ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਤੋਂ ਜਾਂਚ ਅਤੇ ਨਿਆਂਇਕ ਜਾਂਚ ਦੀ ਮੰਗ ਕੀਤੀ, ਕਾਂਗਰਸ ਨੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ
ਭੁਵਨੇਸ਼ਵਰ : ਓਡੀਸ਼ਾ ’ਚ ਪੁਲਿਸ ਹਿਰਾਸਤ ’ਚ ਇਕ ਔਰਤ ਦੇ ਕਥਿਤ ਜਿਨਸੀ ਸੋਸ਼ਣ ਦੇ ਵਿਰੋਧ ’ਚ ਵਿਰੋਧੀ ਧਿਰ ਬੀਜੂ ਜਨਤਾ ਦਲ (ਬੀ.ਜੇ.ਡੀ.) ਅਤੇ ਕਾਂਗਰਸ ਨੇ ਸਨਿਚਰਵਾਰ ਨੂੰ ਪ੍ਰਦਰਸ਼ਨ ਕੀਤਾ।
ਬੀ.ਜੇ.ਡੀ. ਦੀ ਮਹਿਲਾ ਵਿੰਗ ਨੇ ਰਾਜ ਭਵਨ ਦੇ ਸਾਹਮਣੇ ਧਰਨਾ ਦਿਤਾ, ਜਦਕਿ ਕਾਂਗਰਸ ਨੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।
ਬੀ.ਜੇ.ਡੀ. ਦੀਆਂ ਸੈਂਕੜੇ ਮਹਿਲਾ ਮੈਂਬਰਾਂ ਨੇ ਹੱਥਾਂ ’ਚ ਤਖ਼ਤੀਆਂ ਅਤੇ ਬੈਨਰ ਲੈ ਕੇ ਰਾਜਪਾਲ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿਤਾ ਅਤੇ ਓਡੀਸ਼ਾ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸੂਬੇ ਦੇ ਵਸਨੀਕਾਂ ਖਾਸ ਕਰ ਕੇ ਔਰਤਾਂ ਦੀ ਰੱਖਿਆ ਕਰਨ ’ਚ ਅਸਫਲ ਰਹੀ ਹੈ।
ਮਹਿਲਾ ਕਾਰਕੁਨਾਂ ਨੇ ਭੁਵਨੇਸ਼ਵਰ ਦੇ ਭਰਤਪੁਰ ਥਾਣੇ ’ਚ ਫੌਜ ਦੇ ਇਕ ਅਧਿਕਾਰੀ ਅਤੇ ਉਸ ਦੀ ਮੰਗੇਤਰ ਨੂੰ ਕਥਿਤ ਤੌਰ ’ਤੇ ਤਸੀਹੇ ਦੇਣ ਦੀ ਘਟਨਾ ਦੀ ਅਦਾਲਤ ਦੀ ਨਿਗਰਾਨੀ ’ਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਤੋਂ ਜਾਂਚ ਅਤੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।
ਬੀ.ਜੇ.ਡੀ. ਨੇ ਓਡੀਸ਼ਾ ਦੇ ਰਾਜਪਾਲ ਰਘੁਬਰ ਦਾਸ ਰਾਹੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸੰਬੋਧਿਤ ਇਕ ਮੰਗ ਚਿੱਠੀ ਸੌਂਪਿਆ। ਭਰਤਪੁਰ ਥਾਣੇ ਦੀ ਘਟਨਾ ਤੋਂ ਇਲਾਵਾ, ਬੀ.ਜੇ.ਡੀ. ਵਰਕਰਾਂ ਨੇ ਇਸ ਸਾਲ ਜੁਲਾਈ ’ਚ ਰੱਥ ਯਾਤਰਾ ਦੌਰਾਨ ਰਾਜਪਾਲ ਦੇ ਬੇਟੇ ਵਲੋਂ ਇਕ ਅਧਿਕਾਰੀ ’ਤੇ ਕਥਿਤ ਹਮਲੇ ਨੂੰ ਲੈ ਕੇ ਸੂਬਾ ਸਰਕਾਰ ਦੀ ‘ਕਾਰਵਾਈ ਨਾ ਕਰਨ’ ਨੂੰ ਵੀ ਉਜਾਗਰ ਕੀਤਾ।
ਰਾਸ਼ਟਰਪਤੀ ਨੂੰ ਭੇਜੇ ਗਏ ਮੈਮੋਰੰਡਮ ’ਚ ਕਿਹਾ ਗਿਆ, ‘‘ਦੇਸ਼ ਦੀ ਚੋਟੀ ਦੀ ਸੰਵਿਧਾਨਕ ਅਥਾਰਟੀ ਅਤੇ ਸਾਡੇ ਸੂਬੇ ਦੀ ਇਕ ਮਹਿਲਾ ਹੋਣ ਦੇ ਨਾਤੇ ਅਸੀਂ ਤੁਹਾਨੂੰ ਨਿਮਰਤਾ ਅਤੇ ਜ਼ੋਰ ਦੇ ਕੇ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮਾਮਲੇ ’ਚ ਦਖਲ ਦਿਓ। ਅਸੀਂ ਰਾਜ ਸਰਕਾਰ ਵਲੋਂ ਤੁਰਤ ਅਤੇ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਤੁਹਾਡੀ ਅਗਵਾਈ ਅਤੇ ਪ੍ਰਭਾਵ ਦੀ ਮੰਗ ਕਰਦੇ ਹਾਂ। ਇਨ੍ਹਾਂ ਘਿਨਾਉਣੇ ਕੰਮਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।’’
ਇਸ ’ਚ ਕਿਹਾ ਗਿਆ ਹੈ, ‘‘ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਗੰਭੀਰ ਘਟਨਾਵਾਂ, ਖਾਸ ਕਰ ਕੇ ਰਾਜ ਭਵਨ ਹਮਲੇ ਨਾਲ ਜੁੜੀਆਂ ਘਟਨਾਵਾਂ ’ਤੇ ਕੀਤੀ ਗਈ ਕਾਰਵਾਈ ਜਾਂ ਇਸ ਦੀ ਘਾਟ ਬਾਰੇ ਸੂਬਾ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਜਾਵੇ। ਅਸੀਂ ਇਸ ਜ਼ਰੂਰੀ ਮਾਮਲੇ ’ਚ ਤੁਹਾਡੇ ਦਖਲ ਦੀ ਉਮੀਦ ਕਰਦੇ ਹਾਂ।’’
ਬੀ.ਜੇ.ਡੀ. ਆਗੂ ਲੇਖਸ਼੍ਰੀ ਸਾਮੰਤਸਿੰਘਰ ਨੇ ਕਿਹਾ, ‘‘ਸੂਬਾ ਸਰਕਾਰ ਦਾ ਪ੍ਰਸ਼ਾਸਨ ਅਤੇ ਪੁਲਿਸ ’ਤੇ ਕੋਈ ਕੰਟਰੋਲ ਨਹੀਂ ਹੈ। ਇਹ ਭਰਤਪੁਰ ਥਾਣੇ ਦੀ ਘਟਨਾ ਤੋਂ ਸਪੱਸ਼ਟ ਹੈ ਜਿੱਥੇ ਇਕ ਫੌਜੀ ਅਧਿਕਾਰੀ ’ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਮਹਿਲਾ ਦੋਸਤ ਦਾ ਜਿਨਸੀ ਸੋਸ਼ਣ ਕੀਤਾ ਗਿਆ ਸੀ। ਇਹ ਇਕ ਸੱਭਿਅਕ ਸਮਾਜ ’ਚ ਮਨਜ਼ੂਰਯੋਗ ਨਹੀਂ ਹੈ।’’
ਬੀ.ਜੇ.ਡੀ. ਨੇਤਾ ਅਤੇ ਭੁਵਨੇਸ਼ਵਰ ਦੀ ਮੇਅਰ ਸੁਲੋਚਨਾ ਦਾਸ ਨੇ ਕਿਹਾ ਕਿ ਬੀਜੇਡੀ ਪ੍ਰਧਾਨ ਨਵੀਨ ਪਟਨਾਇਕ ਨੇ ਅਦਾਲਤ ਦੀ ਨਿਗਰਾਨੀ ਹੇਠ ਐਸਆਈ.ਟੀ. ਜਾਂਚ ਅਤੇ ਇਸ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਕਿਉਂਕਿ ਰਾਜ ਪੁਲਿਸ ਅਪਣੇ ਹੀ ਕਰਮਚਾਰੀਆਂ ਵਿਰੁਧ ਦੋਸ਼ਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕਰੇਗੀ।” ਦਾਸ ਨੇ ਸੂਬਾ ਸਰਕਾਰ ’ਤੇ ਘਟਨਾ ਨੂੰ ਦਬਾਉਣ ਅਤੇ ਅਪਰਾਧ ’ਚ ਸ਼ਾਮਲ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਦੋਸ਼ ਲਾਇਆ, ‘‘ਜਦੋਂ ਭਰਤਪੁਰ ਥਾਣੇ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਸਨ, ਪਰ ਹੁਣ ਪੁਲਿਸ ਦਾ ਕਹਿਣਾ ਹੈ ਕਿ ਸਟੇਸ਼ਨ ’ਚ ਕੋਈ ਸੀ.ਸੀ.ਟੀ.ਵੀ. ਕੈਮਰਾ ਨਹੀਂ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਸਰਕਾਰ ਇਸ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’
ਬੀ.ਜੇ.ਡੀ. ਦੀ ਰਾਜ ਸਭਾ ਮੈਂਬਰ ਸੁਲਤਾ ਦੇਬ ਨੇ ਕਿਹਾ ਕਿ ਪਾਰਟੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਇਸ ਘਟਨਾ ਦੇ ਸਬੰਧ ’ਚ ਦਖਲ ਦੇਣ ਦੀ ਬੇਨਤੀ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ‘‘ਉਹ ਵੀ ਇਕ ਔਰਤ ਹੈ ਅਤੇ ਫੌਜੀ ਅਧਿਕਾਰੀ ਦੀ ਮੰਗੇਤਰ ਦੇ ਦਰਦ ਨੂੰ ਸਮਝ ਸਕਦੀ ਹੈ।’’
ਇਸ ਦੌਰਾਨ ਕਾਂਗਰਸੀ ਨੌਜੁਆਨਾਂ ਅਤੇ ਵਿਦਿਆਰਥੀ ਕਾਰਕੁਨਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਮਾਝੀ ਕੋਲ ਰਾਜ ਦਾ ਗ੍ਰਹਿ ਪੋਰਟਫੋਲੀਓ ਵੀ ਹੈ।
ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਟਮਾਟਰ ਅਤੇ ਆਂਡੇ ਸੁੱਟਦੇ ਵੇਖਿਆ ਗਿਆ। ਹਾਲਾਂਕਿ, ਉਨ੍ਹਾਂ ਵਲੋਂ ਸੁੱਟੇ ਗਏ ਟਮਾਟਰ ਅਤੇ ਅੰਡੇ ਮਹਾਤਮਾ ਗਾਂਧੀ ਮਾਰਗ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਤਕ ਨਹੀਂ ਪਹੁੰਚੇ ਕਿਉਂਕਿ ਪੁਲਿਸ ਨੇ ਉਨ੍ਹਾਂ ਨੂੰ ਕੁੱਝ ਮੀਟਰ ਦੀ ਦੂਰੀ ’ਤੇ ਰੋਕ ਲਿਆ ਸੀ।
ਦੋ ਮਹਿਲਾ ਕਾਰਕੁਨਾਂ ਦੇ ਦੋ ਵੱਖ-ਵੱਖ ਸਮੂਹਾਂ ਨੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿਤਾ। ਇਕ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਤੁਰਤ ਗ੍ਰਿਫਤਾਰੀ ਦੀ ਮੰਗ ਕੀਤੀ ਜਦਕਿ ਦੂਜੇ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਜਾਂਚ ਪੂਰੀ ਹੋਣ ਤਕ ਕਿਸੇ ਵੀ ਪੁਲਿਸ ਮੁਲਾਜ਼ਮ ਵਿਰੁਧ ਕੋਈ ਕਾਰਵਾਈ ਨਾ ਕੀਤੀ ਜਾਵੇ।
ਪਛਮੀ ਬੰਗਾਲ ’ਚ ਤਾਇਨਾਤ ਫੌਜ ਦੇ ਇਕ ਅਧਿਕਾਰੀ ਅਤੇ ਉਸ ਦੀ ਮੰਗੇਤਰ ਨੇ 15 ਸਤੰਬਰ ਨੂੰ ਭਰਤਪੁਰ ਥਾਣੇ ’ਚ ਰੋਡ ਰੇਜ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਕੁੱਝ ਸਥਾਨਕ ਨੌਜੁਆਨਾਂ ਨੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਪਰੇਸ਼ਾਨ ਕੀਤਾ।
ਔਰਤ ਨੂੰ ਪੁਲਿਸ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਫੌਜੀ ਅਧਿਕਾਰੀ ਅਤੇ ਉਸ ਦੀ ਮੰਗੇਤਰ ਦੀ ਥਾਣੇ ’ਚ ਐਫ.ਆਈ.ਆਰ. ਦਰਜ ਕਰਨ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋ ਗਈ ਸੀ।
ਪੁਲਿਸ ਥਾਣਿਆਂ ’ਚ ਵੀ ਔਰਤਾਂ ਸੁਰੱਖਿਅਤ ਨਹੀਂ: ਨਵੀਨ ਪਟਨਾਇਕ
ਭੁਵਨੇਸ਼ਵਰ : ਹਿਰਾਸਤ ’ਚ ਇਕ ਔਰਤ ਨਾਲ ਕਥਿਤ ਜਿਨਸੀ ਸੋਸ਼ਣ ਦੇ ਮਾਮਲੇ ’ਚ ਅਦਾਲਤ ਦੀ ਨਿਗਰਾਨੀ ’ਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਜਾਂਚ ਅਤੇ ਨਿਆਂਇਕ ਜਾਂਚ ਦੀ ਮੰਗ ਕਰਨ ਦੇ ਇਕ ਦਿਨ ਬਾਅਦ ਵਿਰੋਧੀ ਧਿਰ ਬੀਜੂ ਜਨਤਾ ਦਲ (ਬੀ.ਜੇ.ਡੀ.) ਨੇ ਸਨਿਚਰਵਾਰ ਨੂੰ ਕਿਹਾ ਕਿ ਪੁਲਿਸ ਥਾਣਿਆਂ ’ਚ ਵੀ ਔਰਤਾਂ ਸੁਰੱਖਿਅਤ ਨਹੀਂ ਹਨ।
ਪਟਨਾਇਕ ਨੇ ਇਹ ਟਿਪਣੀ ਬੀ.ਜੇ.ਡੀ. ਦੇ ਸੂਬਾ ਹੈੱਡਕੁਆਰਟਰ ‘ਸੰਖ ਭਵਨ’ ਵਿਖੇ ਕੇਂਦਰਪਾੜਾ ਅਤੇ ਗਜਪਤੀ ਜ਼ਿਲ੍ਹਿਆਂ ਦੇ ਪਾਰਟੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ, ‘‘ਇਹ ਦੁੱਖ ਦੀ ਗੱਲ ਹੈ ਕਿ ਭੁਵਨੇਸ਼ਵਰ ਦੇ ਪੁਲਿਸ ਥਾਣਿਆਂ ’ਚ ਵੀ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਰਾਜ ਭਵਨ ’ਚ ਸਰਕਾਰੀ ਕਰਮਚਾਰੀਆਂ ਨੂੰ ਕੁੱਟਿਆ ਜਾਂਦਾ ਹੈ। ਅਜਿਹਾ ਲਗਦਾ ਹੈ ਕਿ ਸੂਬੇ ’ਚ ਕਾਨੂੰਨ ਵਿਵਸਥਾ ਨਹੀਂ ਹੈ।’’
ਉਨ੍ਹਾਂ ਦੀ ਇਹ ਟਿਪਣੀ 15 ਸਤੰਬਰ ਨੂੰ ਔਰਤ ਨਾਲ ਕਥਿਤ ਘਟਨਾ ਅਤੇ ਇਸ ਤੋਂ ਪਹਿਲਾਂ ਰਾਜਪਾਲ ਦੇ ਬੇਟੇ ਵਲੋਂ ਸਰਕਾਰੀ ਕਰਮਚਾਰੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੇ ਜਾਣ ਦੇ ਸੰਦਰਭ ’ਚ ਸੀ।
ਮੁਅੱਤਲ ਕੀਤੇ ਗਏ 5 ਅਧਿਕਾਰੀਆਂ ਨੂੰ ਬਹਾਲ ਕਰਨ ਦੀ ਮੰਗ
ਭੁਵਨੇਸ਼ਵਰ : ਓਡੀਸ਼ਾ ਪੁਲਿਸ ਐਸੋਸੀਏਸ਼ਨ ਨੇ ਸਨਿਚਰਵਾਰ ਨੂੰ ਭਰਤਪੁਰ ਥਾਣੇ ਦੇ ਅਧੀਨ ਇਕ ਫੌਜੀ ਅਧਿਕਾਰੀ ਨੂੰ ਪਰੇਸ਼ਾਨ ਕਰਨ ਅਤੇ ਉਸ ਦੀ ਮੰਗੇਤਰ ਦਾ ਜਿਨਸੀ ਸੋਸ਼ਣ ਕਰਨ ’ਚ ਕਥਿਤ ਤੌਰ ’ਤੇ ਸ਼ਾਮਲ ਪੰਜ ਪੁਲਿਸ ਮੁਲਾਜ਼ਮਾਂ ਦੀ ਮੁਅੱਤਲੀ ਦੇ ਹੁਕਮ ਤੁਰਤ ਵਾਪਸ ਲੈਣ ਦੀ ਮੰਗ ਕੀਤੀ।
ਐਸੋਸੀਏਸ਼ਨ ਦੇ ਜਥੇਬੰਦਕ ਸਕੱਤਰ ਉਮੇਸ਼ ਚੰਦਰ ਸਾਹੂ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਜਾਂਚ ਜਾਰੀ ਹੈ। ਉਸ ਨੂੰ ਉਦੋਂ ਤਕ ਮੁਅੱਤਲ ਨਹੀਂ ਕੀਤਾ ਜਾਣਾ ਚਾਹੀਦਾ ਜਦੋਂ ਤਕ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦੇ।
ਕਟਕ ’ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਹੂ ਨੇ ਜ਼ੋਰ ਦੇ ਕੇ ਕਿਹਾ ਕਿ ਮੁਅੱਤਲੀ ਦੇ ਹੁਕਮ ਤੁਰਤ ਵਾਪਸ ਲਏ ਜਾਣ ਅਤੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। ਸੇਵਾਮੁਕਤ ਪੁਲਿਸ ਅਧਿਕਾਰੀਆਂ ਦੇ ਇਕ ਸਮੂਹ ਨੇ ਪੁਲਿਸ ਕਮਿਸ਼ਨਰ ਸੰਜੀਵ ਪਾਂਡਾ ਨਾਲ ਵੀ ਮੁਲਾਕਾਤ ਕੀਤੀ ਅਤੇ ਅਜਿਹੀ ਹੀ ਬੇਨਤੀ ਕੀਤੀ।
ਸੇਵਾਮੁਕਤ ਅਧਿਕਾਰੀ ਸੂਰਿਆਮਨੀ ਤ੍ਰਿਪਾਠੀ ਨੇ ਕਿਹਾ, ‘‘ਦੋਸ਼ੀ ਪਾਏ ਜਾਣ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਕੋਈ ਮਤਲਬ ਨਹੀਂ ਹੈ। ਅਸੀਂ ਮੁਅੱਤਲੀ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ, ਡੀ.ਜੀ.ਪੀ. ਅਤੇ ਗ੍ਰਹਿ ਸਕੱਤਰ ਕੋਲ ਪਹੁੰਚ ਕਰਾਂਗੇ।’’
ਫੌਜ ਅਧਿਕਾਰੀ ਅਤੇ ਉਸ ਦੀ ਮੰਗੇਤਰ ਨਾਲ ਦੁਰਵਿਵਹਾਰ ਦੇ ਦੋਸ਼ ’ਚ ਪੰਜ ਪੁਲਿਸ ਮੁਲਾਜ਼ਮਾਂ ਦੀਨਾਕ੍ਰਿਸ਼ਨ ਮਿਸ਼ਰਾ, ਬੀ ਪਾਂਡਾ, ਸਲਲਮਾਈ ਸਾਹੂ, ਸਾਗਰਿਕਾ ਰਥ ਅਤੇ ਬਲਰਾਮ ਹੰਸਦਾ ਨੂੰ ਮੁਅੱਤਲ ਕਰ ਦਿਤਾ ਗਿਆ ਹੈ।