
Amit Shah News : SDR ਫ਼ੰਡ ਤੋਂ ਇਲਾਵਾ ਆਂਧਰਾ ਪ੍ਰਦੇਸ਼, ਨਾਗਾਲੈਂਡ, ਓਡੀਸ਼ਾ, ਤੇਲੰਗਾਨਾ ਅਤੇ ਤ੍ਰਿਪੁਰਾ ਨੂੰ ਦਿਤੀ ਰਾਹਤ
Centre approves Rs 1,554 crore for 5 disaster-hit states Latest News in Punjabi : ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਇਕ ਕਮੇਟੀ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੰਡ (NDRF) ਦੇ ਤਹਿਤ ਸਾਲ 2024 'ਚ ਹੜ੍ਹ, ਜ਼ਮੀਨ ਖਿਸਕਣ ਅਤੇ ਚੱਕਰਵਾਤੀ ਤੂਫ਼ਾਨਾਂ ਤੋਂ ਪ੍ਰਭਾਵਤ ਪੰਜ ਸੂਬਿਆਂ ਨੂੰ 1,554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਮਦਦ ਰਾਸ਼ੀ ਮੁਹਈਆ ਕਰਵਾਉਣ ਨੂੰ ਮਨਜ਼ੂਰੀ ਦਿਤੀ ਹੈ।
ਅਧਿਕਾਰਤ ਬਿਆਨ ਦੇ ਅਨੁਸਾਰ, ਕੁੱਲ 1,554.99 ਕਰੋੜ ਰੁਪਏ ਦੀ ਰਕਮ ’ਚੋਂ, ਆਂਧਰਾ ਪ੍ਰਦੇਸ਼ ਨੂੰ 608.08 ਕਰੋੜ ਰੁਪਏ, ਨਾਗਾਲੈਂਡ ਨੂੰ 170.99 ਕਰੋੜ ਰੁਪਏ, ਓਡੀਸ਼ਾ ਨੂੰ 255.24 ਕਰੋੜ ਰੁਪਏ, ਤੇਲੰਗਾਨਾ ਨੂੰ 231.75 ਕਰੋੜ ਰੁਪਏ ਅਤੇ ਤ੍ਰਿਪੁਰਾ ਨੂੰ 288.93 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਪੋਸਟ ਕੀਤਾ, ‘ਮੋਦੀ ਸਰਕਾਰ ਆਫ਼ਤ ਪ੍ਰਭਾਵਤ ਲੋਕਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।’
ਉਨ੍ਹਾਂ ਲਿਖਿਆ, ‘ਅੱਜ ਗ੍ਰਹਿ ਮੰਤਰਾਲਾ ਨੇ ਐਨ.ਡੀ.ਆਰ. ਫ਼ੰਡ ਦੇ ਅਧੀਨ ਆਂਧਰਾ ਪ੍ਰਦੇਸ਼, ਨਾਗਾਲੈਂਡ, ਓਡੀਸ਼ਾ, ਤੇਲੰਗਾਨਾ ਅਤੇ ਤ੍ਰਿਪੁਰਾ ਨੂੰ 1,554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਮਦਦ ਰਾਸ਼ੀ ਨੂੰ ਮਨਜ਼ੂਰੀ ਦਿਤੀ। ਸਾਰੇ ਸੂਬਿਆਂ ਨੂੰ ਰਾਜ ਆਫ਼ਤ ਪ੍ਰਕਿਰਿਆ ਫ਼ੰਡ (SDR ਫ਼ੰਡ) ਦੇ ਅਧੀਨ ਪਹਿਲੇ ਹੀ 18,322.80 ਕਰੋੜ ਰੁਪਏ ਜਾਰੀ ਕੀਤੇ ਜਾ ਚੁਕੇ ਹਨ, ਜਿਸ ਤੋਂ ਬਾਅਦ 5 ਸੂਬਿਆਂ ਨੂੰ ਇਹ ਵਾਧੂ ਮਦਦ ਰਾਸ਼ੀ ਪ੍ਰਦਾਨ ਕੀਤੀ ਗਈ ਹੈ।’
ਇਹ ਵਾਧੂ ਮਦਦ ਉਨ੍ਹਾਂ ਫ਼ੰਡਾਂ ਤੋਂ ਇਲਾਵਾ ਹੈ ਜੋ ਕੇਂਦਰ ਸਰਕਾਰ ਪਹਿਲਾਂ ਹੀ ਸੂਬਿਆਂ ਨੂੰ ਉਨ੍ਹਾਂ ਦੇ ਐਸ.ਡੀ.ਆਰ. ਫ਼ੰਡ ਦੇ ਅਧੀਨ ਜਾਰੀ ਕਰ ਚੁਕੀ ਹੈ। ਵਿੱਤੀ ਸਾਲ 2024-25 'ਚ ਕੇਂਦਰ ਨੇ ਐਸ.ਡੀ.ਆਰ.ਐਫ਼. ਦੇ ਅਧੀਨ 27 ਸੂਬਿਆਂ ਨੂੰ 18,322.80 ਕਰੋੜ ਰੁਪਏ, ਐਨ.ਡੀ.ਆਰ.ਐਫ਼. ਤੋਂ 18 ਸੂਬਿਆਂ ਨੂੰ 4,808.30 ਕਰੋੜ ਰੁਪਏ ਅਤੇ ਰਾਸ਼ਟਰੀ ਆਫ਼ਤ ਸ਼ਮਨ ਫ਼ੰਡ ਤੋਂ 8 ਸੂਬਿਆਂ ਨੂੰ 719.72 ਕਰੋੜ ਰੁਪਏ ਜਾਰੀ ਕੀਤੇ ਹਨ। ਬਿਆਨ ਅਨੁਸਾਰ, ਕੇਂਦਰ ਸਰਕਾਰ ਨੇ ਰਸਮੀ ਮੈਮੋਰੰਡਮ ਪ੍ਰਾਪਤ ਕਰਨ ਦੀ ਉਡੀਕ ਕੀਤੇ ਬਿਨਾਂ ਹੀ ਇਨ੍ਹਾਂ ਸੂਬਿਆਂ 'ਚ ਕਈ ਅੰਤਰ-ਮੰਤਰਾਲਾ ਕੇਂਦਰੀ ਟੀਮ ਆਫ਼ਤ ਦੇ ਤੁਰਤ ਬਾਅਦ ਤਾਇਨਾਤ ਕਰ ਦਿਤੀ ਸੀ।