
ਸਮਾਜਵਾਦੀ ਪਾਰਟੀ ਮੁਖੀ ਨੇ ਕਿਹਾ, ‘ਅੰਤ ਭਲਾ ਤਾਂ ਸੱਭ ਭਲਾ’
ਲਖਨਊ/ਨਵੀਂ ਦਿੱਲੀ: ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਿਚਾਲੇ ਗੱਠਜੋੜ ਨੂੰ ਲੈ ਕੇ ਚੱਲ ਰਿਹਾ ਰੇੜਕਾ ਬੁਧਵਾਰ ਨੂੰ ਖਤਮ ਹੋਣ ਦੇ ਨਾਲ ਹੀ ਸੀਟਾਂ ਦੀ ਵੰਡ ’ਤੇ ਦੋਹਾਂ ਪਾਰਟੀਆਂ ਵਿਚਕਾਰ ਸਹਿਮਤੀ ਲਗਭਗ ਬਣ ਗਈ ਹੈ।
ਕਾਂਗਰਸ ਸੂਤਰਾਂ ਨੇ ਦਸਿਆ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨਾਲ ਟੈਲੀਫੋਨ ’ਤੇ ਗੱਲਬਾਤ ਤੋਂ ਬਾਅਦ ਇਹ ਸਹਿਮਤੀ ਬਣੀ। ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਸਮਾਜਵਾਦੀ ਪਾਰਟੀ ਦਾ ਕਾਂਗਰਸ ਨਾਲ ਕੋਈ ਵਿਵਾਦ ਨਹੀਂ ਹੈ ਅਤੇ ਦੋਹਾਂ ਪਾਰਟੀਆਂ ਵਿਚਾਲੇ ਗੱਠਜੋੜ ਹੋਵੇਗਾ।
ਮੁਰਾਦਾਬਾਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਸ਼ਾਮਲ ਨਾ ਹੋਣ ਦੇ ਸਵਾਲ ’ਤੇ ਕਿਹਾ, ‘‘ਅੰਤ ਭਲਾ ਤਾਂ ਸਭ ਭਲਾ। ਬਾਕੀ ਤੁਸੀਂ ਸਮਝਦਾਰ ਹੋ।’’ ਇਹ ਪੁੱਛੇ ਜਾਣ ’ਤੇ ਕਿ ਕੀ ਕਾਂਗਰਸ ਨਾਲ ਗੱਠਜੋੜ ਹੋਵੇਗਾ ਜਾਂ ਨਹੀਂ, ਅਖਿਲੇਸ਼ ਨੇ ਕਿਹਾ, ‘‘ਹੋਵੇਗਾ।’’ ਕਾਂਗਰਸ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਵਿਵਾਦ ਬਾਰੇ ਪੁੱਛੇ ਜਾਣ ’ਤੇ ਅਖਿਲੇਸ਼ ਯਾਦਵ ਨੇ ਕਿਹਾ, ‘‘ਕੋਈ ਵਿਵਾਦ ਨਹੀਂ ਹੈ। ਤੁਹਾਡੇ ਸਾਹਮਣੇ ਸੱਭ ਕੁੱਝ ਸਪੱਸ਼ਟ ਹੋ ਜਾਵੇਗਾ।’’
ਕਾਂਗਰਸ ਦੇ ਉੱਤਰ ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ ਵਲੋਂ ਇਹ ਕਹਿਣ ਦੇ ਸਵਾਲ ’ਤੇ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਲਈ ਕਾਂਗਰਸ ਦੇ ਦਰਵਾਜ਼ੇ ਖੁੱਲ੍ਹੇ ਹਨ, ਸਮਾਜਵਾਦੀ ਪਾਰਟੀ ਪ੍ਰਧਾਨ ਨੇ ਕਿਹਾ, ‘‘ਹੁਣ ਇਹ ਸੱਭ ਕੁੱਝ ਪੁਰਾਣਾ ਹੋ ਗਿਆ ਹੈ।’’
ਨਵੀਂ ਦਿੱਲੀ ’ਚ ਕਾਂਗਰਸ ਸੂਤਰਾਂ ਨੇ ਪੀ.ਟੀ.ਆਈ. ਨੂੰ ਦਸਿਆ ਕਿ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਖਿਲੇਸ਼ ਯਾਦਵ ਨਾਲ ਫੋਨ ’ਤੇ ਗੱਲ ਕੀਤੀ, ਜਿਸ ਤੋਂ ਬਾਅਦ ਦੋਹਾਂ ਪਾਰਟੀਆਂ ਵਿਚਕਾਰ ਰੇੜਕਾ ਖ਼ਤਮ ਹੋ ਗਿਆ ਅਤੇ ਸੀਟਾਂ ਦੀ ਵੰਡ ਦਾ ਸਮਝੌਤਾ ਲਗਭਗ ਹੋ ਗਿਆ। ਸੂਤਰਾਂ ਨੇ ਕਿਹਾ, ‘‘ਸੀਟਾਂ ਦੀ ਗਿਣਤੀ ਨੂੰ ਲੈ ਕੇ ਕੋਈ ਵਿਵਾਦ ਨਹੀਂ ਸੀ ਪਰ ਕਾਂਗਰਸ ਨੂੰ ਕਿਹੜੀਆਂ ਸੀਟਾਂ ਦਿਤੀਆਂ ਜਾਣਗੀਆਂ, ਇਸ ਨੂੰ ਲੈ ਕੇ ਰੇੜਕਾ ਸੀ। ਸਮਾਜਵਾਦੀ ਪਾਰਟੀ ਹੁਣ ਸਾਨੂੰ ਕੁੱਝ ਸੀਟਾਂ ਦੇਣ ਲਈ ਸਹਿਮਤ ਹੋ ਗਈ ਹੈ ਜਿਨ੍ਹਾਂ ’ਤੇ ਅਸੀਂ ਲੜਨਾ ਚਾਹੁੰਦੇ ਸੀ।’’
ਉਨ੍ਹਾਂ ਕਿਹਾ, ‘‘ਸਮਾਜਵਾਦੀ ਪਾਰਟੀ ਲੀਡਰਸ਼ਿਪ ਵਾਰਾਣਸੀ, ਅਮਰੋਹਾ, ਝਾਂਸੀ, ਫਤਿਹਪੁਰ ਸੀਕਰੀ, ਸਹਾਰਨਪੁਰ ਅਤੇ ਕੁੱਝ ਹੋਰ ਸੀਟਾਂ ਕਾਂਗਰਸ ਨੂੰ ਦੇਣ ਲਈ ਸਹਿਮਤ ਹੋ ਗਈ ਹੈ। ਕਾਂਗਰਸ ਸ਼ਰਾਵਸਤੀ ਲੋਕ ਸਭਾ ਸੀਟ ਚਾਹੁੰਦੀ ਹੈ, ਪਰ ਅਜੇ ਤਕ ਕੋਈ ਸਹਿਮਤੀ ਨਹੀਂ ਬਣੀ ਹੈ।’’ ਸੂਤਰਾਂ ਨੇ ਇਹ ਵੀ ਕਿਹਾ ਕਿ ਬਲੀਆ ਲੋਕ ਸਭਾ ਸੀਟ ਦੀ ਕਿਸਮਤ ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਹੈ।
ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਉੱਤਰ ਪ੍ਰਦੇਸ਼ ਦੇ ਪ੍ਰਧਾਨ ਅਜੇ ਰਾਏ ਲਈ ਪੂਰਵਾਂਚਲ ਦੀ ਬਲਿਆ ਲੋਕ ਸਭਾ ਸੀਟ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰ ਕੇ ਚੋਣਾਂ ਲੜਨ ਲਈ 16-18 ਸੀਟਾਂ ਮਿਲ ਸਕਦੀਆਂ ਹਨ। ਲਖਨਊ ਵਿਚ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਦੋਹਾਂ ਪਾਰਟੀਆਂ ਵਿਚਾਲੇ ਕੁੱਝ ਸੀਟਾਂ ਦੀ ਅਦਲਾ-ਬਦਲੀ ਦੀ ਗੱਲ ਚੱਲ ਰਹੀ ਹੈ। ਸੰਭਾਵਨਾ ਹੈ ਕਿ ਸੀਟਾਂ ਦੀ ਵੰਡ ਬਾਰੇ ਗੱਲ ਹੋਵੇਗੀ।
ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ’ਚੋਂ 17 ਸੀਟਾਂ ਕਾਂਗਰਸ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ। ਸਮਾਜਵਾਦੀ ਪਾਰਟੀ ਪ੍ਰਧਾਨ ਰਾਏਬਰੇਲੀ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਸ਼ਾਮਲ ਹੋਣ ਵਾਲੇ ਸਨ ਪਰ ਉਹ ਸ਼ਾਮਲ ਨਹੀਂ ਹੋਏ। ਪਾਰਟੀ ਨੇ ਕਿਹਾ ਸੀ ਕਿ ਅਖਿਲੇਸ਼ ਯਾਤਰਾ ’ਚ ਤਾਂ ਹੀ ਸ਼ਾਮਲ ਹੋਣਗੇ ਜੇ ਕਾਂਗਰਸ ਇਸ ਪੇਸ਼ਕਸ਼ ਨੂੰ ਮਨਜ਼ੂਰ ਕਰ ਲਵੇ। ਇਸ ਤੋਂ ਬਾਅਦ ਲੱਗ ਰਿਹਾ ਸੀ ਕਿ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਗੱਠਜੋੜ ਸੰਭਵ ਨਹੀਂ ਹੋਵੇਗਾ।