
ਉੱਚ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨ ਤੋਂ ਪਹਿਲਾਂ ਦੋ ਵਾਰ ਮੁਲਤਵੀ ਕੀਤੀ ਗਈ
ਨਵੀਂ ਦਿੱਲੀ : ਕਰਨਾਟਕ ’ਚ ਜਨਤਕ ਠੇਕਿਆਂ ’ਚ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦਾ ਮੁੱਦਾ ਚੁੱਕਣ ਵਾਲੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਮੈਂਬਰਾਂ ਦੇ ਹੰਗਾਮੇ ਕਾਰਨ ਸੋਮਵਾਰ ਨੂੰ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ, ‘‘ਸਿਫ਼ਰ ਕਾਲ ’ਚ ਵਿਘਨ ਪਾਉਣ ਦਾ ਸਾਡਾ ਇਰਾਦਾ ਨਹੀਂ ਹੈ। ਐਨ.ਡੀ.ਏ. ਦੇ ਸੰਸਦ ਮੈਂਬਰ ਮੇਰੇ ਕੋਲ ਆਏ ਅਤੇ ਇਕ ਮਹੱਤਵਪੂਰਨ ਮੁੱਦਾ ਚੁਕਿਆ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਇਕ ਸੀਨੀਅਰ ਨੇਤਾ, ਜਿਸ ਤੋਂ ਉਨ੍ਹਾਂ ਦਾ ਮਤਲਬ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਸੀ, ਨੇ ਕਿਹਾ ਹੈ ਕਿ ਪਾਰਟੀ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਲਈ ਸੰਵਿਧਾਨ ਵਿਚ ਬਦਲਾਅ ਕਰੇਗੀ। ਰਿਜਿਜੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਿਆਨ ਬਹੁਤ ਗੰਭੀਰ ਹੈ ਅਤੇ ਡਾ. ਬੀ.ਆਰ. ਅੰਬੇਡਕਰ ਵਲੋਂ ਪ੍ਰਦਾਨ ਕੀਤੇ ਗਏ ਭਾਰਤ ਦੇ ਸੰਵਿਧਾਨ ’ਤੇ ਹਮਲਾ ਹੈ।
ਹਾਲਾਂਕਿ ਕਾਂਗਰਸ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਅੰਬੇਡਕਰ ਵਲੋਂ ਪ੍ਰਦਾਨ ਕੀਤੇ ਸੰਵਿਧਾਨ ਨੂੰ ਕੋਈ ਨਹੀਂ ਬਦਲ ਸਕਦਾ ਅਤੇ ਅਸੀਂ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਲੋਕ ਹਾਂ। ਉਹ ਲੋਕ ਹਨ ਜੋ ਭਾਰਤ ਤੋੜੋ ’ਚ ਵਿਸ਼ਵਾਸ ਕਰਦੇ ਹਨ।’’
ਉੱਚ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨ ਤੋਂ ਪਹਿਲਾਂ ਦੋ ਵਾਰ ਮੁਲਤਵੀ ਕੀਤੀ ਗਈ ਅਤੇ ਸੱਤਾਧਾਰੀ ਬੈਂਚ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਗਲਿਆਰੇ ਵਿਚ ਦਾਖਲ ਹੋ ਗਏ। ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਢਾ ਨੇ ਦੋਸ਼ ਲਾਇਆ ਕਿ ਕਾਂਗਰਸ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੀ ਗੱਲ ਕਰ ਕੇ ਸੰਵਿਧਾਨ ਦੇ ਟੁਕੜੇ-ਟੁਕੜੇ ਕਰ ਰਹੀ ਹੈ।
ਸ਼ਿਵਕੁਮਾਰ ਦੀ ਟਿੱਪਣੀ ਕਾਂਗਰਸ ਦੇ ਲੁਕੇ ਹੋਏ ਏਜੰਡੇ ਨੂੰ ਦਰਸਾਉਂਦੀ ਹੈ : ਭਾਜਪਾ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ’ਤੇ ਮੁਸਲਿਮ ਰਾਖਵਾਂਕਰਨ ਲਈ ਸੰਵਿਧਾਨ ’ਚ ਸੋਧ ਕਰਨ ਦੇ ਕਾਂਗਰਸ ਦੇ ‘ਲੁਕੇ ਹੋਏ ਏਜੰਡੇ’ ਦਾ ਪ੍ਰਗਟਾਵਾ ਕਰਨ ਦਾ ਦੋਸ਼ ਲਾਇਆ। ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਅਤੇ ਸੋਨੀਆ ਗਾਂਧੀ ਤੋਂ ਦੇਸ਼ ਨੂੰ ਭਰੋਸਾ ਦਿਵਾਉਣ ਦੀ ਮੰਗ ਕੀਤੀ ਕਿ ਉਹ ਸੰਵਿਧਾਨ ਨੂੰ ਨਹੀਂ ਬਦਲਣਗੇ। ਪ੍ਰਸਾਦ ਨੇ ਸ਼ਿਵਕੁਮਾਰ ਦੀ ਟਿਪਣੀ ਨੂੰ ਕਾਂਗਰਸ ਦੇ ਕਥਿਤ ਏਜੰਡੇ ਦੀ ਸ਼ੁਰੂਆਤ ਦਸਿਆ ਅਤੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਰੁਖ ਸਪੱਸ਼ਟ ਕਰਨ ਦੀ ਅਪੀਲ ਕੀਤੀ।
ਸੰਸਦ ਨੂੰ ਰੋਕਣ ਲਈ ਭਾਜਪਾ ਪੂਰੀ ਤਰ੍ਹਾਂ ਨਕਲੀ ਮੁੱਦਾ ਲੈ ਕੇ ਆਈ, ਕਰਨਾਟਕ ’ਚ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇਣ ਤੋਂ ਇਨਕਾਰ ਕੀਤਾ : ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਕਰਨਾਟਕ ਦੇ ਠੇਕਿਆਂ ’ਚ ਮੁਸਲਿਮ ਰਾਖਵਾਂਕਰਨ ਨੂੰ ਲੈ ਕੇ ‘ਫਰਜ਼ੀ ਮੁੱਦਾ’ ਬਣਾਉਣ ਅਤੇ ਸੰਸਦ ਨੂੰ ਰੋਕਣ ਦਾ ਦੋਸ਼ ਲਾਇਆ। ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਭਾਜਪਾ ਦੇ ਦਾਅਵਿਆਂ ਨੂੰ ਗੰਭੀਰ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਲਾ ਦਸਿਆ। ਜਦਕਿ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਰਵਾਈ ’ਚ ਵਿਘਨ ਪਾਉਣ ਲਈ ਭਾਜਪਾ ਦੀ ਆਲੋਚਨਾ ਕਰਦੇ ਹੋਏ ਕਿਹਾ, ‘‘ਅਜਿਹਾ ਲਗਦਾ ਹੈ ਕਿ ਉਨ੍ਹਾਂ ਨੇ ਅਪਣਾ ਮਨ ਬਣਾ ਲਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਸਦਨ ਚੱਲੇ।’’
ਭਾਜਪਾ ਧਰਮ ਦੇ ਆਧਾਰ ’ਤੇ ਕਾਨੂੰਨ ਬਣਾਉਂਦੀ ਹੈ, ਕਾਂਗਰਸ ਦੇ ਆਧਾਰ ’ਤੇ ਨਹੀਂ : ਖੜਗੇ
ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਕਿਰਨ ਰਿਜਿਜੂ ’ਤੇ ਕਰਨਾਟਕ ਦੇ ਠੇਕਿਆਂ ’ਚ ਮੁਸਲਿਮ ਰਾਖਵਾਂਕਰਨ ਨੂੰ ਲੈ ਕੇ ਸੰਸਦ ’ਚ ਗੁਮਰਾਹ ਕਰਨ ਅਤੇ ਝੂਠ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਧਰਮ ਦੇ ਆਧਾਰ ’ਤੇ ਕਾਨੂੰਨ ਭਾਰਤੀ ਜਨਤਾ ਪਾਰਟੀ (ਭਾਜਪਾ) ਬਣਾਉਂਦੀ ਹੈ ਅਤੇ ਭ੍ਰਿਸ਼ਟਾਚਾਰ ਅਤੇ ਨਿਆਂਪਾਲਿਕਾ ਨਾਲ ਜੁੜੇ ਵਿਵਾਦਾਂ ਤੋਂ ਧਿਆਨ ਹਟਾਉਣ ਲਈ ਅਜਿਹੇ ਮੁੱਦੇ ਉਠਾਉਂਦੀ ਹੈ।
ਖੜਗੇ ਨੇ ਕਿਹਾ, ‘‘ਜੇ.ਪੀ. ਨੱਢਾ ਜੀ ਅਤੇ ਕਿਰਨ ਰਿਜੀਜੂ ਜੀ ਨੇ ਸਦਨ ਨੂੰ ਗੁਮਰਾਹ ਕੀਤਾ ਕਿ ਕਾਂਗਰਸ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇ ਰਹੀ ਹੈ, ਜੋ ਕਿ ਸਰਾਸਰ ਝੂਠ ਹੈ। 1994 ਦਾ ਕਰਨਾਟਕ ਕੋਟਾ, ਜਿਸ ਨੂੰ ਸਾਰੀਆਂ ਪਾਰਟੀਆਂ ਨੇ ਮਨਜ਼ੂਰ ਕੀਤਾ ਹੈ, ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।’’
ਖੜਗੇ ਨੇ ਕਿਹਾ ਕਿ ਮੁਸਲਮਾਨਾਂ ਨੂੰ ਕਦੇ ਵੀ ਵੱਖਰਾ ਰਾਖਵਾਂਕਰਨ ਨਹੀਂ ਦਿਤਾ ਗਿਆ। ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਕਾਂਗਰਸ ਦੀ ਵਧਦੀ ਪ੍ਰਸਿੱਧੀ ਤੋਂ ਨਿਰਾਸ਼ ਹੋ ਕੇ 30 ਸਾਲ ਪੁਰਾਣੇ ਕਾਨੂੰਨ ਨੂੰ ਚੁਨੌਤੀ ਦੇ ਰਹੀ ਹੈ। ਖੜਗੇ ਨੇ ਸੰਵਿਧਾਨ ਦੀ ਰੱਖਿਆ ਲਈ ਕਾਂਗਰਸ ਦੀ ਵਚਨਬੱਧਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਸੰਵਿਧਾਨ ਦੇ ਵਿਰੁਧ ਕੁੱਝ ਕਹਿੰਦਾ ਹੈ ਤਾਂ ਕਾਂਗਰਸ ਚੁੱਪ ਨਹੀਂ ਬੈਠੇਗੀ। ਉਨ੍ਹਾਂ ਨੇ ਭਾਜਪਾ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਰੱਦ ਕਰ ਦਿਤਾ।
ਨੱਢਾ ਤੇ ਰਿਜਿਜੂ ਵਿਰੁਧ ਰਾਜ ਸਭਾ ’ਚ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ, ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸਦਨ ਨੂੰ ਗੁਮਰਾਹ ਕਰਨ ਦੇ ਦੋਸ਼ ਲਾਇਆ
ਨਵੀਂ ਦਿੱਲੀ : ਰਾਜ ਸਭਾ ’ਚ ਕਾਂਗਰਸ ਦੇ ਚੀਫ ਵਿ੍ਹਪ ਜੈਰਾਮ ਰਮੇਸ਼ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦੇ ਬਿਆਨਾਂ ਬਾਰੇ ਸਦਨ ਨੂੰ ਕਥਿਤ ਤੌਰ ’ਤੇ ਗੁਮਰਾਹ ਕਰਨ ਲਈ ਜੇ.ਪੀ. ਨੱਢਾ ਅਤੇ ਕਿਰਨ ਰਿਜਿਜੂ ਵਿਰੁਧ ਵਿਸ਼ੇਸ਼ ਅਧਿਕਾਰ ਉਲੰਘਣਾ ਦੇ ਨੋਟਿਸ ਦਿਤੇ ਹਨ। ਰਮੇਸ਼ ਨੇ ਰਿਜਿਜੂ ’ਤੇ ਸ਼ਿਵਕੁਮਾਰ ਬਾਰੇ ਝੂਠੇ ਬਿਆਨ ਦੇਣ ਦਾ ਦੋਸ਼ ਲਾਇਆ।
ਨੱਢਾ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਨੇ ਠੇਕਿਆਂ ’ਚ 4 ਫੀ ਸਦੀ ਮੁਸਲਿਮ ਰਾਖਵਾਂਕਰਨ ਲਈ ਮਤਾ ਪਾਸ ਕੀਤਾ ਹੈ, ਜਿਸ ’ਚ ਕਥਿਤ ਤੌਰ ’ਤੇ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਅਧਿਕਾਰਾਂ ਨੂੰ ਕਮਜ਼ੋਰ ਕੀਤਾ ਗਿਆ ਹੈ। ਰਮੇਸ਼ ਨੇ ਨੱਢਾ ਦੀਆਂ ਟਿਪਣੀਆਂ ਨੂੰ ‘ਝੂਠਾ’ ਅਤੇ ਕਾਂਗਰਸ ਨੂੰ ਬਦਨਾਮ ਕਰਨ ਲਈ ‘ਬਣਾਈ ਯੋਜਨਾ’ ਕਰਾਰ ਦਿਤਾ।
ਜਦਕਿ ਰਿਜਿਜੂ ਨੇ ਸ਼ਿਵਕੁਮਾਰ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਕਾਂਗਰਸ ਦੇ ਇਕ ਨੇਤਾ ਨੇ ਮੁਸਲਿਮ ਰਾਖਵਾਂਕਰਨ ਲਈ ਸੰਵਿਧਾਨਕ ਤਬਦੀਲੀਆਂ ਦਾ ਪ੍ਰਸਤਾਵ ਦਿਤਾ ਅਤੇ ਇਸ ਨੂੰ ‘ਅਸਵੀਕਾਰਯੋਗ’ ਕਰਾਰ ਦਿਤਾ। ਰਮੇਸ਼ ਨੇ ਸਦਨ ਦੀ ਮਾਨਹਾਨੀ ਦਾ ਹਵਾਲਾ ਦਿੰਦੇ ਹੋਏ ਦੋਹਾਂ ਨੇਤਾਵਾਂ ਵਿਰੁਧ ਵਿਸ਼ੇਸ਼ ਅਧਿਕਾਰ ਦੀ ਕਾਰਵਾਈ ਦੀ ਬੇਨਤੀ ਕੀਤੀ।
ਸ਼ਿਵਕੁਮਾਰ ਨੇ ਸੰਵਿਧਾਨ ਬਦਲਣ ’ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ, ਗ਼ਲਤ ਬਿਆਨ ਕਰਨ ਵਾਲਿਆਂ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮਤੇ ਦੀ ਚੇਤਾਵਨੀ ਦਿਤੀ
ਬੈਂਗਲੁਰੂ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਮੁਸਲਿਮ ਰਾਖਵਾਂਕਰਨ ਲਈ ਸੰਵਿਧਾਨਕ ਤਬਦੀਲੀਆਂ ਦੀ ਵਕਾਲਤ ਕਰਨ ਦੇ ਦਾਅਵਿਆਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਮੈਂ ਇਕ ਸਮਝਦਾਰ ਸੀਨੀਅਰ ਸਿਆਸਤਦਾਨ ਹਾਂ। ਮੇਰੇ ਕੋਲ ਬੁਨਿਆਦੀ ਆਮ ਸਮਝ ਹੈ। ਮੈਂ ਅਜਿਹਾ ਕਦੇ ਨਹੀਂ ਕਿਹਾ।’’ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਖਵਾਂਕਰਨ ਪੱਛੜੇ ਵਰਗਾਂ ਦੇ ਕੋਟੇ ਨਾਲ ਮੇਲ ਖਾਂਦਾ ਹੈ। ਸ਼ਿਵਕੁਮਾਰ ਨੇ ਗਲਤ ਬਿਆਨੀ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮਤੇ ਦੀ ਚੇਤਾਵਨੀ ਦਿਤੀ।
ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਇਕ ਸਮਝਦਾਰ ਸੀਨੀਅਰ ਸਿਆਸਤਦਾਨ ਹਾਂ... ਮੈਂ ਪਿਛਲੇ 36 ਸਾਲਾਂ ਤੋਂ ਵਿਧਾਨ ਸਭਾ ’ਚ ਹਾਂ। ਮੇਰੇ ਕੋਲ ਬੁਨਿਆਦੀ ਆਮ ਸਮਝ ਹੈ। ਮੈਂ ਸੰਵਿਧਾਨ ਬਦਲਣ ਬਾਰੇ ਕਦੇ ਨਹੀਂ ਕਿਹਾ। ਮੈਂ ਆਮ ਤੌਰ ’ਤੇ ਕਹਿ ਦਿਤਾ ਕਿ ਵੱਖ-ਵੱਖ ਫੈਸਲਿਆਂ ਤੋਂ ਬਾਅਦ ਬਹੁਤ ਸਾਰੀਆਂ ਤਬਦੀਲੀਆਂ ਹੋਣਗੀਆਂ। ਜੋ ਵੀ ਰਾਖਵਾਂਕਰਨ ਦਿਤਾ ਗਿਆ ਹੈ ਉਹ ਪਛੜੀਆਂ ਸ਼੍ਰੇਣੀਆਂ ਦੇ ਕੋਟੇ ਅਨੁਸਾਰ ਹੈ। ਮੈਂ ਕਦੇ ਨਹੀਂ ਕਿਹਾ ਕਿ ਅਸੀਂ ਸੰਵਿਧਾਨ ਅਤੇ ਉਨ੍ਹਾਂ ਨੇ ਜੋ ਕੁਝ ਵੀ ਜੋੜਿਆ, ਉਸ ਨੂੰ ਬਦਲਾਂਗੇ।’’