
ਕਾਂਗਰਸੀ ਵਿਧਾਇਕ ਸੰਦੀਪ ਜਾਖੜ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।
ਚੰਡੀਗੜ੍ਹ: ਭਾਜਪਾ ਆਗੂ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਹੀਰਾ ਸੋਢੀ ਨੇ ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨਾਲ ਮੁਲਾਕਾਤ ਕੀਤੀ ਹੈ। ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ।
ਦਰਅਸਲ ਹਾਲ ਹੀ ਵਿਚ ਸੰਦੀਪ ਜਾਖੜ ਦੇ ਚਾਚਾ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ, ਇਸ ਮਗਰੋਂ ਉਹਨਾਂ ਦੇ ਭਤੀਜੇ ਅਤੇ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਮੁਲਾਕਾਤ ਦੀਆਂ ਤਸਵੀਰਾਂ ਹੀਰਾ ਸੋਢੀ ਨੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ।
ਦੱਸ ਦੇਈਏ ਕਿ ਸੰਦੀਪ ਜਾਖੜ ਹਮੇਸ਼ਾ ਕਹਿੰਦੇ ਹਨ ਕਿ ਸੁਨੀਲ ਜਾਖੜ ਉਹਨਾਂ ਦੇ ਸਿਆਸੀ ਗੁਰੂ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਸੰਦੀਪ ਜਾਖੜ ਨੇ ਸਪੱਸ਼ਟ ਕੀਤਾ ਸੀ ਕਿ ਉਹਨਾਂ ਦੇ ਚਾਚਾ ਸੁਨੀਲ ਜਾਖੜ ਭਾਵੇਂ ਭਾਜਪਾ 'ਚ ਸ਼ਾਮਲ ਹੋ ਗਏ ਹਨ ਪਰ ਉਹ ਖ਼ੁਦ ਕਾਂਗਰਸ ਪਾਰਟੀ ਦੇ ਵਿਧਾਇਕ ਹਨ ਅਤੇ ਉਹ ਕਾਂਗਰਸ 'ਚ ਹੀ ਰਹਿਣਗੇ। ਉਹਨਾਂ ਕਿਹਾ ਸੀ ਕਿ ਕਾਂਗਰਸ ਵਲੋਂ ਕਦਰ ਨਾ ਪਾਏ ਜਾਣ ਕਾਰਨ ਸੁਨੀਲ ਕੁਮਾਰ ਜਾਖੜ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਹਨ।