
ਕਿਹਾ NDA ਸਰਕਾਰ ਦਾ ਮਤਲਬ ‘ਨਰਿੰਦਰ ਦਾਮੋਦਰ ਦਾਸ ਦਾ ਅਨੁਸ਼ਾਸਨ’
ਵਾਰਾਣਸੀ : ਕਾਂਚੀ ਕਾਮਾ ਕੋਟੀ ਪੀਠ ਦੇ ਸ਼ੰਕਰਾਚਾਰੀਆ ਸ੍ਰੀ ਸ਼ੰਕਰ ਵਿਜੇਂਦਰ ਸਰਸਵਤੀ ਸਵਾਮੀ ਨੇ ਐਤਵਾਰ ਨੂੰ ਕਿਹਾ ਕਿ ਪ੍ਰਮਾਤਮਾ ਨੇ ਨਰਿੰਦਰ ਮੋਦੀ ਨੂੰ ਅਸ਼ੀਰਵਾਦ ਦਿਤਾ ਹੈ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਦਾ ਮਤਲਬ ਹੈ ‘ਨਰਿੰਦਰ ਦਾਮੋਦਰ ਦਾਸ ਦਾ ਅਨੁਸ਼ਾਸਨ’।
ਵਾਰਾਣਸੀ ’ਚ ਆਰ.ਜੇ. ਸ਼ੰਕਰ ਆਈ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ੰਕਰਾਚਾਰੀਆ ਨੇ ਕਿਹਾ, ‘‘ਨਰਿੰਦਰ ਦਾਮੋਦਰ ਦਾਸ ਮੋਦੀ ’ਤੇ ਪਰਤਾਮਤਾ ਦੀ ਕਿਰਪਾ ਹੈ ਅਤੇ ਉਨ੍ਹਾਂ ਦੀ ਸਰਕਾਰ ‘ਐਨ.ਡੀ.ਏ.’ (ਦਾ ਮਤਲਬ) ਨਰਿੰਦਰ ਦਾਮੋਦਰ ਦਾਸ ਦਾ ਅਨੁਸ਼ਾਸਨ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ਵ ’ਚ ਇਕ ਆਦਰਸ਼ ਸਰਕਾਰ ਵਜੋਂ ਸਾਰਿਆਂ ਦੀ ਭਲਾਈ ਲਈ ਇਕ ਸੁੰਦਰ ਕੰਮ ਕਰ ਰਹੀ ਹੈ। ਹਸਪਤਾਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।
ਕਾਂਚੀ ਦੇ ਸ਼ੰਕਰਾਚਾਰੀਆ ਨੇ ਸੰਸਕ੍ਰਿਤ ’ਚ ਅਪਣਾ ਭਾਸ਼ਣ ਸ਼ੁਰੂ ਕੀਤਾ ਅਤੇ ਕਿਹਾ, ‘‘ਅੱਜ ਇਕ ਚੰਗਾ ਤਿਉਹਾਰ ਹੈ। ਇਸ ਤਿਉਹਾਰ ਦੇ ਸਮੇਂ ਦੌਰਾਨ, ਵਿਸ਼ਵਨਾਥ ਕਾਸ਼ੀ ’ਚ ਹਰ ਕਿਸੇ ਨੂੰ ਕਿਰਪਾ ਦਿੰਦੇ ਹਨ। ਅੱਜ ਅੱਖਾਂ ਦੇ ਤਿਉਹਾਰ ਦਾ ਗਵਾਹ ਬਣਨ ਦਾ ਮੌਕਾ ਹੈ ਅਤੇ ਇਹ ਸੇਵਾ ਦਾ ਇਕ ਮਹੱਤਵਪੂਰਨ ਮੌਕਾ ਹੈ ਜੋ ਕੋਇੰਬਟੂਰ ’ਚ ਸ਼ੁਰੂ ਹੋਇਆ ਸੀ ਅਤੇ ਹੁਣ 17ਵਾਂ ਹਸਪਤਾਲ ਸ਼ੁਰੂ ਹੋ ਰਿਹਾ ਹੈ। ਉੱਤਰ ਪ੍ਰਦੇਸ਼ ’ਚ ਵਾਰਾਣਸੀ ਅਤੇ ਕਾਨਪੁਰ ’ਚ ਦੋ ਹਸਪਤਾਲ ਹਨ।’’
ਸ਼ੰਕਰਾਚਾਰੀਆ ਨੇ ਜੰਮੂ-ਕਸ਼ਮੀਰ ’ਚ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਮੋਦੀ ਨਾਲ ਪੁਰਾਣੀ ਜਾਣ-ਪਛਾਣ ਹੈ।