ਭਗਵੰਤ ਮਾਨ ਮੇਰਾ ਛੋਟਾ ਭਰਾ ਹੈ, ਜੇਕਰ ਇਸ ਤਰ੍ਹਾਂ ਹੀ ਇਮਾਨਦਾਰੀ ਨਾਲ ਕੰਮ ਚਲਦਾ ਰਿਹਾ ਤਾਂ ਮੇਰਾ ਪੂਰਾ ਸਹਿਯੋਗ ਹੋਵੇਗਾ
ਮੇਰੀ ਲੜਾਈ ਪਾਰਟੀ ਨਾਲ ਨਹੀਂ ਸਗੋਂ ਮਾਫ਼ੀਆ ਨਾਲ ਹੈ - ਨਵਜੋਤ ਸਿੰਘ ਸਿੱਧੂ
ਕਿਹਾ, ਜਿਸ ਦਿਨ ਪੰਜਾਬ ਮਾਫ਼ੀਆ ਮੁਕਤ ਹੋਵੇਗਾ ਉਸ ਦਿਨ ਹੀ ਪੰਜਾਬ ਉੱਠ ਖੜ੍ਹਾ ਹੋਵੇਗਾ
ਚੰਡੀਗੜ੍ਹ : ਪੰਜਾਬ 'ਚ ਨਵਜੋਤ ਸਿੱਧੂ ਦਾ ਬਾਗੀ ਰਵੱਈਆ ਫਿਰ ਨਜ਼ਰ ਆਉਣ ਲੱਗਾ ਹੈ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਤਾਜਪੋਸ਼ੀ ਸਮਾਗਮ 'ਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਰਾਜਾ ਵੜਿੰਗ ਨੂੰ ਵਧਾਈ ਤਾਂ ਦਿੱਤੀ ਪਰ ਕਾਂਗਰਸੀ ਆਗੂਆਂ ਨਾਲ ਸਟੇਜ ਸਾਂਝੀ ਨਹੀਂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਕਹਿ ਕੇ ਹਲਚਲ ਮਚਾ ਦਿੱਤੀ ਕਿ ਕਾਂਗਰਸ ਮਾਫ਼ੀਆ ਕਾਰਨ ਹਾਰ ਗਈ ਹੈ।
ਰਾਜਾ ਵੜਿੰਗ ਤੋਂ ਪਹਿਲਾਂ ਚੰਡੀਗੜ੍ਹ ਪਹੁੰਚੇ ਨਵਜੋਤ ਸਿੱਧੂ ਨੇ ਕਿਹਾ ਕਿ ਮੁਖੀ ਆਉਂਦੇ-ਜਾਂਦੇ ਰਹਿਣਗੇ ਪਰ ਸੰਸਥਾ ਸਰਵਉੱਚ ਹੈ। 5 ਸਾਲਾਂ ਦੇ ਮਾਫੀਆ ਰਾਜ ਕਾਰਨ ਪੰਜਾਬ ਵਿੱਚ ਕਾਂਗਰਸ ਦੀ ਹਾਰ ਹੋਈ ਹੈ। ਮੈਂ ਉਸ ਮਾਫ਼ੀਆ ਵਿਰੁੱਧ ਲੜਦਾ ਰਿਹਾ। ਉਹ ਲੜਾਈ ਸਿਸਟਮ ਨਾਲ ਸੀ। ਕੁਝ ਲੋਕਾਂ ਦਾ ਉਹ ਧੰਦਾ ਸੀ, ਜਿਸ ਨੂੰ ਉਹ ਦੀਮਕ ਵਾਂਗ ਖਾ ਰਹੇ ਸਨ। ਉੱਥੇ ਹੀ ਇਸ ਵਿਚ ਪਿਛਲੇ ਮੁੱਖ ਮੰਤਰੀ ਵੀ ਸ਼ਾਮਲ ਸਨ। ਸਿੱਧੂ ਨੇ ਕਿਹਾ ਕਿ ਮੈਂ ਕਿਸੇ ਤੋਂ ਡਰਦਾ ਨਹੀਂ। ਪਿਛਲੇ 5 ਸਾਲਾਂ ਵਿੱਚ ਨੀਤੀਗਤ ਵਿਕਾਸ ਦੀ ਥਾਂ ਨਿੱਜੀ ਹਿੱਤਾਂ ਦਾ ਬੋਲਬਾਲਾ ਰਿਹਾ ਹੈ। ਮੈਂ ਹਮੇਸ਼ਾਂ ਇਸ ਦੇ ਵਿਰੁੱਧ ਆਵਾਜ਼ ਚੁੱਕੀ ਹੈ ਅਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਹਿੱਤਾਂ ਦੀ ਲੜਾਈ ਜਾਰੀ ਰਹੇਗੀ।
ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ, ''ਮੇਰੀ ਲੜਾਈ ਪਾਰਟੀ ਨਾਲ ਨਾ ਸੀ, ਨਾ ਹੈ ਅਤੇ ਨਾ ਹੀ ਰਹੇਗੀ। ਮੇਰੀ ਲੜਾਈ ਮਾਫ਼ੀਆ ਨਾਲ ਹੈ ਅਤੇ ਇਹ ਲੜਾਈ ਨੇਕੀ-ਬਦੀ ਦੀ ਲੜਾਈ ਹੈ। ਇਹ ਲੜਾਈ ਪੰਜਾਬ ਦੇ ਪੱਖੀ ਅਤੇ ਨਿੱਜੀ ਸਵਾਰਥਾਂ ਨਾਲ ਬੰਨ੍ਹੇ ਹੋਏ ਲੋਕਾਂ ਦੀ ਹੈ। ਉਹ ਲੋਕ 100 ਹਨ ਅਤੇ ਪੰਜਾਬੀ 3 ਕਰੋੜ ਹਨ। ਇਸ ਲੜਾਈ ਵਿਚ ਮੈਂ ਇਨ੍ਹਾਂ 3 ਕਰੋੜ ਪੰਜਾਬੀ ਦੇ ਨਾਲ ਖੜ੍ਹਾ ਹਾਂ।''
ਸਿੱਧੂ ਨੇ ਕਿਹਾ ਕਿ ਜਦੋਂ ਤੱਕ ਰਾਜਨੀਤੀ ਵਪਾਰੀ ਬਣ ਕੇ ਰਹੇਗੀ ਉਦੋਂ ਤੱਕ ਇਸ ਦੀ ਇੱਜ਼ਤ ਨਹੀਂ ਹੋਵੇਗੀ। ਜੇਕਰ ਤੁਸੀਂ ਰਾਜਨੀਤੀ ਦਾ ਧੰਦਾ ਬਣਾ ਕੇ ਅੱਜ ਪੰਜਾਬ ਵਿਚ ਖੜ੍ਹੇ ਹੋ ਜਾਓਗੇ ਅਤੇ ਸਰਕਾਰੀ ਖਜ਼ਾਨਾ ਜੇਬ੍ਹਾਂ ਵਿਚ ਪਾਉਣ ਲੱਗ ਜਾਓਗੇ ਤਾਂ ਫਿਰ ਜਾਂ ਪੰਜਾਬ ਰਹੇਗਾ ਜਾਂ ਮਾਫ਼ੀਆ। ਅੱਜ ਵੀ ਕਿਸੇ ਅਹੁਦੇ ਦੀ ਲੜਾਈ ਨਹੀਂ ਹੈ ਸਗੋਂ ਉਸੇ ਪੰਜਾਬ ਦੀ ਹੋਂਦ ਦੀ ਲੜਾਈ ਹੈ। ਜਿਸ ਦਿਨ ਪੰਜਾਬ ਮਾਫ਼ੀਆ ਮੁਕਤ ਹੋਵੇਗਾ ਉਸ ਦਿਨ ਹੀ ਪੰਜਾਬ ਉੱਠ ਖੜ੍ਹਾ ਹੋਵੇਗਾ। ਪੰਜਾਬ ਵਿਚ ਫੈਲਿਆ ਮਾਫ਼ੀਆ ਬੋਹੜ ਦੇ ਦਰੱਖਤ ਵਾਂਗ ਹੈ ਜਿਸ ਦੀਆਂ ਜੜ੍ਹਾਂ ਧਰਤੀ ਦੇ ਹੇਠਾਂ ਬਹੁਤ ਡੂੰਘੀਆਂ ਹੁੰਦੀਆਂ ਹਨ।
ਪਰ ਸੂਬੇ ਨੂੰ ਪਿਆਰ ਕਰਨ ਵਾਲੇ ਲੋਕ ਕਿਸੇ ਨਫ਼ੇ ਨੁਕਸਾਨ ਦਾ ਸੋਚੇ ਬਿਨ੍ਹਾਂ ਇਸ ਮਾਫ਼ੀਆ ਦਾ ਵਿਰੋਧ ਕਰਦੇ ਰਹਿਣਗੇ। ਅੱਜ ਜਿਹੜੀ ਸਰਕਾਰ ਪੰਜਾਬ ਵਿਚ ਆਈ ਹੈ ਉਹ ਵੀ ਇਸ ਬਦਲਾਅ ਕਰ ਕੇ ਹੀ ਆਈ ਹੈ। ਪੌਣੇ ਪੰਜ ਸਾਲ ਉਹੀ ਚਿਹਰੇ ਸਨ, ਪਿਛਲੇ ਮੁੱਖ ਮੰਤਰੀ ਕਹਿੰਦੇ ਸਨ ਕਿ ਇਹ ਸਭ ਗ਼ੈਰ-ਕਾਨੂੰਨੀ ਕੰਮ ਹੋ ਰਹੇ ਸਨ ਪਰ ਮੇਰੀ ਗ਼ਲਤੀ ਇਹ ਹੈ ਕਿ ਮੈਂ ਰੋਕਿਆ ਨਹੀਂ। ਰੋਕਿਆ ਕਿਉਂ ਨਹੀਂ? ਕਿਉਂਕਿ ਚਲਾਉਣ ਵਾਲੇ ਤੁਸੀਂ ਸੀ। ਉਸ ਤੋਂ ਬਾਅਦ ਵੀ ਕਈ ਚਿਹਰੇ ਆਏ ਜਿਨ੍ਹਾਂ 'ਤੇ ਸਵਾਲ ਉਠੇ ਅਤੇ ਜਿਨ੍ਹਾਂ ਨੇ ਨਿੱਜੀ ਸਵਾਰਥਾਂ ਲਈ ਸੱਤਾ ਮਾਣੀ।
ਭਗਵੰਤ ਮਾਨ ਮੇਰਾ ਛੋਟਾ ਭਰਾ ਹੈ ਅਤੇ ਉਹ ਅਜੇ ਤੱਕ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ। ਮੌਜੂਦਾ ਸਰਕਾਰ ਵਧੀਆ ਕੰਮ ਕਰ ਰਹੀ ਹੈ ਜੇਕਰ ਇਸੇ ਤਰ੍ਹਾਂ ਹੀ ਇਮਾਨਦਾਰੀ ਨਾਲ ਕੰਮ ਚਲਦਾ ਰਿਹਾ ਤਾਂ ਪੰਜਾਬ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਮੈਂ ਭਗਵੰਤ ਮਾਨ ਦਾ ਪੂਰਾ ਸਹਿਯੋਗ ਕਰਾਂਗਾ। ਨਵੇਂ ਪ੍ਰਧਾਨ ਬਣਨ 'ਤੇ ਰਾਜਾ ਵੜਿੰਗ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨੂੰ ਤਰੱਕੀ ਬਖਸ਼ੇ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪਾਰਟੀ ਵਿੱਚ ਕੋਈ ਵੀ ਅਨੁਸ਼ਾਸਨ ਤੋਂ ਉਪਰ ਨਹੀਂ ਹੈ। ਸਿੱਧੂ ਬਾਰੇ ਪੁੱਛੇ ਸਵਾਲ 'ਤੇ ਚੌਧਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਕਰਕੇ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ।