
ਸਪੀਕਰ ਨੇ ਸਹਿਯੋਗ ਵਾਸਤੇ ਵਿਰੋਧੀ ਧਿਰਾਂ ਨਾਲ ਕੀਤਾ ਵਿਚਾਰ
ਚੰਡੀਗੜ੍ਹ, 19 ਮਾਰਚ (ਜੀ.ਸੀ. ਭਾਰਦਵਾਜ): ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਨ ਨਾਲ, ਭਲਕੇ ਸਵੇਰੇ 11 ਵਜੇ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹੰਗਾਮੇ ਭਰਿਆ ਹੋ ਸਕਦਾ ਹੈ ਕਿਉਂਕਿ 1 ਸਾਲ ਪੁਰਾਣੀ ਪੰਜਾਬ ਦੀ ਕਾਂਗਰਸ ਸਰਕਾਰ ਵਿਰੁਧ ਕਿਸਾਨ, ਸਰਕਾਰੀ ਕਰਮਚਾਰੀ ਅਤੇ ਵਿਰੋਧੀ ਧਿਰਾਂ ਧਰਨੇ ਤੇ ਹੋਰ ਰੈਲੀਆਂ ਕਰ ਰਹੇ ਹਨ ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾ ਰਹੇ ਹਨ।ਵਿਰੋਧੀ ਧਿਰ 'ਆਪ' ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਹੋਰ ਵਿਧਾਇਕ ਬਹੁਤ ਗੁੱਸੇ ਵਿਚ ਹਨ ਕਿ ਸੈਸ਼ਨ ਬਹੁਤ ਛੋਟਾ ਰਖਿਆ ਗਿਆ। Captain Amarinder Singh
ਉਨ੍ਹਾਂ ਦੇ ਛੇ ਧਿਆਨ ਦਿਵਾਊ ਮਤਿਆਂ ਵਿਚੋਂ ਕੇਵਲ ਇਕ ਮਤਾ ਪ੍ਰਵਾਨ ਕੀਤਾ ਗਿਆ ਅਤੇ ਪੰਜਾਬ ਦੇ ਭਖਦੇ ਮੁੱਦਿਆਂ 'ਤੇ ਬਹਿਸ ਕਰਨ ਲਈ ਸਪੀਕਰ ਅਤੇ ਸਰਕਾਰ, 'ਆਪ' ਦੇ ਵਿਧਾਇਕਾਂ ਨੂੰ ਸਮਾਂ ਨਹੀਂ ਦੇਣਾ ਚਾਹੁੰਦੀ।ਦੂਜੀ ਵਿਰੋਧੀ ਧਿਰ ਯਾਨੀ ਅਕਾਲੀ ਬੀਜੇਪੀ ਗਠਜੋੜ ਦੇ ਕੁਲ 18 ਵਿਧਾਇਕ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਚੰਡੀਗੜ੍ਹ ਦੇ ਸੈਕਟਰ 25 ਵਿਚ ਸਵੇਰੇ ਵੱਡੀ ਰੈਲੀ ਕਰ ਰਹੀ ਹੈ। ਦੁਪਹਿਰੇ ਇਕ ਵਜੇ ਅਕਾਲੀ ਲੀਡਰ ਤੇ ਵਰਕਰ ਵਿਧਾਨ ਸਭਾ ਵੱਲ ਮਾਰਚ ਕਰਨਗੇ ਜਿਨ੍ਹਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਅਤੇ ਮੰਗੀਆਂ ਗਈਆਂ ਅਰਧ ਸੈਨਿਕ ਬਲਾਂ ਦੀਆਂ 50 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ।
Sukhpal Singh Khaira
'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ ਉਨ੍ਹਾਂ ਸਹਿਯੋਗ ਵਾਸਤੇ ਖਹਿਰਾ ਨਾਲ ਵਿਚਾਰ ਕੀਤਾ ਹੈ ਅਤੇ ਅਕਾਲੀ ਨੇਤਾ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲਬਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਣਾ ਕੇ.ਪੀ. ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਰਾਜਪਾਲ ਨੂੰ ਵੀ ਮਿਲਣ ਗਏ ਸਨ। ਰਾਜਪਾਲ ਨਾਲ ਉਨ੍ਹਾਂ ਭਲਕੇ 11 ਵਜੇ, ਵਿਧਾਨ ਸਭਾ ਵਿਚ ਦਿਤੇ ਜਾਣ ਵਾਲੇ ਭਾਸ਼ਨ ਅਤੇ ਉਸ ਤੋਂ ਪਹਿਲਾਂ ਰਾਜਪਾਲ ਨੂੰ ਦਿਤੇ ਜਾਣ ਵਾਲਾ ਸਨਮਾਨ, ਪਰੋਟੋਕੋਲ ਅਤੇ ਆਉਭਗਤ ਸਮਾਗਮ ਨੂੰ ਬਾਖ਼ੂਬੀ ਸਿਰੇ ਚਾੜ੍ਹਨ ਸਬੰਧੀ ਗੱਲਬਾਤ ਵੀ ਕੀਤੀ।
Sukhbir Singh Badal
ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ ਉਨ੍ਹਾਂ ਦੇ ਦਲ ਦੇ 14 ਵਿਧਾਇਕ ਅਤੇ ਬੀਜੇਪੀ ਦੇ ਤਿੰਨੋਂ ਵਿਧਾਇਕ ਭਲਕੇ ਹਾਊਸ ਵਿਚ ਨਹੀਂ ਜਾਣਗੇ। ਉਨ੍ਹਾਂ ਦਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬੀਜੇਪੀ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵੀ ਭਲਕੇ ਸੈਕਟਰ 25 ਦੀ ਰੈਲੀ ਨੂੰ ਸੰਬੋਧਨ ਕਰਨਗੇ। ਰਾਜਪਾਲ ਦੇ ਭਾਸ਼ਨ ਦਾ ਇਕ ਤਰ੍ਹਾਂ ਨਾਲ ਅਕਾਲੀ ਬੀਜੇਪੀ ਗਠਜੋੜ ਦੇ ਵਿਧਾਇਕ ਬਾਈਕਾਟ ਕਰਨਗੇ।