
ਬੰਗਲਾ ਸਾਹਿਬ ਵਿਖੇ ਅਖੰਡ ਪਾਠ ਦਾ ਭੋਗ ਪਾ ਕੇ, ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਦੀ ਭੋਗਲ ਨੇ ਕਰਵਾਈ ਅਰਦਾਸ
Akali Dal News: ਲੋਕ ਸਭਾ ਚੋਣਾਂ ਲਈ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ‘ਚੋਣ ਐਲਾਨਨਾਮਾ’ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ’ਤੇ ਤਖ਼ਤ ਹਜ਼ੂਰ ਸਾਹਿਬ ਬੋਰਡ ’ਤੇ ਕਬਜ਼ਾ ਕਰਨ ਦਾ ਦੋਸ ਲਾ ਕੇ, ਭਾਜਪਾ ਨੂੰ ਇਖ਼ਲਾਕ ਦਾ ਪਾਠ ਪੜ੍ਹਾਇਆ ਸੀ, ਪਰ ਦਿੱਲੀ ਵਿਚ ਸੁਖਬੀਰ ਸਿੰਘ ਬਾਦਲ ਦੇ ਸਟੈਂਡ ਤੋਂ ਉਲਟ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਦਿੱਲੀ ਤੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਭੋਗਲ 1984 ਦੇ ਨਾਮ ’ਤੇ ‘ਭਾਜਪਾ ਦੇ ਪਹਿਰੇਦਾਰ’ ਬਣੇ ਹੋਏ ਹਨ।
ਭੋਗਲ, ਜੋ ਕਿ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਪ੍ਰਧਾਨ ਵੀ ਹਨ, ਨੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਰਖਵਾ ਕੇ, ਨਰਿੰਦਰ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਦੀ ਅਰਦਾਸ ਕਰਵਾਈ। ਭਾਵੇਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਵਾਦਤ ਭਾਸ਼ਣਾਂ ‘ਮੰਗਲਸੂਤਰ.. ਆਦਿ ਦੀ ਨਿਖੇਧੀ ਕਰ ਰਹੇ ਹਨ, ਇਸ ਦੇ ਉਲਟ ਦਿੱਲੀ ਵਿਚ ਭੋਗਲ ਨੇ ਕਿਹਾ, ‘ਪ੍ਰਧਾਨ ਮੰਤਰੀ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ, ਵੀਰ ਬਾਲ ਦਿਵਸ ਮਨਾਉਣ ਵਰਗੇ ਫ਼ੈਸਲਿਆਂ ਲਈ ਸਿੱਖ, ਮੋਦੀ ਤੇ ਭਾਜਪਾ ਨੂੰ ਵੋਟ ਪਾਉਣ।’ ਬੰਗਲਾ ਸਾਹਿਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣਾਂ ਵਿਚ ਜਿੱਤ ਲਈ ਅਖੰਡ ਪਾਠ ਦੀ ਸਮਾਪਤੀ ਮੌਕੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ, ਬਾਦਲ ਦੇ ਅਹੁਦੇਦਾਰ ਰਵਿੰਦਰ ਸਿੰਘ ਖੁਰਾਣਾ ਤੇ ਗੁਰਦੇਵ ਸਿੰਘ ਭੋਲਾ ਵੀ ਸ਼ਾਮਲ ਹੋਏ।
ਅਕਾਲੀ ਦਲ ਦੀ ਸੱਤਾ ਦਾ ਸੁਖ ਭੋਗਣ ਪਿਛੋਂ ਭੋਗਲ 23 ਦਸੰਬਰ 2021 ਨੂੰ ਦਿੱਲੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਪਰ ਛੇਤੀ ਉਥੋਂ ਮੋਹ ਭੰਗ ਹੋਣ ’ਤੇ ਭਾਜਪਾ ਦੀ ਆਲੋਚਨਾ ਕਰ ਕੇ ਉਹ ਮੁੜ 25 ਨਵੰਬਰ 2022 ਨੂੰ ਵਾਇਆ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਮੁੜ ਸ਼ਾਮਲ ਹੋ ਗਏ ਸਨ। ਉਦੋਂ ਭੋਗਲ ਨੇ ਮੀਡੀਆ ਵਿਚ ਦਾਅਵਾ ਕੀਤਾ ਸੀ, ‘ਕਾਨਪੁਰ ਸਿੱਖ ਕਤਲੇਆਮ ਵਿਚ ਸੱਜਣ ਕੁਮਾਰ ਵਰਗੇ 9 ਦੋਸ਼ੀਆਂ ਨੂੰ ਛੱਡ ਦਿਤਾ ਗਿਆ ਹੈ, ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਫ਼ੋਨ ਤੇ ਫ਼ਰਿਆਦ ਕੀਤੀ ਤਾਂ ਉਨ੍ਹ੍ਹਾਂ (ਮੈਨੂੰ) ਠਾਕੁਰਾਂ ਦੀਆਂ ਵੋਟਾਂ ਦਾ ਹਵਾਲਾ ਦੇ ਕੇ ਗੱਲ ਮੁਕਾ ਦਿਤੀ ਸੀ।” ਹੁਣ ਭੋਗਲ ਦਾਅਵਾ ਕਰ ਰਹੇ ਹਨ ਕਿ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ 84 ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਣਗੀਆਂ।