ਕਿਹਾ, ਪਾਰਟੀ ਨਾਲ ਨਾਤਾ ਤੋੜਨ ਦਾ ਇਹ ਫੈਸਲਾ ਭਾਵਨਾਤਮਕ ਤੌਰ ’ਤੇ ਮੁਸ਼ਕਲ ਫੈਸਲਾ ਹੈ
ਲਖਨਊ/ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਸੰਸਦੀ ਹਲਕੇ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਟਿਕਟ ’ਤੇ ਲੋਕ ਸਭਾ ਲਈ ਚੁਣੇ ਗਏ ਰਿਤੇਸ਼ ਪਾਂਡੇ ਨੇ ਐਤਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ ਅਤੇ ਦਿੱਲੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ।
ਪਾਂਡੇ ਨੇ ਅਪਣੇ ਅਸਤੀਫੇ ਦੀ ਕਾਪੀ ਬਸਪਾ ਮੁਖੀ ਮਾਇਆਵਤੀ ਨੂੰ ਸੋਸ਼ਲ ਮੀਡੀਆ ਮੰਚ ਐਕਸ ’ਤੇ ਸਾਂਝੀ ਕੀਤੀ। ਇਸ ਦੌਰਾਨ ਬਸਪਾ ਮੁਖੀ ਮਾਇਆਵਤੀ ਨੇ ਐਤਵਾਰ ਨੂੰ ਅਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਪੁਛਿਆ, ‘‘ਕੀ ਉਨ੍ਹਾਂ ਲੋਕਾਂ ਨੂੰ ਟਿਕਟ ਦੇਣਾ ਸੰਭਵ ਹੈ ਜੋ ਸੁਆਰਥ ’ਚ ਇੱਧਰ-ਉੱਧਰ ਭਟਕਦੇ ਨਜ਼ਰ ਆਉਂਦੇ ਹਨ?’’ ਬਸਪਾ ਮੁਖੀ ਨੂੰ ਲਿਖੀ ਚਿੱਠੀ ’ਚ ਰਿਤੇਸ਼ ਪਾਂਡੇ ਨੇ ਪਾਰਟੀ ਤੋਂ ਵਿਧਾਇਕ ਅਤੇ ਸੰਸਦ ਮੈਂਬਰ ਚੁਣੇ ਜਾਣ ਦੀਆਂ ਅਪਣੀਆਂ ਸਿਆਸੀ ਪ੍ਰਾਪਤੀਆਂ ’ਤੇ ਚਰਚਾ ਕਰਦੇ ਹੋਏ ਸ਼ਿਕਾਇਤ ਕੀਤੀ, ‘‘ਮੈਨੂੰ ਲੰਮੇ ਸਮੇਂ ਤੋਂ ਨਾ ਤਾਂ ਪਾਰਟੀ ਦੀਆਂ ਮੀਟਿੰਗਾਂ ’ਚ ਬੁਲਾਇਆ ਜਾ ਰਿਹਾ ਹੈ ਅਤੇ ਨਾ ਹੀ ਲੀਡਰਸ਼ਿਪ ਪੱਧਰ ’ਤੇ ਗੱਲਬਾਤ ਕੀਤੀ ਜਾ ਰਹੀ ਹੈ। ਮੈਂ ਤੁਹਾਡੇ (ਮਾਇਆਵਤੀ) ਅਤੇ ਚੋਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਨ ਦੀਆਂ ਅਣਗਿਣਤ ਕੋਸ਼ਿਸ਼ਾਂ ਕੀਤੀਆਂ ਪਰ ਵਿਅਰਥ ਰਿਹਾ।’’
ਪਾਂਡੇ ਨੇ ਕਿਹਾ, ‘‘ਮੈਂ ਇਸ ਸਿੱਟੇ ’ਤੇ ਪਹੁੰਚਿਆ ਹਾਂ ਕਿ ਪਾਰਟੀ ਨੂੰ ਹੁਣ ਮੇਰੀਆਂ ਸੇਵਾਵਾਂ ਅਤੇ ਮੌਜੂਦਗੀ ਦੀ ਲੋੜ ਨਹੀਂ ਹੈ ਅਤੇ ਇਸ ਲਈ ਮੇਰੇ ਕੋਲ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਪਾਰਟੀ ਨਾਲ ਨਾਤਾ ਤੋੜਨ ਦਾ ਇਹ ਫੈਸਲਾ ਭਾਵਨਾਤਮਕ ਤੌਰ ’ਤੇ ਮੁਸ਼ਕਲ ਫੈਸਲਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਸ ਚਿੱਠੀ ਰਾਹੀਂ ਮੈਂ ਬਹੁਜਨ ਸਮਾਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ ਅਤੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਬਿਨਾਂ ਕਿਸੇ ਦੇਰੀ ਦੇ ਮੇਰਾ ਅਸਤੀਫਾ ਮਨਜ਼ੂਰ ਕਰੋ।’’
ਕੁੱਝ ਘੰਟਿਆਂ ਬਾਅਦ ਉਹ ਨਵੀਂ ਦਿੱਲੀ ’ਚ ਭਾਜਪਾ ’ਚ ਸ਼ਾਮਲ ਹੋ ਗਏ। ਉਹ ਯੂ.ਪੀ. ਇੰਚਾਰਜ ਬੈਜਯੰਤ ਜੈ ਪਾਂਡਾ, ਜਨਰਲ ਸਕੱਤਰ ਤਰੁਣ ਚੁੱਘ ਅਤੇ ਯੂ.ਪੀ. ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਏ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਵੀ ਮੌਜੂਦ ਸਨ।
ਇਸ ਦੇ ਨਾਲ ਹੀ ਮਾਇਆਵਤੀ ਨੇ ਅਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਐਕਸ ’ਤੇ ਕਈ ਪੋਸਟਾਂ ’ਚ ਰਿਤੇਸ਼ ਪਾਂਡੇ ਦਾ ਜ਼ਿਕਰ ਕੀਤੇ ਬਿਨਾਂ ਸਲਾਹ ਦਿੰਦੇ ਹੋਏ ਕਿਹਾ, ‘‘ਬਸਪਾ ਇਕ ਸਿਆਸੀ ਪਾਰਟੀ ਹੋਣ ਦੇ ਨਾਲ-ਨਾਲ ਪਰਮ ਪੂਜਯ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਆਤਮਸਨਮਾਨ ਅਤੇ ਸਵੈ-ਮਾਣ ਦੇ ਮਿਸ਼ਨ ਨੂੰ ਸਮਰਪਿਤ ਅੰਦੋਲਨ ਵੀ ਹੈ, ਜਿਸ ਕਾਰਨ ਚੋਣਾਂ ’ਚ ਪਾਰਟੀ ਦੇ ਉਮੀਦਵਾਰਾਂ ਨੂੰ ਧਿਆਨ ’ਚ ਰਖਦੇ ਹੋਏ ਇਸ ਪਾਰਟੀ ਦੀ ਨੀਤੀ ਅਤੇ ਕਾਰਜਸ਼ੈਲੀ ਦੇਸ਼ ਦੀਆਂ ਪੂੰਜੀਵਾਦੀ ਪਾਰਟੀਆਂ ਤੋਂ ਵੱਖਰੀ ਹੈ, ਜਿਸ ਨੂੰ ਧਿਆਨ ’ਚ ਰਖਦਿਆਂ ਹੀ ਚੋਣਾਂ ’ਚ ਪਾਰਟੀ ਦੇ ਉਮੀਦਵਾਰ ਵੀ ਉਤਾਰਦੀ ਹੈ।’’