
ਰਾਹੁਲ ਗਾਂਧੀ ਨੇ ਕਿਹਾ ਕਿ ਇਨਸਾਫ ਦੇਣ ਤੋਂ ਜ਼ਿਆਦਾ ਅਪਰਾਧ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ ’ਚ ਬਦਲਾਪੁਰ ਦੀ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਨਿਆਂ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਇਸ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਮਨਮਰਜ਼ੀ ’ਤੇ ਨਿਰਭਰ ਨਹੀਂ ਬਣਾਇਆ ਜਾ ਸਕਦਾ।
ਉਨ੍ਹਾਂ ਇਕ ‘ਐਕਸ’ ਪੋਸਟ ’ਚ ਕਿਹਾ, ‘‘ਪਛਮੀ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ ਅਤੇ ਮਹਾਰਾਸ਼ਟਰ ’ਚ ਧੀਆਂ ਵਿਰੁਧ ਸ਼ਰਮਨਾਕ ਅਪਰਾਧ ਵੀ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਅਸੀਂ ਇਕ ਸਮਾਜ ਦੇ ਰੂਪ ’ਚ ਕਿੱਥੇ ਜਾ ਰਹੇ ਹਾਂ। ਬਦਲਾਪੁਰ ’ਚ ਦੋ ਬੇਕਸੂਰਾਂ ਨਾਲ ਹੋਏ ਜੁਰਮ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਪਹਿਲਾ ਕਦਮ ਉਦੋਂ ਤਕ ਨਹੀਂ ਚੁਕਿਆ ਗਿਆ ਜਦੋਂ ਤਕ ਜਨਤਾ ‘ਇਨਸਾਫ ਦੀ ਗੁਹਾਰ’ ਕਰਦੇ ਹੋਏ ਸੜਕ ’ਤੇ ਨਹੀਂ ਆ ਗਈ। ਕੀ ਹੁਣ ਸਾਨੂੰ ਐਫ.ਆਈ.ਆਰ. ਦਰਜ ਕਰਵਾਉਣ ਲਈ ਵੀ ਅੰਦੋਲਨ ਸ਼ੁਰੂ ਕਰਨਾ ਪਵੇਗਾ? ਆਖਰ ਪੀੜਤਾਂ ਲਈ ਥਾਣੇ ਤਕ ਪਹੁੰਚਣਾ ਵੀ ਇੰਨਾ ਮੁਸ਼ਕਲ ਕਿਉਂ ਹੋ ਗਿਆ ਹੈ?’’
ਰਾਹੁਲ ਗਾਂਧੀ ਨੇ ਕਿਹਾ ਕਿ ਇਨਸਾਫ ਦੇਣ ਤੋਂ ਜ਼ਿਆਦਾ ਅਪਰਾਧ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਸੱਭ ਤੋਂ ਵੱਡਾ ਸ਼ਿਕਾਰ ਔਰਤਾਂ ਅਤੇ ਕਮਜ਼ੋਰ ਵਰਗਾਂ ਦੇ ਲੋਕ ਹਨ। ਉਨ੍ਹਾਂ ਕਿਹਾ ਕਿ ਐਫ.ਆਈ.ਆਰ. ਦਰਜ ਨਾ ਹੋਣ ਨਾਲ ਨਾ ਸਿਰਫ ਪੀੜਤਾਂ ਦਾ ਹੌਸਲਾ ਵਧਦਾ ਹੈ ਬਲਕਿ ਅਪਰਾਧੀਆਂ ਦਾ ਹੌਸਲਾ ਵੀ ਵਧਦਾ ਹੈ।
ਉਨ੍ਹਾਂ ਕਿਹਾ, ‘‘ਸਾਰੀਆਂ ਸਰਕਾਰਾਂ, ਨਾਗਰਿਕਾਂ ਅਤੇ ਸਿਆਸੀ ਪਾਰਟੀਆਂ ਨੂੰ ਇਸ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ ਕਿ ਸਮਾਜ ਵਿਚ ਔਰਤਾਂ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਕੀ ਕਦਮ ਚੁਕੇ ਜਾਣੇ ਚਾਹੀਦੇ ਹਨ। ਨਿਆਂ ਹਰ ਨਾਗਰਿਕ ਦਾ ਅਧਿਕਾਰ ਹੈ, ਇਸ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਮਨਮਰਜ਼ੀ ’ਤੇ ਨਿਰਭਰ ਨਹੀਂ ਬਣਾਇਆ ਜਾ ਸਕਦਾ।’’
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਇਕ ਸਕੂਲ ਦੇ ਬਾਥਰੂਮ ’ਚ ਇਕ ਸਫਾਈ ਕਰਮਚਾਰੀ ਨੇ ਚਾਰ ਸਾਲ ਦੀਆਂ ਦੋ ਬੱਚੀਆਂ ਨਾਲ ਕਥਿਤ ਤੌਰ ’ਤੇ ਜਿਨਸੀ ਸੋਸ਼ਣ ਦੀ ਘਟਨਾ ਸਾਹਮਣੇ ਆਈ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਬਦਲਾਪੁਰ ਰੇਲਵੇ ਸਟੇਸ਼ਨ ’ਤੇ ਪਟੜੀਆਂ ਜਾਮ ਕਰ ਦਿਤੀਆਂ ਸਨ ਅਤੇ ਸਕੂਲ ਦੇ ਕੰਪਲੈਕਸ ’ਤੇ ਹਮਲਾ ਕਰ ਦਿਤਾ ਸੀ।