ ਰਹਿਣ ਲਈ ਮਜਬੂਰ ਕੀਤਾ। ਸਾਡੀ ਜੇਬ ਤੋਂ 500, 1000 ਰੁਪਏ ਦੇ ਨੋਟ ਖੋਹ ਕੇ ਨੀਰਵ ਮੋਦੀ ਦੀ ਜੇਬ 'ਚ ਪਾ ਦਿਤੇ। ਰਾਹੁਲ ਨੇ ਇਸੇ ਲੜੀ 'ਚ ਰਾਫ਼ੇਲ ਸੌਦਿਆਂ 'ਚ ਹੋਈ ਬੇਨਿਯਮੀ ਦਾ ਦੋਸ਼ ਇਕ ਵਾਰ ਫਿਰ ਲਾਇਆ। ਉਧਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਰਾਹੁਲ ਪਹਿਲਾਂ ਅਮੇਠੀ ਦੀ ਫ਼ਿਕਰ ਕਰਨ ਅਤੇ ਜਿਥੋਂ ਤਕ ਮੋਦੀ ਦੇ ਸੰਸਦ 'ਚ ਖੜੇ ਹੋ ਕੇ ਬੋਲਣ ਦਾ ਸਵਾਲ ਹੈ ਤਾਂ ਰਾਹੁਲ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ। (ਏਜੰਸੀਆਂ)