
ਲੋਕ ਸਭਾ ਤੋਂ ਦੋ ਹੋਰ ਵਿਰੋਧੀ ਧਿਰ ਦੇ ਮੈਂਬਰ ਮੁਅੱਤਲ, ਗਿਣਤੀ 97 ਹੋਈ
ਧਨਖੜ ਦੀ ਨਕਲ ਦਾ ਉਦੇਸ਼ ਉਨ੍ਹਾਂ ਦਾ ਅਪਮਾਨ ਕਰਨਾ ਨਹੀਂ, ‘"ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ : ਮਮਤਾ ਬੈਨਰਜੀ
ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਭਾਜਪਾ ਸੰਸਦ ਮੈਂਬਰ ਸਿਮਹਾ ਤੋਂ ਪੁੱਛ-ਪੜਤਾਲ ਕਿਉਂ ਨਹੀਂ ਕੀਤੀ ਗਈ: ਕਾਂਗਰਸ
Parliament News: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੇ ਲਗਭਗ 150 ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਕੱਢ ਦਿੱਤਾ ਗਿਆ ਪਰ ਇਸ ’ਤੇ ਕੋਈ ਚਰਚਾ ਨਹੀਂ ਹੋਈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸੰਸਦ ਭਵਨ ’ਚ ਤ੍ਰਿਣਮੂਲ ਕਾਂਗਰਸ ਦੇ ਇਕ ਸੰਸਦ ਮੈਂਬਰ ਵਲੋਂ ਉਨ੍ਹਾਂ ਦੀ ਨਕਲ ਕਰਨ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉੱਚ ਸਦਨ ’ਚ ਕਿਹਾ ਕਿ ਸੰਸਦ ਭਵਨ ’ਚ ਉਨ੍ਹਾਂ ਦੀ ਨਕਲ ਕਰ ਕੇ ਕਿਸਾਨ ਸਮਾਜ ਅਤੇ ਉਨ੍ਹਾਂ ਦੀ ਜਾਤੀ (ਜਾਟ) ਦਾ ਅਪਮਾਨ ਕੀਤਾ ਗਿਆ ਹੈ। ਇਸ ਬਾਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਪਮਾਨ ਕਿਸ ਨੇ ਕੀਤਾ, ਕਿਵੇਂ ਕੀਤਾ? ਸੰਸਦ ਮੈਂਬਰ ਉੱਥੇ ਬੈਠੇ ਸਨ, ਮੈਂ ਉਨ੍ਹਾਂ ਦੀ ਵੀਡੀਉ ਲਈ। ਮੇਰੀ ਵੀਡੀਉ ਮੇਰੇ ਫੋਨ ’ਤੇ ਹੈ। ਮੀਡੀਆ ਵਿਖਾ ਰਿਹਾ ਹੈ, ਮੀਡੀਆ ਕਹਿ ਰਿਹਾ ਹੈ, ਮੋਦੀ ਜੀ ਕਹਿ ਰਹੇ ਹਨ, ਕਿਸੇ ਹੋਰ ਨੇ ਕੁਝ ਨਹੀਂ ਕਿਹਾ।’’
ਉਨ੍ਹਾਂ ਨਾਰਾਜ਼ਗੀ ਪ੍ਰਗਟ ਕਰਦਿਆਂ ਇਹ ਵੀ ਕਿਹਾ, ‘‘ਸਾਡੇ ਕਰੀਬ 150 ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਕੱਢ ਦਿਤਾ ਗਿਆ, ਇਸ ’ਤੇ ਕੋਈ ਚਰਚਾ ਨਹੀਂ ਹੋਈ। ਅਡਾਨੀ ਜੀ ’ਤੇ ਕੋਈ ਚਰਚਾ ਨਹੀਂ ਹੋ ਰਹੀ, ਰਾਫੇਲ ’ਤੇ ਫਰਾਂਸ ਨੇ ਕਿਹਾ ਹੈ ਕਿ ਜਾਂਚ ਦੀ ਇਜਾਜ਼ਤ ਨਹੀਂ ਮਿਲ ਰਹੀ, ਇਸ ’ਤੇ ਕੋਈ ਚਰਚਾ ਨਹੀਂ ਹੋ ਰਹੀ। ਬੇਰੁਜ਼ਗਾਰੀ ’ਤੇ ਕੋਈ ਚਰਚਾ ਨਹੀਂ ਹੋ ਰਹੀ। ਸਾਡੇ ਸੰਸਦ ਮੈਂਬਰ ਦੁਖੀ ਹਨ, ਉਹ ਉੱਥੇ ਬੈਠੇ ਹਨ, ਤੁਸੀਂ ਇਸ ਬਾਰੇ ਚਰਚਾ ਕਰ ਰਹੇ ਹੋ।’’ ਇਸ ਦੌਰਾਨ ਅੱਜ ਵਿਰੋਧੀ ਧਿਰ ਦੇ ਦੋ ਹੋਰ ਮੈਂਬਰਾਂ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿਤਾ ਗਿਆ। ਸਦਨ ਦੀ ਹੱਤਕ ਲਈ ਹੁਣ ਤਕ ਕੁੱਲ 97 ਲੋਕ ਸਭਾ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ।
ਵਿਵਾਦ ਬਾਰੇ ਪੁੱਛੇ ਜਾਣ ’ਤੇ ਨਵੀਂ ਦਿੱਲੀ ’ਚ ਮੋਦੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ, ‘‘ਅਸੀਂ ਸਾਰਿਆਂ ਦਾ ਸਨਮਾਨ ਕਰਦੇ ਹਾਂ। ਇਹ ਅਪਮਾਨਜਨਕ ਨਹੀਂ ਸੀ। ਇਹ ਸਿਰਫ ਰਾਜਨੀਤਿਕ ਤੌਰ ’ਤੇ ਅਚਾਨਕ ਹੋਇਆ ਸੀ... ਜੇਕਰ ਰਾਹੁਲ ਜੀ ਨੇ ਇਸ ਨੂੰ ਰੀਕਾਰਡ ਨਾ ਕੀਤਾ ਹੁੰਦਾ ਤਾਂ ਤੁਹਾਨੂੰ ਇਸ ਬਾਰੇ ਪਤਾ ਵੀ ਨਾ ਲਗਦਾ।’’
ਬੈਨਰਜੀ ਬੁਧਵਾਰ ਨੂੰ ਅਪਣੇ ਸੂਬੇ ਲਈ ਬਕਾਇਆ ਕੇਂਦਰੀ ਫੰਡਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਸੰਸਦ ਆਈ ਸੀ। ਉਨ੍ਹਾਂ ਨਾਲ ਮੌਜੂਦ ਕਲਿਆਣ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਮੁੱਦੇ ਲਈ ਮੁਆਫੀ ਨਹੀਂ ਮੰਗੀ। ਧਨਖੜ ਨੇ ਆਪਣੇ ਇਸ ਕਦਮ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ, ਕਿਸਾਨਾਂ ਅਤੇ ਉਨ੍ਹਾਂ ਦੀ ਜਾਤੀ ਦਾ ਅਪਮਾਨ ਦਸਿਆ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ, ‘‘ਨਕਲ ਕਰਨਾ ਕੋਈ ਅਪਰਾਧ ਨਹੀਂ ਹੈ, ਉਹ (ਭਾਜਪਾ) ਮੁੱਖ ਮੁੱਦੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਸਹੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਨਕਲ ਦਾ ਮੁੱਦਾ ਉਠਾ ਕੇ ਸੰਸਦ ਮੈਂਬਰਾਂ ਦੀ ਮੁਅੱਤਲੀ ਤੋਂ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘‘ਸੰਸਦ ਦੇ ਇਤਿਹਾਸ ’ਚ ਕਦੇ ਵੀ ਸੰਸਦ ਮੈਂਬਰਾਂ ਨੂੰ ਇੰਨੇ ਵੱਡੇ ਪੱਧਰ ’ਤੇ ਮੁਅੱਤਲ ਨਹੀਂ ਕੀਤਾ ਗਿਆ।’’ ਜੈਰਾਮ ਰਮੇਸ਼ ਨੇ ਇਹ ਵੀ ਕਿਹਾ, ‘‘ਲੋਕ ਸਭਾ ’ਚ ਸੁਰੱਖਿਆ ਦੀ ਗੰਭੀਰ ਉਲੰਘਣਾ ਦੀ ਘਟਨਾ ਨੂੰ ਇਕ ਹਫਤਾ ਹੋ ਗਿਆ ਹੈ। ਉਸ ਖਤਰਨਾਕ ਘਟਨਾ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿਤਾ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਲੋਕ ਸਭਾ ਸਪੀਕਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਠੀਕ ਹੈ। ਪਰ ਅਜਿਹਾ ਕਿਉਂ ਹੈ ਕਿ ਦੋਹਾਂ ਮੁਲਜ਼ਮਾਂ ਨੂੰ ਲੋਕ ਸਭਾ ’ਚ ਦਾਖਲ ਕਰਵਾਉਣ ’ਚ ਮਦਦ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਤੋਂ ਸੱਤ ਦਿਨ ਬਾਅਦ ਵੀ ਅਜੇ ਤਕ ਪੁੱਛ-ਪੜਤਾਲ ਨਹੀਂ ਕੀਤੀ ਗਈ?’’
ਉਨ੍ਹਾਂ ਕਿਹਾ ਕਿ ਇਸ ਦੌਰਾਨ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੂੰ 13 ਦਸੰਬਰ ਦੀ ਘਟਨਾ ’ਤੇ ਸੰਸਦ 'ਚ ਗ੍ਰਹਿ ਮੰਤਰੀ ਦੇ ਬਿਆਨ ਦੀ ਸਿੱਧੀ, ਸਰਲ ਅਤੇ ਪੂਰੀ ਤਰ੍ਹਾਂ ਜਾਇਜ਼ ਮੰਗ ਕਰਨ ਲਈ ਮੁਅੱਤਲ ਕਰ ਦਿਤਾ ਗਿਆ ਹੈ।
ਹੁਣ ਕੀ ਮੈਂ ਇਹ ਕਹਾਂ ਕਿ ਦਲਿਤ ਹੋਣ ਕਾਰਨ ਮੈਨੂੰ ਸੰਸਦ ’ਚ ਬੋਲਣ ਦੀ ਇਜਾਜ਼ਤ ਨਹੀਂ : ਖੜਗੇ
ਇਹ ਦੇਸ਼ ਲਈ ਬਹੁਤ ਦੁਖਦਾਈ ਦਿਨ ਹੈ ਜਦੋਂ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਅਪਣੀਆਂ ਜਾਤਾਂ ਬਾਰੇ ਗੱਲ ਕਰਦੇ ਹਨ : ਅਧੀਰ ਰੰਜਨ ਚੌਧਰੀ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁਧਵਾਰ ਨੂੰ ਕਿਹਾ ਕਿ ਜਾਤ ਨੂੰ ਹਰ ਮੁੱਦੇ ’ਚ ਨਹੀਂ ਘਸੀਟਿਆ ਜਾਣਾ ਚਾਹੀਦਾ। ਉਨ੍ਹਾਂ ਇਹ ਵੀ ਪੁਛਿਆ ਕਿ ਕੀ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਰਾਜ ਸਭਾ ’ਚ ਬੋਲਣ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਉਹ ਦਲਿਤ ਹਨ।
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਤ੍ਰਿਣਮੂਲ ਕਾਂਗਰਸ ਦੇ ਇਕ ਸੰਸਦ ਮੈਂਬਰ ਵਲੋਂ ਸੰਸਦ ਭਵਨ 'ਚ ਉਨ੍ਹਾਂ ਦੀ ਨਕਲ ਕਰਨ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉੱਚ ਸਦਨ ’ਚ ਕਿਹਾ ਕਿ ਸੰਸਦ ਭਵਨ ’ਚ ਉਨ੍ਹਾਂ ਦੀ ਨਕਲ ਕਰ ਕੇ ਕਿਸਾਨ ਸਮਾਜ ਅਤੇ ਉਨ੍ਹਾਂ ਦੀ ਜਾਤ (ਜਾਟ) ਦਾ ਅਪਮਾਨ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ, ‘‘ਚੇਅਰਮੈਨ ਦਾ ਕੰਮ ਦੂਜੇ ਮੈਂਬਰਾਂ ਦੀ ਰਾਖੀ ਕਰਨਾ ਹੈ ਪਰ ਉਹ ਖੁਦ ਅਜਿਹੇ ਬਿਆਨ ਦੇ ਰਹੇ ਹਨ। ਮੈਨੂੰ ਅਕਸਰ ਰਾਜ ਸਭਾ ’ਚ ਬੋਲਣ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ। ਕੀ ਮੈਨੂੰ ਇਹ ਕਹਾਂ ਕਿ ਮੈਂ ਦਲਿਤ ਹਾਂ ਇਸ ਲਈ...। ਉਨ੍ਹਾਂ ਨੂੰ ਜਾਤ ਦੇ ਨਾਂ ’ਤੇ ਬੋਲ ਕੇ ਲੋਕਾਂ ਨੂੰ ਭੜਕਾਉਣਾ ਨਹੀਂ ਚਾਹੀਦਾ।’’
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਕਿਹਾ ਕਿ ਇਹ ਦੇਸ਼ ਲਈ ਬਹੁਤ ਦੁਖਦਾਈ ਦਿਨ ਹੈ ਜਦੋਂ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਅਪਣੀਆਂ ਜਾਤਾਂ ਬਾਰੇ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ ਨੂੰ ਉਠਾ ਕੇ ਸੰਸਦ ਦੀ ਸੁਰੱਖਿਆ ’ਚ ਉਲੰਘਣਾ ਦੇ ਮੁੱਦੇ ਤੋਂ ਹੱਥ ਧੋਣ ਦੀ ਕੋਸ਼ਿਸ਼ ਕਰ ਰਹੀ ਹੈ।
ਖੜਗੇ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਦੋਹਾਂ ਸਦਨਾਂ ’ਚ ਕੁਝ ਨਹੀਂ ਕਿਹਾ ਪਰ ਜੇਕਰ ਉਹ ਸੰਸਦ ਦੇ ਬਾਹਰ ਬੋਲਦੇ ਹਨ ਤਾਂ ਕੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ।
ਸੋਨੀਆ ਗਾਂਧੀ ਨੇ ਸਰਕਾਰ ’ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਾਇਆ
ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸੰਸਦ ’ਚੋਂ ਵਿਰੋਧੀ ਧਿਰ ਦੇ ਲਗਭਗ 150 ਮੈਂਬਰਾਂ ਨੂੰ ਮੁਅੱਤਲ ਕਰਨ ਨੂੰ ਲੈ ਕੇ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਅਤੇ ਉਸ ’ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਾਇਆ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਬਾਹਰ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੀ ‘ਨਾ ਮੁਆਫੀ ਯੋਗ ਘਟਨਾ’ ’ਤੇ ਬੋਲਿਆ, ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਸਦਨ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੈ।
ਸੋਨੀਆ ਗਾਂਧੀ ਨੇ ਕਾਂਗਰਸ ਸੰਸਦੀ ਦਲ ਦੀ ਬੈਠਕ ’ਚ ਕਿਹਾ, ‘‘ਇਸ ਸਰਕਾਰ ਵਲੋਂ ਲੋਕਤੰਤਰ ਨੂੰ ਦਬਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਦੇ ਵੀ ਵਿਰੋਧੀ ਧਿਰ ਦੇ ਇੰਨੇ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਤੋਂ ਮੁਅੱਤਲ ਨਹੀਂ ਕੀਤਾ ਗਿਆ ਅਤੇ ਉਹ ਵੀ ਸਿਰਫ ਪੂਰੀ ਤਰ੍ਹਾਂ ਵਾਜਬ ਅਤੇ ਜਾਇਜ਼ ਮੰਗ ਉਠਾਉਣ ਲਈ।’’
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ 13 ਦਸੰਬਰ ਦੀ ਅਸਧਾਰਨ ਘਟਨਾ ’ਤੇ ਲੋਕ ਸਭਾ ਅਤੇ ਰਾਜ ਸਭਾ ’ਚ ਗ੍ਰਹਿ ਮੰਤਰੀ ਤੋਂ ਬਿਆਨ ਦੀ ਮੰਗ ਕੀਤੀ ਸੀ।
ਸਾਬਕਾ ਕਾਂਗਰਸ ਪ੍ਰਧਾਨ ਦੇ ਅਨੁਸਾਰ, ਵਿਰੋਧੀ ਧਿਰ ਦੀ ਮੰਗ ਦੇ ਜਵਾਬ ’ਚ ਸਰਕਾਰ ਨੇ ਜਿਸ ਹੰਕਾਰੀ ਤਰੀਕੇ ਨਾਲ ਵਿਵਹਾਰ ਕੀਤਾ, ਉਸ ਨੂੰ ਬਿਆਨ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ। ਸੰਸਦ ’ਚ ਸੁਰੱਖਿਆ ਦੀ ਕਮੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ 13 ਦਸੰਬਰ ਨੂੰ ਜੋ ਕੁਝ ਹੋਇਆ, ਉਹ ਮੁਆਫ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਇਸ ਘਟਨਾ ’ਤੇ ਅਪਣੇ ਵਿਚਾਰ ਪ੍ਰਗਟ ਕਰਨ ’ਚ ਚਾਰ ਦਿਨ ਲੱਗ ਗਏ ਅਤੇ ਉਨ੍ਹਾਂ ਨੇ ਸੰਸਦ ਦੇ ਬਾਹਰ ਅਜਿਹਾ ਕੀਤਾ। ਅਜਿਹਾ ਕਰ ਕੇ, ਉਨ੍ਹਾਂ ਨੇ ਸਦਨ ਦੀ ਇੱਜ਼ਤ ਦੀ ਅਣਦੇਖੀ ਅਤੇ ਸਾਡੇ ਦੇਸ਼ ਦੇ ਲੋਕਾਂ ਪ੍ਰਤੀ ਅਪਣੀ ਅਣਦੇਖੀ ਦਾ ਸਪੱਸ਼ਟ ਸੰਕੇਤ ਦਿਤਾ। ਮੈਂ ਇਹ ਕਲਪਨਾ ਕਰਨਾ ਤੁਹਾਡੇ ’ਤੇ ਛੱਡਦੀ ਹਾਂ ਕਿ ਜੇ ਭਾਜਪਾ ਅੱਜ ਵਿਰੋਧੀ ਧਿਰ ’ਚ ਹੁੰਦੀ ਤਾਂ ਉਹ ਕਿਵੇਂ ਪ੍ਰਤੀਕਿਰਿਆ ਦਿੰਦੀ।’’
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।