
ਅਮਿਤ ਸ਼ਾਹ ਅਤੇ ਚੰਦਰਬਾਬੂ ਨਾਇਡੂ ਆਹਮੋ-ਸਾਹਮਣੇ
ਨਵੀਂ ਦਿੱਲੀ, 24 ਮਾਰਚ: ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਤੇਲਗੂਦੇਸ਼ਮ ਪਾਰਟੀ ਦੇ ਸੱਤਾਧਾਰੀ ਐਨ.ਡੀ.ਏ. 'ਚੋਂ ਵੱਖ ਹੋਣ ਮਗਰੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਅੱਜ ਤੇਲਗੂਦੇਸ਼ਮ ਪਾਰਟੀ ਦੇ ਮੁਖੀ ਅਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਫ਼ੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਇਕਤਰਫ਼ਾ ਕਰਾਰ ਦਿਤਾ।ਅਮਿਤ ਸ਼ਾਹ ਨੇ ਕਿਹਾ ਕਿ ਆਂਧਰ ਪ੍ਰਦੇਸ਼ ਦੇ ਵਿਕਾਸ ਨੂੰ ਲੈ ਕੇ ਮੋਦੀ ਸਰਕਾਰ ਵਚਨਬੱਧ ਹੈ ਅਤੇ ਇਸ 'ਤੇ ਕੋਈ ਸਵਾਲ ਨਹੀਂ ਚੁਕ ਸਕਦਾ।ਜਦਕਿ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਭਾਜਪਾ ਪ੍ਰਧਾਨ ਦੀ ਆਲੋਚਨਾ ਕਰਦਿਆਂ ਕਿਹਾ ਇਹ ਫ਼ੈਸਲਾ ਪੂਰੀ ਤਰ੍ਹਾਂ ਸੂਬੇ ਦੇ ਹਿਤ 'ਚ ਲਿਆ ਗਿਆ ਹੈ ਅਤੇ ਇਸ ਪਿੱਛੇ ਕੋਈ ਸਿਆਸੀ ਸੋਚ ਨਹੀਂ ਸੀ।
Amit Shah
ਸ਼ਾਹ ਨੇ ਇਸ ਬਾਬਤ 16 ਮਾਰਚ ਨੂੰ ਨਾਇਡੂ ਦੇ ਨਾਂ ਚਿੱਠੀ ਲਿਖੀ ਸੀ ਜਿਸ 'ਚ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. 'ਚੋਂ ਟੀ.ਡੀ.ਪੀ. ਦੇ ਵੱਖ ਹੋਣ ਦੇ ਕਾਰਨ ਵਿਸਤਾਰ ਨਾਲ ਦੱਸੇ ਸਨ। ਆਂਧਰ ਪ੍ਰਦੇਸ਼ ਦੀ ਵਿਧਾਨ ਸਭਾ 'ਚ ਮੁੱਦਾ ਚੁਕਦਆਂ ਨਾਇਡੂ ਨੇ ਕਿਹਾ, ''ਸ਼ਾਹ ਨੇ ਜੋ ਲਿਖਿਆ ਹੈ ਉਹ ਝੂਠ ਦਾ ਪੁਲੰਦਾ ਹੈ ਅਤੇ ਅਧੂਰਾ ਸੱਚ ਹੈ। ਇਹ ਨਾ ਸਿਰਫ਼ ਅਪਮਾਨਜਨਕ ਬਲਕਿ ਆਂਧਰ ਪ੍ਰਦੇਸ਼ ਦੇ ਲੋਕਾਂ ਨੂੰ ਭੜਕਾਉਣ ਵਾਲਾ ਵੀ ਹੈ। ਇਸ 'ਚ ਕੋਈ ਮਾਣ ਨਹੀਂ।'' ਮੁੱਖ ਮੰਤਰੀ ਨੇ ਕਿਹਾ ਕਿ ਚਿੱਠੀ 'ਚ ਪ੍ਰਯੋਗ ਕੀਤੀ ਭਾਸ਼ਾ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਵਰਗੀ ਨਹੀਂ ਹੈ। (ਪੀਟੀਆਈ)