
ਕਿਹਾ-ਇਹ ਸੱਭ ਕੁੱਝ 39 ਭਾਰਤੀਆਂ ਦੀ ਮੌਤ ਤੋਂ ਧਿਆਨ ਲਾਂਭੇ ਕਰਨ ਲਈ
ਕੇਂਦਰ ਦੀ ਮੋਦੀ ਸਰਕਾਰ 'ਤੇ ਸ਼ਬਦੀ ਹਮਲਾ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਇਰਾਕ ਵਿਚ 39 ਭਾਰਤੀਆਂ ਦੀ ਹੋਈ ਮੌਤ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਹੀ ਕਾਂਗਰਸ ਵਲੋਂ ਡੈਟਾ ਚੋਰੀ ਕਰਨ ਦੀ ਕਹਾਣੀ ਘੜੀ ਗਈ ਹੈ। ਉਨ੍ਹਾਂ ਸਰਕਾਰ 'ਤੇ ਮੀਡੀਆ ਨੂੰ ਲੁਭਾਉਣ ਦਾ ਦੋਸ਼ ਵੀ ਲਗਾਇਆ। ਕਾਂਗਰਸ ਸਰਕਾਰ 'ਤੇ ਲਗਾਤਾਰ ਦੋਸ਼ ਲਗਾਉਂਦੀ ਰਹੀ ਹੈ ਕਿ ਉਹ ਕਰੋੜਾਂ ਰੁਪਏ ਦੇ ਪੀਐਨਬੀ ਘਪਲੇ ਅਤੇ ਇਰਾਕ ਵਿਚ ਮਾਰੇ ਗਏ ਭਾਰਤੀ ਲੋਕਾਂ ਦੇ ਪਰਵਾਰਕ ਮੈਂਬਰਾਂ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਤੋਂ ਬਚਣ ਲਈ ਸੁਰਖੀਆਂ ਵਿਚ ਜੋੜਤੋੜ ਕਰ ਕੇ ਉਨ੍ਹਾਂ ਨੂੰ ਅਪਣੇ ਅਨੁਸਾਰ ਬਣਾ ਰਹੀ ਹੈ।
Narendra Modi
ਕਾਂਗਰਸ ਦੇ ਮੀਡੀਆ ਵਿਭਾਗ ਦੇ ਇੰਚਾਰਜ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਸਰਕਾਰ ਨੇ 39 ਭਾਰਤੀਆਂ ਦੇ ਪਰਵਾਰਕ ਮੈਂਬਰਾਂ ਨੂੰ ਝੂਠ ਬੋਲਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਸੁਰੱਖਿਅਤ ਹਨ ਜਦਕਿ ਸਬੂਤ ਇਸ ਗੱਲ ਦਾ ਇਸ਼ਾਰਾ ਕਰ ਰਹੇ ਸਨ ਕਿ ਉਨ੍ਹਾਂ ਦੀ ਮੌਤ ਕੁੱਝ ਸਾਲ ਪਹਿਲਾਂ ਹੀ ਹੋ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਇਰਾਕ ਦੇ ਮੋਸੁਲ ਵਿਚ ਬੰਧਕ ਬਣਾਏ ਜਾਣ ਤੋਂ ਬਾਅਦ 39 ਭਾਰਤੀ ਨੂੰ ਮਾਰ ਦਿਤੇ ਜਾਣ ਬਾਰੇ ਦੇਸ਼ ਨੂੰ ਚਾਰ ਸਾਲ ਤਕ ਗੁਮਰਾਹ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਪਰਵਾਰ ਇਹ ਸਵਾਲ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਚਾਰ ਸਾਲ ਤਕ ਗੁਮਰਾਹ ਕਿਉਂ ਕੀਤਾ ਗਿਆ। ਸਰਕਾਰ ਨੇ ਮੌਤ ਦੀ ਤਰੀਕ ਦਾ ਪ੍ਰਗਟਾਵਾ ਕਿਉਂ ਨਹੀਂ ਕੀਤਾ? ਏਨੇ ਸਾਲਾਂ ਤਕ ਵਿਦੇਸ਼ ਮੰਤਰਾਲੇ ਕੋਲ ਉਨ੍ਹਾਂ ਦੇ ਜੀਊਂਦੇ ਹੋਣ ਦੇ ਕੀ ਸਬੂਤ ਸਨ? ਸਰਕਾਰ ਪਰਵਾਰਾਂ ਨੂੰ ਮੁਆਵਜ਼ਾ ਦੇਣ 'ਤੇ ਸਹਿਮਤ ਕਿਉਂ ਨਹੀਂ ਹੋ ਰਹੀ? (ਪੀ.ਟੀ.ਆਈ.)